ਕਾਰ ਨੇ ਆਟੋ ਨੂੰ ਮਾਰੀ ਟੱਕਰ, 6 ਸਵਾਰੀਆਂ ਗੰਭੀਰ ਜ਼ਖ਼ਮੀ
ਤੇਜ਼ ਰਫ਼ਤਾਰ ਕਾਰ ਨੇ ਆਟੋ ਨੂੰ ਮਾਰੀ ਟੱਕਰ, ਬੱਚੇ ਅਤੇ ਮਹਿਲਾਵਾਂ ਸਮੇਤ 6 ਸਵਾਰੀਆਂ ਗੰਭੀਰ ਜ਼ਖ਼ਮੀ
Publish Date: Tue, 14 Apr 2026 10:10 PM (IST)
Updated Date: Wed, 15 Apr 2026 04:18 AM (IST)

ਤਰਨਪ੍ਰੀਤ ਸਿੰਘ ਗਿੱਲ, ਪੰਜਾਬੀ ਜਾਗਰਣ, ਜ਼ੀਰਕਪੁਰ : ਜ਼ੀਰਕਪੁਰ ਦੇ ਓਲਡ ਅੰਬਾਲਾ ਰੋਡ ਤੇ ਮੰਗਲਵਾਰ ਦੁਪਹਿਰ ਉਸ ਵੇਲੇ ਦਹਿਸ਼ਤ ਫ਼ੈਲ ਗਈ, ਜਦੋਂ ਇਕ ਤੇਜ਼ ਰਫ਼ਤਾਰ ਕਾਰ ਨੇ ਓਵਰਟੇਕ ਕਰਦੇ ਸਮੇਂ ਸਾਹਮਣੇ ਤੋਂ ਆ ਰਹੇ ਇਕ ਆਟੋ ਨੂੰ ਜ਼ਬਰਦਸਤ ਟੱਕਰ ਮਾਰ ਦਿੱਤੀ। ਟੱਕਰ ਇੰਨੀ ਭਿਆਨਕ ਸੀ ਕਿ ਆਟੋ ਸੜਕ ਤੇ ਦੋ ਵਾਰ ਪਲਟੀਆਂ ਖਾਂਦਾ ਹੋਇਆ ਕਿਨਾਰੇ ਜਾ ਡਿੱਗਿਆ। ਇਸ ਹਾਦਸੇ ਵਿਚ ਆਟੋ ਚਾਲਕ ਸਮੇਤ ਕੁੱਲ ਛੇ ਲੋਕ ਗੰਭੀਰ ਰੂਪ ਵਿਚ ਜ਼ਖ਼ਮੀ ਹੋ ਗਏ ਹਨ, ਜਿਨ੍ਹਾਂ ਨੂੰ ਇਲਾਜ ਲਈ ਚੰਡੀਗੜ੍ਹ ਰੈਫ਼ਰ ਕੀਤਾ ਗਿਆ ਹੈ। ਬਾਕਸ-- ਏਅਰਬੈਗ ਖੁੱਲ੍ਹਣ ਨਾਲ ਕਾਰ ਚਾਲਕ ਦਾ ਬਚਾਅ : ਪ੍ਰਤੱਖਦਰਸ਼ੀਆਂ ਮੁਤਾਬਕ ਦੁਪਹਿਰ ਕਰੀਬ 3 ਵਜੇ ਹੋਈ ਇਸ ਟੱਕਰ ਦੀ ਆਵਾਜ਼ ਇੰਨੀ ਜ਼ਿਆਦਾ ਸੀ ਕਿ ਆਸ-ਪਾਸ ਦੇ ਲੋਕ ਤੁਰੰਤ ਮੌਕੇ ਤੇ ਇਕੱਠੇ ਹੋ ਗਏ। ਟੱਕਰ ਇੰਨੀ ਜ਼ੋਰਦਾਰ ਸੀ ਕਿ ਕਾਰ ਦੇ ਸਾਰੇ ਏਅਰਬੈਗ ਖੁੱਲ੍ਹ ਗਏ, ਜਿਸ ਕਾਰਨ ਕਾਰ ਚਾਲਕ ਦਾ ਬਚਾਅ ਹੋ ਗਿਆ। ਹਾਦਸੇ ਤੋਂ ਤੁਰੰਤ ਬਾਅਦ ਸਥਾਨਕ ਲੋਕਾਂ ਨੇ ਮੌਕੇ ਤੇ ਪਹੁੰਚ ਕੇ ਆਟੋ ਵਿਚ ਫਸੀਆਂ ਸਵਾਰੀਆਂ ਨੂੰ ਬਾਹਰ ਕੱਢਿਆ ਅਤੇ ਆਟੋ ਨੂੰ ਸਿੱਧਾ ਕੀਤਾ। ਹਾਦਸੇ ਵਿਚ ਜ਼ਖ਼ਮੀ ਹੋਏ ਵਿਅਕਤੀਆਂ ਦੀ ਪਛਾਣ ਸ਼ੰਕਰ (60), ਤਰਸੇਮ (50), ਵਾਮਿਕ (7), ਸਮੀਕਸ਼ਾ (16), ਮਾਲਤੀ ਦੇਵੀ (58) ਅਤੇ ਪੂਜਾ (26) ਵਜੋਂ ਹੋਈ ਹੈ। ਆਟੋ ਚਾਲਕ ਦੇ ਮੱਥੇ ਤੇ ਡੂੰਘੀ ਸੱਟ ਲੱਗੀ ਹੈ, ਜਿਸ ਕਾਰਨ ਉਸ ਨੂੰ ਤਿੰਨ ਟਾਂਕੇ ਲਗਾਏ ਗਏ ਹਨ। ਸਾਰੇ ਜ਼ਖ਼ਮੀਆਂ ਨੂੰ ਪਹਿਲਾਂ ਸਿਵਲ ਹਸਪਤਾਲ ਢਕੌਲੀ ਲਿਜਾਇਆ ਗਿਆ, ਪਰ ਹਾਲਤ ਨਾਜ਼ੁਕ ਹੋਣ ਕਾਰਨ ਉਨ੍ਹਾਂ ਨੂੰ ਸੈਕਟਰ-32, ਚੰਡੀਗੜ੍ਹ ਦੇ ਸਰਕਾਰੀ ਹਸਪਤਾਲ ਵਿਚ ਰੈਫ਼ਰ ਕਰ ਦਿੱਤਾ ਗਿਆ। ਬਾਕਸ-- ਲਾਪਰਵਾਹੀ ਨਾਲ ਓਵਰਟੇਕ ਕਰਨਾ ਬਣਿਆ ਹਾਦਸੇ ਦਾ ਕਾਰਨ : ਜਾਣਕਾਰੀ ਅਨੁਸਾਰ ਕਾਰ ਚਾਲਕ ਦੀ ਪਛਾਣ ਅਰਮਾਨ ਵਜੋਂ ਹੋਈ ਹੈ, ਜੋ ਢਕੌਲੀ ਦੇ ਐੱਮਐੱਸ ਐਨਕਲੇਵ ਦਾ ਰਹਿਣ ਵਾਲਾ ਹੈ ਅਤੇ ਪੇਸ਼ੇ ਤੋਂ ਸਵਿਮਿੰਗ ਕੋਚ ਹੈ। ਉਹ ਡੇਰਾਬੱਸੀ ਵੱਲ ਜਾ ਰਿਹਾ ਸੀ। ਮੁੱਢਲੀ ਜਾਂਚ ਵਿਚ ਸਾਹਮਣੇ ਆਇਆ ਹੈ ਕਿ ਹਾਦਸਾ ਕਾਰ ਦੀ ਤੇਜ਼ ਰਫ਼ਤਾਰ ਅਤੇ ਗ਼ਲਤ ਤਰੀਕੇ ਨਾਲ ਓਵਰਟੇਕ ਕਰਨ ਕਾਰਨ ਵਾਪਰਿਆ ਹੈ। ਇਸ ਘਟਨਾ ਨੂੰ ਲੈ ਕੇ ਇਲਾਕਾ ਨਿਵਾਸੀਆਂ ਵਿਚ ਭਾਰੀ ਰੋਸ ਪਾਇਆ ਜਾ ਰਿਹਾ ਹੈ। ਲੋਕਾਂ ਦਾ ਕਹਿਣਾ ਹੈ ਕਿ ਓਲਡ ਅੰਬਾਲਾ ਰੋਡ ਤੇ ਤੇਜ਼ ਰਫ਼ਤਾਰ ਅਤੇ ਖ਼ਤਰਨਾਕ ਡਰਾਈਵਿੰਗ ਇਕ ਆਮ ਗੱਲ ਹੋ ਗਈ ਹੈ। ਉਨ੍ਹਾਂ ਦੋਸ਼ ਲਾਇਆ ਕਿ ਵਾਰ-ਵਾਰ ਸ਼ਿਕਾਇਤਾਂ ਦੇ ਬਾਵਜੂਦ ਪ੍ਰਸ਼ਾਸਨ ਵੱਲੋਂ ਟ੍ਰੈਫਿਕ ਨਿਯਮਾਂ ਨੂੰ ਸਖ਼ਤੀ ਨਾਲ ਲਾਗੂ ਕਰਨ ਜਾਂ ਰਫ਼ਤਾਰ ਨੂੰ ਕੰਟਰੋਲ ਕਰਨ ਲਈ ਕੋਈ ਠੋਸ ਕਦਮ ਨਹੀਂ ਚੁੱਕੇ ਜਾ ਰਹੇ, ਜਿਸ ਕਾਰਨ ਅਜਿਹੇ ਹਾਦਸੇ ਵਾਪਰ ਰਹੇ ਹਨ।