ਪੰਜਾਬ ਦੇ ਸਭ ਤੋਂ ਅਮੀਰ ਨਗਰ ਨਿਗਮ ਅਤੇ ਨਗਰ ਕੌਂਸਲਾਂ ਵਜੋਂ ਜਾਣੇ ਜਾਂਦੇ ਮੋਹਾਲੀ, ਜ਼ੀਰਕਪੁਰ, ਡੇਰਾਬੱਸੀ, ਕੁਰਾਲੀ ਅਤੇ ਖਰੜ ਵਿੱਚ ਸੱਤਾਧਾਰੀ ਆਮ ਆਦਮੀ ਪਾਰਟੀ (AAP) ਨੇ ਕਬਜ਼ਾ ਕਰ ਲਿਆ ਹੈ। AAP ਦੇ ਉਭਾਰ ਦਾ ਸਭ ਤੋਂ ਵੱਡਾ ਨੁਕਸਾਨ ਵਿਰੋਧੀ ਪਾਰਟੀ ਕਾਂਗਰਸ ਨੂੰ ਝੱਲਣਾ ਪਿਆ ਹੈ, ਕਿਉਂਕਿ ਇਹ ਸਾਰੀਆਂ ਨਗਰ ਨਿਗਮ ਅਤੇ ਨਗਰ ਕੌਂਸਲਾਂ ਕਾਂਗਰਸ ਦੇ ਹੱਥੋਂ ਨਿਕਲ ਗਈਆਂ ਹਨ।

ਕਾਂਗਰਸ ਨੂੰ 12, ਅਕਾਲੀ ਦਲ ਨੂੰ ਚਾਰ, ਆਜ਼ਾਦ ਉਮੀਦਵਾਰ 4 ਅਤੇ ਭਾਜਪਾ ਨੂੰ ਤਿੰਨ ਸੀਟਾਂ ਮਿਲੀਆਂ
ਦਰਸ਼ਨ ਸਿੰਘ ਸੋਢੀ, ਪੰਜਾਬੀ ਜਾਗਰਣ, ਮੁਹਾਲੀ : ਮੁਹਾਲੀ ਨਗਰ ਨਿਗਮ ਦੀਆਂ ਚੋਣਾਂ ਵਿਚ ਸੱਤਾਧਾਰੀ ਆਮ ਆਦਮੀ ਪਾਰਟੀ (ਆਪ) ਵੱਲੋਂ ਬਹੁਮਤ ਹਾਸਲ ਕਰਨ ਨਾਲ ਹਲਕਾ ਵਿਧਾਇਕ ਕੁਲਵੰਤ ਸਿੰਘ ਬਾਗੋਬਾਗ ਹੋ ਗਏ ਹਨ। ‘ਆਪ’ ਵਿਧਾਇਕ ਦੇ ਸਪੁੱਤਰ ਸਰਬਜੀਤ ਸਿੰਘ ਸਮਾਣਾ ਸਮੇਤ ਪਾਰਟੀ ਦੇ 26 ਉਮੀਦਵਾਰਾਂ ਨੇ ਜਿੱਤ ਹਾਸਲ ਕਰਕੇ ਵਿਰੋਧੀਆਂ ਦੇ ਮੂੰਹ ਬੰਦ ਕਰ ਦਿੱਤੇ ਹਨ। ‘ਆਪ’ ਨੂੰ ਸਪੱਸ਼ਟ ਬਹੁਮਤ ਮਿਲਣ ਕਾਰਨ ਹੁਣ ਨਗਰ ਨਿਗਮ ’ਤੇ ਵੀ ‘ਆਪ’ ਦਾ ਕਬਜ਼ਾ ਹੋ ਗਿਆ ਹੈ। ਜਦੋਂਕਿ ਪਿਛਲੀ ਵਾਰ ਤਿੰਨ ਚੌਥਾਈ ਸੀਟਾਂ ਜਿੱਤ ਕੇ ਮੇਅਰ, ਸੀਨੀਅਰ ਡਿਪਟੀ ਮੇਅਰ ਅਤੇ ਡਿਪਟੀ ਮੇਅਰ ਬਣਾਉਣ ਵਾਲੀ ਕਾਂਗਰਸ ਨੂੰ ਐਤਕੀਂ ਬੁਰੀ ਤਰ੍ਹਾਂ ਹਾਰ ਦਾ ਸਾਹਮਣਾ ਕਰਨਾ ਪਿਆ ਹੈ। ਸਾਬਕਾ ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਆਪਣੇ ਬੇਟੇ ਕੰਵਰਬੀਰ ਸਿੰਘ ਰੂਬੀ ਸਿੱਧੂ ਦੀ ਸੀਟ ਬਚਾਉਣ ਵਿਚ ਬੁਰੀ ਤਰ੍ਹਾਂ ਨਾਕਾਮ ਰਹੇ ਹਨ। ਉਨ੍ਹਾਂ ਨੂੰ ਆਪਣੇ ਮੁਹੱਲੇ ਵਿਚ ਹਾਰ ਦਾ ਮੂੰਹ ਦੇਖਣਾ ਪਿਆ ਹੈ। ਅਕਾਲੀ ਦਲ ਅਤੇ ਭਾਜਪਾ ਦਾ ਪ੍ਰਦਰਸ਼ਨ ਵੀ ਕਾਫ਼ੀ ਨਿਰਾਸ਼ਾਜਨਕ ਰਿਹਾ ਹੈ। ਅਕਾਲੀ ਦਲ ਚਾਰ ਅਤੇ ਭਾਜਪਾ ਨੂੰ ਤਿੰਨ ਜਿਹੜੀਆਂ ਸੀਟਾਂ ਹਾਸਲ ਹੋਈਆਂ ਵੀ ਹਨ, ਉਹ ਵੀ ਉਮੀਦਵਾਰਾਂ ਦੇ ਆਪਣੇ ਚੰਗੇ ਸਰੂਖ ਕਰਕੇ ਜਿੱਤੀਆਂ ਗਈਆਂ ਹਨ।
ਨਗਰ ਨਿਗਮ ਚੋਣਾਂ ਦਾ ਐਲਾਨ ਹੁੰਦੇ ਹੀ ਸਿਆਸੀ ਹਲਕਿਆਂ ਵਿਚ ਇਹ ਗੱਲ ਬੜੇ ਦਾਅਵੇ ਨਾਲ ਪ੍ਰਚਾਰੀ ਜਾ ਰਹੀ ਸੀ ਕਿ ਅਕਾਲੀ ਆਗੂ ਕੁਲਦੀਪ ਕੌਰ ਕੰਗ ਅਤੇ ਐਡਵੋਕੇਟ ਸੁਖਬੀਰ ਸਿੰਘ ਗਿੱਲ ਅਤੇ ਆਜ਼ਾਦ ਚੋਣ ਲੜਨ ਵਾਲੇ ਸੀਨੀਅਰ ਅਕਾਲੀ ਆਗੂ ਪਰਮਜੀਤ ਸਿੰਘ ਕਾਹਲੋਂ ਪੱਕਾ ਚੋਣ ਜਿੱਤਣਗੇ। ਜਦੋਂਕਿ ਫੇਜ਼-9 ਵਿਚ ਅਕਾਲੀ ਦਲ ਦੀ ਫੁੱਟ ਕਾਰਨ ਪਾਰਟੀ ਚੋਣ ਹਾਰੀ ਹੈ। ਕਿਉਂਕਿ ਇੱਥੇ ਅਕਾਲੀ ਦਲ ਦੇ ਜ਼ਿਲ੍ਹਾ ਮੁਹਾਲੀ ਸ਼ਹਿਰੀ ਦੇ ਸਾਬਕਾ ਪ੍ਰਧਾਨ ਕਮਲਜੀਤ ਸਿੰਘ ਰੂਬੀ ਨੂੰ ਟਿਕਟ ਨਹੀਂ ਦਿੱਤੀ ਗਈ। ਜਿਸ ਉਹ ਬਾਗੀ ਹੋ ਕੇ ਆਜ਼ਾਦ ਉਮੀਦਵਾਰ ਵਜੋਂ ਮੈਦਾਨ ਵਿਚ ਉਤਰ ਗਏ। ਉਹ ਭਾਵੇਂ ਖ਼ੁਦ ਤਾਂ ਚੋਣ ਜਿੱਤੇ ਪ੍ਰੰਤੂ ਪਾਰਟੀ ਉਮੀਦਵਾਰ ਨੂੰ ਵੀ ਨਾਲ ਲੈ ਡੁੱਬੇ।
ਵਿਧਾਇਕ ਕੁਲਵੰਤ ਸਿੰਘ ਨੇ ਚੋਣ ਨਤੀਜਿਆਂ ਬਾਰੇ ਸੰਤੁਸ਼ਟੀ ਪ੍ਰਗਟ ਕਰਦਿਆਂ ਕਿਹਾ ਕਿ ਸ਼ਹਿਰ ਵਾਸੀਆਂ ਨੇ ਪੰਜਾਬ ਸਰਕਾਰ ਦੇ ਵਿਕਾਸ ਕੰਮਾਂ 'ਤੇ ਮੋਹਰ ਲਗਾਈ ਹੈ।
ਵਾਰਡ ਨੰ. 1 ਤੋਂ ਕਾਂਗਰਸ ਦੇ ਉਮੀਦਵਾਰ ਚਰਨਜੀਤ ਕੌਰ 436 ਵੋਟਾਂ ਦੇ ਫਰਕ ਨਾਲ ਚੋਣ ਜਿੱਤੀ। ਵਾਰਡ ਨੰ. 2 ਤੋਂ ਆਪ ਉਮੀਦਵਾਰ ਆਰਪੀ ਸ਼ਰਮਾ 807 ਵੋਟਾਂ ਨਾਲ ਜਿੱਤ ਹਾਸਲ ਕੀਤੀ, ਵਾਰਡ ਨੰ. 3 ਤੋਂ ਆਪ ਉਮੀਦਵਾਰ ਗੁਰਮੀਤ ਕੌਰ ਨੇ 162 ਵੋਟਾਂ, ਵਾਰਡ ਨੰਬਰ 4 ਤੋਂ ਆਪ ਉਮੀਦਵਾਰ ਹਰਬਿੰਦਰ ਸਿੰਘ 142 ਵੋੋਟਾਂ, ਵਾਰਡ ਨੰ. 5 ਤੋਂ ਆਪ ਉਮੀਦਵਾਰ ਅਰਵਿੰਦਰ ਕੌਰ 444 ਵੋਟਾਂ, ਵਾਰਡ ਨੰ. 6 ਤੋਂ ਆਪ ਉਮੀਦਵਾਰ ਡਾ. ਸੰਨੀ ਆਹਲੂਵਾਲੀਆ 269 ਵੋਟਾਂ, ਵਾਰਡ ਨੰ. 7 ਤੋਂ ਅਕਾਲੀ ਉਮੀਦਵਾਰ ਇੰਦਰਪ੍ਰੀਤ ਕੌਰ ਪ੍ਰਿੰਸ 533 ਵੋਟਾਂ, ਵਾਰਡ ਨੰ. 8 ਤੋਂ ਆਪ ਉਮੀਦਵਾਰ ਗੁਰਮੁੱਖ ਸਿੰਘ ਸੋਹਲ 433 ਵੋਟਾਂ ਅਤੇ ਵਾਰਡ ਨੰ. 9 ਤੋਂ ਅਕਾਲੀ ਦਲ ਦੀ ਉਮੀਦਵਾਰ ਕੁਲਦੀਪ ਕੌਰ ਕੰਗ 112 ਵੋਟਾਂ ਦੇ ਫਰਕ ਨਾਲ ਜੇਤੂ ਰਹੇ।
ਵਾਰਡ ਨੰ. 10 ਤੋਂ ਆਜ਼ਾਦ ਉਮੀਦਵਾਰ ਪਰਮਜੀਤ ਸਿੰਘ ਕਾਹਲੋਂ 131 ਵੋਟਾਂ ਵੱਧ ਲੈ ਕੇ ਚੋਣ ਜਿੱਤ ਗਏ। ਉਨ੍ਹਾਂ ਨੇ ਸਾਬਕਾ ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਦੇ ਬੇਟੇ ਰੂਬੀ ਸਿੱਧੂ ਨੂੰ ਹਰਾਇਆ ਹੈ। ਵਾਰਡ ਨੰ. 11 ਤੋਂ ਆਪ ਉਮੀਦਵਾਰ ਹਰਵਿੰਦਰ ਕੌਰ ਲੰਗ 192 ਵੋਟਾਂ ਨਾਲ ਜੇਤੂ ਰਹੇ ਹਨ। ਵਾਰਡ ਨੰ. 12 ਤੋਂ ਕਾਂਗਰਸੀ ਉਮੀਦਵਾਰ ਅਨੁਰਾਧਾ ਅਨੰਦ 829 ਵੋਟਾਂ ਅਤੇ ਵਾਰਡ ਨੰ. 13 ਤੋਂ ਆਜ਼ਾਦ ਉਮੀਦਵਾਰ ਕੁਲਦੀਪ ਕੌਰ ਧਨੋਆ 589 ਵੋਟਾਂ ਨਾਲ ਜੇਤੂ ਰਹੇ। ਵਾਰਡ ਨੰ. 14 ਤੋਂ ਕਾਂਗਰਸ ਦੇ ਉਮੀਦਵਾਰ ਕਮਲਪ੍ਰੀਤ ਸਿੰਘ ਬਨੀ 90 ਵੋਟਾਂ ਦੇ ਫਰਕ ਨਾਲ ਚੋਣ ਜਿੱਤ ਗਏ।
ਵਾਰਡ ਨੰ. 15 ਤੋਂ ਕਾਂਗਰਸ ਦੀ ਜਤਿੰਦਰ ਕੌਰ 320 ਵੋਟਾਂ ਨਾਲ ਜੇਤੂ, ਵਾਰਡ ਨੰ. 16 ਤੋਂ ‘ਆਪ’ ਉਮੀਦਵਾਰ ਅਮਰਜੀਤ ਸਿੰਘ 154 ਵੋਟਾਂ ਨਾਲ ਜੇਤੂ। ਵਾਰਡ ਨੰ. 17 ਤੋਂ ਆਪ ਦੇ ਉਮੀਦਵਾਰ ਨੀਤੂ 119 ਵੋਟਾਂ ਅਤੇ ਵਾਰਡ ਨੰ. 18 ਤੋਂ ਕਾਂਗਰਸ ਦੇ ਉਮੀਦਵਾਰ ਨਰਪਿੰਦਰ ਸਿੰਘ ਰੰਗੀ 123 ਵੋਟਾਂ ਨਾਲ ਜੇਤੂ ਰਹੇ। ਵਾਰਡ ਨੰ. 19 ਤੋਂ ਆਜ਼ਾਦ ਉਮੀਦਵਾਰ ਓਪਿੰਦਰਪ੍ਰੀਤ ਕੌਰ ਗਿੱਲ 206 ਵੋਟਾਂ ਲੈ ਕੇ ਜੇਤੂ ਰਹੇ। ਵਾਰਡ ਨੰ. 20 ਤੋਂ ਕਾਂਗਰਸ ਦੇ ਗੌਰਵ ਜੈਨ 39 ਵੋਟਾਂ ਨਾਲ ਜੇਤੂ ਰਹੇ ਅਤੇ ਵਾਰਡ ਨੰ. 21 ਉਸ ਦੀ ਮਾਂ ਸ੍ਰੀਮਤੀ ਰਾਜ ਰਾਣੀ ਜੈਨ 261 ਵੋਟਾਂ ਨਾਲ ਜੇਤੂ, ਵਾਰਡ ਨੰ. 22 ਤੋਂ ਅਕਾਲੀ ਦਲ ਦੇ ਹਰਵਿੰਦਰ ਸਿੰਘ 27 ਵੋਟਾਂ ਨਾਲ ਜੇਤੂ ਰਹੇ। ਵਾਰਡ ਨੰ. 23 ਤੋਂ ਉਮੀਦਵਾਰ ਨੇ ਜਿੱਤ ਹਾਸਲ ਕੀਤੀ। ਵਾਰਡ ਨੰ. 24 ਤੋਂ ਆਪ ਉਮੀਦਵਾਰ ਨਸੀਬ ਸਿੰਘ ਸੰਧੂ 46 ਵੋਟਾਂ, ਵਾਰਡ ਨੰ. 25 ਤੋਂ ਕਾਂਗਰਸ ਦੀ ਮਨਜੀਤ ਕੌਰ 232 ਵੋਟਾਂ ਨਾਲ ਜੇਤੂ ਰਹੇ। ਵਾਰਡ ਨੰ. 26 ਤੋਂ ਆਪ ਉਮੀਦਵਾਰ ਸਤਵਿੰਦਰ ਸਿੰਘ 97 ਵੋਟਾਂ ਨਾਲ ਜੇਤੂ ਰਹੇ। ਵਾਰਡ ਨੰ. 27 ਤੋਂ ਕਾਂਗਰਸ ਦੇ ਉਮੀਦਵਾਰ ਪਰਵਿੰਦਰ ਕੌਰ ਨੇ 545 ਵੋਟਾਂ ਦੇ ਫਰਕ ਨਾਲ ਚੋਣ ਜਿੱਤੀ। ਵਾਰਡ ਨੰ. 28 ਤੋਂ ਆਪ ਦੇ ਉਮੀਦਵਾਰ ਰਵਿੰਦਰ ਸਿੰਘ ਬਿੰਦਰਾ 40 ਵੋਟਾਂ ਅਤੇ ਵਾਰਡ ਨੰ. 29 ਤੋਂ ਆਪ ਉਮੀਦਵਾਰ ਰਮਨਪ੍ਰੀਤ ਕੌਰ ਕੁੰਭੜਾ 107 ਵੋਟਾਂ ਦੇ ਫਰਕ ਨਾਲ ਜੇਤੂ ਰਹੇ। ਵਾਰਡ ਨੰ. 30 ਤੋਂ ਕਾਂਗਰਸ ਦੇ ਉਮੀਦਵਾਰ ਹਰਜੀਤ ਸਿੰਘ ਭੋਲੂ 701 ਵੋਟਾਂ ਨਾਲ ਚੋਣ ਜਿੱਤੇ। ਵਾਰਡ ਨੰ. 31 ਤੋਂ ਆਪ ਉਮੀਦਵਾਰ ਅਰੁਣਾ ਸ਼ਰਮਾ ਵਸ਼ਿਸ਼ਟ 64 ਵੋਟਾਂ, ਵਾਰਡ ਨੰ. 32 ਤੋਂ ਆਪ ਉਮੀਦਵਾਰ ਗੁਰਜੀਤ ਸਿੰਘ 410 ਵੋਟਾਂ, ਵਾਰਡ ਨੰ. 33 ਤੋਂ ਆਪ ਉਮੀਦਵਾਰ ਗੁਰਪ੍ਰੀਤ ਕੌਰ 309 ਵੋਟਾਂ, ਵਾਰਡ ਨੰ. 34 ਤੋਂ ਆਪ ਉਮੀਦਵਾਰ ਸੁਖਦੇਵ ਸਿੰਘ ਪਟਵਾਰੀ 67 ਵੋਟਾਂ ਨਾਲ ਚੋਣ ਜਿੱਤ ਗਏ। ਵਾਰਡ ਨੰ. 35 ਤੋਂ ਆਜ਼ਾਦ ਉਮੀਦਵਾਰ ਕੁਲਵਿੰਦਰ ਕੌਰ ਮਟੌਰ 89 ਵੋਟਾਂ ਅਤੇ ਵਾਰਡ ਨੰ. 36 ਤੋਂ ਆਪ ਉਮੀਦਵਾਰ ਹਰਪਾਲ ਸਿੰਘ ਚੰਨਾ 364 ਵੋਟਾਂ ਨਾਲ ਜੇਤੂ ਰਹੇ।
ਵਾਰਡ ਨੰ. 37 ਤੋਂ ਕਾਂਗਰਸ ਦੇ ਉਮੀਦਵਾਰ ਬਲਜੀਤ ਕੌਰ 882 ਵੋਟਾਂ ਦੇ ਫਰਕ ਨਾਲ ਜੇਤੂ ਰਹੇ। ਵਾਰਡ ਨੰ. 38 ਤੋਂ ਆਪ ਦੇ ਉਮੀਦਵਾਰ ਬਚਨ ਸਿੰਘ ਬੋਪਾਰਾਏ 508 ਵੋਟਾਂ, ਵਾਰਡ ਨੰ. 39 ਤੋਂ ਆਪ ਉਮੀਦਵਾਰ ਸ਼ਰਨਜੀਤ ਕੌਰ ਸੋਹਾਣਾ 357 ਵੋਟਾਂ, ਵਾਰਡ ਨੰ. 40 ਤੋਂ ਆਪ ਉਮੀਦਵਾਰ ਕਮਲਜੀਤ ਕੌਰ 343 ਵੋਟਾਂ ਨਾਲ ਜੇਤੂ ਰਹੇ। ਵਾਰਡ ਨੰ. 41 ਤੋਂ ਭਾਜਪਾ ਉਮੀਦਵਾਰ ਗੁਰਪ੍ਰੀਤ ਕੌਰ 39 ਵੋਟਾਂ ਦੇ ਫਰਕ ਨਾਲ ਜੇਤੂ ਰਹੇ।
ਵਾਰਡ ਨ. 42 ਤੋਂ ਆਪ ਵਿਧਾਇਕ ਕੁਲਵੰਤ ਸਿੰਘ ਦੇ ਬੇਟੇ ਸਰਬਜੀਤ ਸਿੰਘ ਸਮਾਣਾ 458 ਵੋਟਾਂ ਨਾਲ ਚੋਣ ਜਿੱਤੇ। ਵਾਰਡ ਨੰ. 43 ਤੋਂ ਆਪ ਉਮੀਦਵਾਰ ਰਮਨਦੀਪ ਕੌਰ 560 ਵੋਟਾਂ ਦੇ ਫਰਕ ਨਾਲ ਜੇਤੂ ਰਹੇ। ਵਾਰਡ ਨੰ. 44 ਤੋਂ ਅਕਾਲੀ ਉਮੀਦਵਾਰ ਸੁਖਬੀਰ ਸਿੰਘ ਗਿੱਲ 166 ਵੋਟਾਂ ਨਾਲ ਜੇਤੂ ਰਹੇ। ਵਾਰਡ ਨੰ. 45 ਤੋਂ ਆਪ ਉਮੀਦਵਾਰ ਪਰਮਿੰਦਰ ਕੌਰ 259 ਵੋਟਾਂ ਦੇ ਫਰਕ ਨਾਲ ਜੇਤੂ ਰਹੇ। ਵਾਰਡ ਨੰ. 46 ਤੋਂ ਕਾਂਗਰਸ ਦੇ ਅਮਨ ਕੁਮਾਰ ਪਾਸਵਾਨ 114 ਵੋਟਾਂ ਨਾਲ ਜਿੱਤੇ ਹਨ, ਜਦੋਂਕਿ ਵਾਰਡ ਨੰ. 47 ਤੋਂ ਆਪ ਦੇ ਪਰਮਿੰਦਰ ਕੌਰ 1 ਵੋਟ ਵੱਧ ਲੈ ਕੇ ਚੋਣ ਜਿੱਤ ਗਏ। ਵਾਰਡ ਨੰ. 48 ਤੋਂ ਭਾਜਪਾ ਉਮੀਦਵਾਰ ਕੁਲਦੀਪ ਸਿੰਘ ਬਿੱਟੂ 56 ਵੋਟਾਂ, ਵਾਰਡ ਨੰ. 49 ਤੋਂ ਭਾਜਪਾ ਉਮੀਦਵਾਰ ਬਿਮਲੇਸ਼ ਦੇਵੀ 94 ਵੋਟਾਂ ਨਾਲ ਚੋਣ ਜਿੱਤੇ। ਵਾਰਡ ਨੰ. 50 ਤੋਂ ਆਪ ਉਮੀਦਵਾਰ ਹਰਪਾਲ ਸਿੰਘ ਬਰਾੜ 134 ਵੋਟਾਂ ਦੇ ਫਰਕ ਨਾਲ ਜੇਤੂ ਰਹੇ।
ਮੁਹਾਲੀ ਦੇ ਵਾਰਡ ਨੰ. 23 ਦੀਆਂ ਵੋਟਾਂ ਦੀ ਗਿਣਤੀ ਨੂੰ ਲੈ ਕੇ ‘ਆਪ’ ਉਮੀਦਵਾਰ ਰਜਨੀ ਗੋਇਲ ਅਤੇ ਕਾਂਗਰਸ ਦੇ ਉਮੀਦਵਾਰ ਮਨਿੰਦਰ ਕੌਰ ਦੇ ਸਮਰਥਕਾਂ ਵਿਚ ਪੇਚਾ ਫਸ ਗਿਆ ਹੈ। ਕਾਂਗਰਸ ਉਮੀਦਵਾਰ ਦੇ ਇਕ ਸਮਰਥਕ ਤੇ ਮੁਲਾਜ਼ਮ ਆਗੂ ਕੁਲਦੀਪ ਚੰਦ ਵੱਲੋਂ ਵਾਰ-ਵਾਰ ਇਤਰਾਜ਼ ਲਗਾਉਣ ਕਾਰਨ ਗਿਣਤੀ ਕੇਂਦਰ ਦਾ ਸਟਾਫ਼ ਤੰਗ ਪ੍ਰੇਸ਼ਾਨ ਹੋ ਗਿਆ ਹੈ। ਇਤਰਾਜ਼ਾਂ ਤੋਂ ਅੱਕੇ ਸਟਾਫ਼ ਨੇ ਫਿਲਹਾਲ ਵਾਰਡ ਨੰ. 23 ਦੀਆਂ ਵੋਟਾਂ ਦੀ ਗਿਣਤੀ ਦਾ ਕੰਮ ਰੋਕ ਦਿੱਤਾ ਹੈ। ਸਰਕਾਰੀ ਬੁਲਾਰੇ ਨੇ ਦੱਸਿਆ ਕਿ ਇਹ ਮਾਮਲਾ ਸੀਨੀਅਰ ਅਧਿਕਾਰੀ ਦੇ ਧਿਆਨ ਵਿਚ ਹੈ। ਸੀਨੀਅਰ ਅਧਿਕਾਰੀਆਂ ਦੇ ਦਿਸ਼ਾ ਨਿਰੇਦਸ਼ਾਂ ਮੁਤਾਬਕ ਅਗਲੀ ਕਾਰਵਾਈ ਕੀਤੀ ਜਾਵੇਗੀ।