ਕੋਠੀ ਦੀ ਪਹਿਲੀ ਮੰਜ਼ਿਲ ’ਤੇ ਲੱਗੀ ਭਿਆਨਕ ਅੱਗ
ਕੋਠੀ ਦੀ ਪਹਿਲੀ ਮੰਜ਼ਿਲ 'ਤੇ ਲੱਗੀ ਭਿਆਨਕ ਅੱਗ, ਘਰੇਲੂ ਸਾਮਾਨ ਸੜ ਕੇ ਸੁਆਹ, ਫਾਇਰ ਬ੍ਰਿਗੇਡ ਨੇ ਪਾਇਆ ਕਾਬੂ
Publish Date: Mon, 18 May 2026 10:28 PM (IST)
Updated Date: Mon, 18 May 2026 10:30 PM (IST)

- ਘਰੇਲੂ ਸਾਮਾਨ ਸੜ ਕੇ ਸੁਆਹ, ਫਾਇਰ ਬ੍ਰਿਗੇਡ ਨੇ ਪਾਇਆ ਕਾਬੂ ਅਮਰਜੀਤ ਸਿੰਘ, ਪੰਜਾਬੀ ਜਾਗਰਣ ਮੁਹਾਲੀ : ਸਥਾਨਕ ਫੇਜ਼ 11 ਸਥਿਤ ਕੋਠੀ ਦੀ ਪਹਿਲੀ ਮੰਜ਼ਿਲ ’ਤੇ ਅਚਾਨਕ ਅੱਗ ਲੱਗ ਜਾਣ ਕਾਰਨ ਇਲਾਕੇ ਵਿਚ ਡਰ ਅਤੇ ਸਹਿਮ ਦਾ ਮਾਹੌਲ ਬਣ ਗਿਆ। ਇਸ ਹਾਦਸੇ ਵਿਚ ਕੋਠੀ ਦੀ ਪਹਿਲੀ ਮੰਜ਼ਿਲ ’ਤੇ ਪਿਆ ਘਰੇਲੂ ਸਾਮਾਨ ਸੜ ਕੇ ਸੁਆਹ ਹੋ ਗਿਆ। ਜਾਣਕਾਰੀ ਅਨੁਸਾਰ ਇਸ ਕੋਠੀ ਦੀ ਪਹਿਲੀ ਮੰਜ਼ਿਲ ’ਤੇ ਡਾ. ਸਚਿਨ ਆਪਣੇ ਪਰਿਵਾਰ ਸਮੇਤ ਰਹਿੰਦੇ ਹਨ। ਜਿਸ ਵੇਲੇ ਇਹ ਹਾਦਸਾ ਵਾਪਰਿਆ, ਉਸ ਵੇਲੇ ਡਾ. ਸਚਿਨ ਅਤੇ ਉਨ੍ਹਾਂ ਦੇ ਪਿਤਾ ਘਰ ਵਿਚ ਹੀ ਮੌਜੂਦ ਸਨ। ਅੱਗ ਦੀਆਂ ਲਪਟਾਂ ਦੇਖਦਿਆਂ ਹੀ ਉਨ੍ਹਾਂ ਵੱਲੋਂ ਤੁਰੰਤ ਫਾਇਰ ਬ੍ਰਿਗੇਡ ਨੂੰ ਸੂਚਿਤ ਕੀਤਾ ਗਿਆ। ਇਸ ਦੌਰਾਨ ਪਰਿਵਾਰਕ ਮੈਂਬਰਾਂ ਨੇ ਮੁਸ਼ਤੈਦੀ ਦਿਖਾਉਂਦੇ ਹੋਏ ਘਰ ਦਾ ਬਾਕੀ ਸਾਮਾਨ ਇੱਧਰ-ਉੱਧਰ ਕਰਕੇ ਅੱਗ ਨੂੰ ਹੋਰ ਫੈਲਣ ਤੋਂ ਰੋਕਿਆ। ਅੱਗ ਲੱਗਣ ਕਾਰਨ ਪੂਰੀ ਇਮਾਰਤ ਵਿਚ ਧੂੰਆਂ ਫੈਲ ਗਿਆ ਸੀ। ਇਸ ਦੌਰਾਨ ਕੋਠੀ ਦੀ ਦੂਜੀ ਮੰਜ਼ਿਲ ’ਤੇ ਰਹਿ ਰਹੇ ਜਗਦੀਸ਼ ਲਾਲ ਦੇ ਪਰਿਵਾਰਕ ਮੈਂਬਰਾਂ ਨੂੰ ਤੁਰੰਤ ਸੁਰੱਖਿਅਤ ਹੇਠਾਂ ਉਤਾਰਿਆ ਗਿਆ, ਜਿਸ ਕਾਰਨ ਇਕ ਵੱਡਾ ਜਾਨੀ ਨੁਕਸਾਨ ਹੋਣੋਂ ਬਚ ਗਿਆ। ਸੂਚਨਾ ਮਿਲਦੇ ਹੀ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਨੇ ਮੌਕੇ ਤੇ ਪਹੁੰਚ ਕੇ ਅੱਗ ਤੇ ਕਾਬੂ ਪਾਇਆ। ਮਿਲੀ ਜਾਣਕਾਰੀ ਮੁਤਾਬਕ ਇਸ ਕੋਠੀ ਦੇ ਅਸਲ ਮਾਲਕ ਦਾ ਪਰਿਵਾਰ ਦਿੱਲੀ, ਨੋਇਡਾ ਅਤੇ ਗੁੜਗਾਂਵਾਂ ਵਿਖੇ ਰਹਿੰਦਾ ਹੈ। ਕੋਠੀ ਦੀ ਹੇਠਲੀ ਮੰਜ਼ਿਲ ਫਿਲਹਾਲ ਖਾਲੀ ਸੀ, ਜਦਕਿ ਪਹਿਲੀ ਅਤੇ ਦੂਜੀ ਮੰਜ਼ਿਲ ਤੇ ਕਿਰਾਏਦਾਰ ਰਹਿ ਰਹੇ ਹਨ। ਅੱਗ ਲੱਗਣ ਦੇ ਸਹੀ ਕਾਰਨਾਂ ਦਾ ਹਾਲੇ ਪਤਾ ਨਹੀਂ ਲੱਗ ਸਕਿਆ ਹੈ।