ਵਿਧਾਇਕ ਕੁਲਵੰਤ ਸਿੰਘ ਨੇ ਪਰਿਵਾਰ ਸਣੇ ਲਾਈਨ ’ਚ ਲੱਗ ਕੇ ਪਾਈ ਵੋਟ
‘ਆਪ’ ਵਿਧਾਇਕ ਕੁਲਵੰਤ ਸਿੰਘ ਨੇ ਪਰਿਵਾਰ ਸਣੇ ਲਾਈਨ ਵਿਚ ਲੱਗ ਕੇ ਪਾਈ ਵੋਟ
Publish Date: Tue, 26 May 2026 07:02 PM (IST)
Updated Date: Wed, 27 May 2026 04:07 AM (IST)

ਦਰਸ਼ਨ ਸਿੰਘ ਸੋਢੀ, ਪੰਜਾਬੀ ਜਾਗਰਣ, ਮੁਹਾਲੀ : ਮੁਹਾਲੀ ਨਗਰ ਨਿਗਮ ਦੀਆਂ ਅੱਜ ਹੋਈਆਂ ਚੋਣਾਂ ਦੌਰਾਨ ਆਮ ਆਦਮੀ ਪਾਰਟੀ (ਆਪ) ਦੇ ਵਿਧਾਇਕ ਕੁਲਵੰਤ ਸਿੰਘ ਨੇ ਆਪਣੇ ਪਰਿਵਾਰ ਸਣੇ ਲਾਈਨ ’ਚ ਲੱਗ ਕੇ ਵੋਟ ਪਾਈ। ਉਨ੍ਹਾਂ ਨੇ ਨਿਵੇਕਲੀ ਪਿਰਤ ਪਾਉਂਦਿਆਂ ਲੋਕਤੰਤਰ ਦੀ ਖ਼ੂਬਸੂਰਤ ਤਸਵੀਰ ਪੇਸ਼ ਕੀਤੀ ਹੈ। ਉਨ੍ਹਾਂ ਇਸ ਪਹਿਲਕਦਮੀ ਨਾਲ ਸਮਾਜ ਨੂੰ ਇਕ ਚੰਗਾ ਸੁਨੇਹਾ ਦੇਣ ਦੀ ਕੋਸ਼ਿਸ਼ ਕੀਤੀ। ਜਾਣਕਾਰੀ ਅਨੁਸਾਰ ਵਿਧਾਇਕ ਕੁਲਵੰਤ ਸਿੰਘ ਮੰਗਲਵਾਰ ਨੂੰ ਸਵੇਰੇ ਕਰੀਬ ਸਵਾ ਕੁ 8 ਵਜੇ ਆਪਣੇ ਪਰਿਵਾਰ ਨਾਲ ਸੈਕਟਰ-89 ਸਥਿਤ ਸਰਕਾਰੀ ਪ੍ਰਾਇਮਰੀ ਸਕੂਲ ਲਖਨੌਰ ਦੇ ਪਲਿੰਗ ਬੂਥ ’ਤੇ ਪਹੁੰਚੇ ਤੇ ਵੀਆਈਪੀ ਟਰੀਟਮੈਂਟ ਲੈਣ ਦੀ ਬਜਾਏ ਉਹ ਪਹਿਲਾਂ ਤੋਂ ਲੱਗੀ ਵੋਟਰਾਂ ਦੀ ਲਾਈਨ ਵਿਚ ਖੜ੍ਹੇ ਹੋ ਗਏ ਤੇ ਵਾਰੀ ਆਉਣ ’ਤੇ ਪਰਿਵਾਰ ’ਚੋਂ ਸਭ ਤੋਂ ਪਹਿਲਾਂ ਵਿਧਾਇਕ ਕੁਲਵੰਤ ਸਿੰਘ, ਫਿਰ ਉਨ੍ਹਾਂ ਦੀ ਪਤਨੀ, ਬੇਟਾ ਸਰਬਜੀਤ ਸਿੰਘ ਸਮਾਣਾ, ਨੂੰਹ ਰੁਪਾਂਜਲੀ ਤੇ ਵੱਡਾ ਬੇਟਾ ਮਨਪ੍ਰੀਤ ਸਿੰਘ ਨੇ ਵੋਟ ਪਾਈ। ਉਨ੍ਹਾਂ ਦੀ ਇਸ ਪਹਿਲਕਦਮੀ ਦੀ ਪੋਲਿੰਗ ਬੂਥ ’ਤੇ ਵੋਟ ਪਾਉਣ ਆਏ ਸ਼ਹਿਰੀਆਂ ਨੇ ਕਾਫ਼ੀ ਸ਼ਲਾਘਾ ਕੀਤੀ। ਕਾਬਿਲੇਗੌਰ ਹੈ ਕਿ ਇਸ ਖੇਤਰ ’ਚ ਵਾਰਡ ਨੰ. 42 ਤੋਂ ਵਿਧਾਇਕ ਦਾ ਬੇਟਾ ਸਰਬਜੀਤ ਸਿੰਘ ਸਮਾਣਾ ‘ਆਪ’ ਉਮੀਦਵਾਰ ਵਜੋਂ ਚੋਣ ਲੜ ਰਹੇ ਹਨ। ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਵਿਧਾਇਕ ਕੁਲਵੰਤ ਸਿੰਘ ਨੇ ਕਿਹਾ ਕਿ ਉਹ ਵੀ ਇਕ ਆਮ ਨਾਗਰਿਕ ਹੀ ਹਨ ਤੇ ਉਨ੍ਹਾਂ ਨੂੰ ਆਪਣੇ ਲੋਕਾਂ ਨਾਲ ਲਾਈਨ ’ਚ ਖੜ੍ਹਾ ਹੋ ਕੇ ਆਪਣੀ ਵਾਰੀ ਦਾ ਇੰਤਜ਼ਾਰ ਕਰਨਾ ਬਹੁਤ ਵਧੀਆ ਲੱਗਿਆ ਹੈ। ਉਨ੍ਹਾਂ ਕਿਹਾ ਕਿ ਸ਼ਹਿਰ ਵਾਸੀਆਂ ਨੇ ਸਾਲ 1995 ’ਚ ਉਸ ਨੂੰ ਪਹਿਲੀ ਵਾਰ ਕੌਂਸਲਰ ਚੁਣਿਆ ਗਿਆ ਸੀ। ਇਸ ਤੋਂ ਬਾਅਦ ਉਹ ਨਗਰ ਕੌਂਸਲ ਦੇ ਪ੍ਰਧਾਨ ਬਣੇ। ਸਾਲ 2015 ’ਚ ਮੁਹਾਲੀ ਦਾ ਪਹਿਲਾ ਮੇਅਰ ਬਣਾਇਆ ਗਿਆ ਤੇ 2022 ਵਿਚ ਇਲਾਕੇ ਦੇ ਲੋਕਾਂ ਨੇ ਉਸ ਨੂੰ ਐੱਮਐੱਲਏ ਦੀ ਚੋਣ ਜਤਾਈ। ਉਨ੍ਹਾਂ ਕਿਹਾ ਕਿ ਉਹ ਸ਼ਹਿਰ ਵਾਸੀਆਂ ਦਾ ਦੇਣਾ ਨਹੀਂ ਦੇ ਸਕਦੇ। ਉਨ੍ਹਾਂ ਕਿਹਾ ਕਿ ਨਿਗਮ ਚੋਣਾਂ ਸਬੰਧੀ ਚੋਣ ਪ੍ਰਚਾਰ ਦੌਰਾਨ ਆਮ ਸ਼ਹਿਰੀਆਂ ਦਾ ਭਰਵਾਂ ਸਹਿਯੋਗ ਮਿਲਿਆ ਹੈ। ਬਾਕਸ : ਜੂਨ ਦੇ ਪਹਿਲੇ ਹਫ਼ਤੇ ਮੁਹਾਲੀ ਦਾ ਮੇਅਰ ਵੀ ‘ਆਪ’ ਦਾ ਹੋਵੇਗਾ : ਵਿਧਾਇਕ ਵਿਧਾਇਕ ਕੁਲਵੰਤ ਸਿੰਘ ਨੇ ਦਾਅਵਾ ਕੀਤਾ ਕਿ ਮੁਹਾਲੀ ਨਿਗਮ ਚੋਣਾਂ ’ਚ ਆਮ ਆਦਮੀ ਪਾਰਟੀ ਦੇ ਉਮੀਦਵਾਰ ਵੱਡੇ ਅੰਤਰ ਨਾਲ ਚੋਣ ਜਿੱਤਣਗੇ ਤੇ ਜੂਨ ਦੇ ਪਹਿਲੇ ਹਫ਼ਤੇ ਮੁਹਾਲੀ ਦਾ ਮੇਅਰ ਵੀ ‘ਆਪ’ ਦਾ ਹੋਵੇਗਾ। ਇਸ ਮਗਰੋਂ ਸ਼ਹਿਰ ਦੇ ਸਰਬਪੱਖੀ ਵਿਕਾਸ ਲਈ ਕੋਈ ਕਸਰ ਬਾਕੀ ਨਹੀਂ ਛੱਡੀ ਜਾਵੇਗੀ। ਉਨ੍ਹਾਂ ਕਿਹਾ ਕਿ ਯੋਜਨਾਬੱਧ ਤਰੀਕੇ ਨਾਲ ਸ਼ਹਿਰ ਦਾ ਵਿਕਾਸ ਯਕੀਨੀ ਬਣਾਇਆ ਜਾਵੇਗਾ ਤੇ ਨਵੇਂ ਇਲਾਕਿਆਂ ਤੇ ਪੇਂਡੂ ਖੇਤਰ ਦੇ ਲੋਕਾਂ ਨੂੰ ਸ਼ਹਿਰੀ ਸਹੂਲਤਾਂ ਪ੍ਰਦਾਨ ਕੀਤੀਆਂ ਜਾਣਗੀਆਂ। ਉਨ੍ਹਾਂ ਕਿਹਾ ਕਿ ਜਿਸ ਤਰੀਕੇ ਨਾਲ ਸ਼ਹਿਰ ਵਾਸੀਆਂ ਨੇ ‘ਆਪ’ ਨੂੰ ਭਰਵਾਂ ਸਹਿਯੋਗ ਦਿੱਤਾ ਹੈ, ਉਸ ਨੂੰ ਹਮੇਸ਼ਾ ਯਾਦ ਰੱਖਿਆ ਜਾਵੇਗਾ ਤੇ ਲੋਕਾਂ ਦੇ ਚੁਣੇ ਹੋਏ ਨੁਮਾਇੰਦਿਆਂ ਦੀ ਸਲਾਹ ਨਾਲ ਵਿਕਾਸ ਯੋਜਨਾਵਾਂ ਉਲੀਕੀਆਂ ਜਾਣਗੀਆਂ।