ਸ਼ੈਮਰਾਕ ਸਕੂਲ ’ਚ ਦੀਵਾਲੀ ਮੌਕੇ ਸੇਵਾ ਤੇ ਪਿਆਰ ਦਾ ਸੁਨੇਹਾ ਦਿੱਤਾ, ਜੰਗ ’ਚ ਜ਼ਖ਼ਮੀ ਹੋਣ ਵਾਲੇ ਸਾਬਕਾ ਫ਼ੌਜੀਆਂ ਦੀ ਸਹਾਇਤਾ ਲਈ ਕੈਂਪਸ ’ਚ ਸਟਾਲ ਲਾਏ
ਸ਼ੈਮਰਾਕ ਸਕੂਲ ’ਚ ਦੀਵਾਲੀ ਮੌਕੇ ਸੇਵਾ ਤੇ ਪਿਆਰ ਦਾ ਸੁਨੇਹਾ ਦਿੱਤਾ,
Publish Date: Sun, 19 Oct 2025 06:13 PM (IST)
Updated Date: Sun, 19 Oct 2025 06:14 PM (IST)

ਸਟਾਫ਼ ਰਿਪੋਰਟਰ, ਪੰਜਾਬੀ ਜਾਗਰਣ, ਐੱਸਏਐੱਸ ਨਗਰ : ਦੀਵਾਲੀ ਦੇ ਪਵਿੱਤਰ ਤਿਉਹਾਰ ਮੌਕੇ ਸ਼ੈਮਰਾਕ ਸੀਨੀਅਰ ਸੈਕੰਡਰੀ ਸਕੂਲ, ਸੈਕਟਰ 69, ਮੁਹਾਲੀ ਵੱਲੋਂ ਮਨੁੱਖਤਾ ਅਤੇ ਸੇਵਾ ਦੀ ਭਾਵਨਾ ਨੂੰ ਵਧਾਉਣ ਲਈ ਇਕ ਵਿਸ਼ੇਸ਼ ਪਹਿਲ ਕੀਤੀ ਗਈ। ਸਕੂਲ ਕੈਂਪਸ ਵਿਚ ਪੈਰਾਪਲੀਜਿਕ ਰਿਹੈਬਿਲੀਟੇਸ਼ਨ ਸੈਂਟਰ, ਮੁਹਾਲੀ ਵੱਲੋਂ ਇਕ ਸਟਾਲ ਲਗਾਇਆ ਗਿਆ, ਜਿਸ ਚ ਸੈਂਟਰ ਦੇ ਮੈਂਬਰਾਂ ਵੱਲੋਂ ਬਣਾਏ ਗਏ ਦੀਵੇ, ਮੋਮਬੱਤੀਆਂ ਅਤੇ ਹੱਥੋਂ ਤਿਆਰ ਕੀਤੇ ਕਈ ਸੁੰਦਰ ਸਾਮਾਨ ਵਿਕਰੀ ਲਈ ਰੱਖੇ ਗਏ। ਇਹ ਸੈਂਟਰ ਉਨ੍ਹਾਂ ਭਾਰਤੀ ਸੈਨਾ ਦੇ ਸਾਬਕਾ ਜਵਾਨਾਂ ਦਾ ਘਰ ਹੈ ਜੋ ਦੇਸ਼ ਦੀ ਸੇਵਾ ਕਰਦੇ ਹੋਏ ਜ਼ਖ਼ਮੀ ਹੋਏ ਅਤੇ ਹੁਣ ਸਮਾਜ ਦੀ ਸੇਵਾ ਲਈ ਸਮਰਪਿਤ ਹਨ। ਉਨ੍ਹਾਂ ਦੀ ਮਿਹਨਤ ਨਾਲ ਤਿਆਰ ਕੀਤੇ ਸਾਮਾਨ ਨੂੰ ਦੇਖ ਕੇ ਸਾਰੇ ਹਾਜ਼ਰ ਲੋਕਾਂ ਦੇ ਚਿਹਰਿਆਂ ਤੇ ਖੁਸ਼ੀ ਅਤੇ ਗਰਵ ਦੇ ਹਾਵ-ਭਾਵ ਦਿਖਾਈ ਦਿੱਤੇ। ਸਕੂਲ ਦੇ ਵਿਦਿਆਰਥੀਆਂ, ਮਾਪਿਆਂ ਅਤੇ ਸਟਾਫ਼ ਵੱਲੋਂ ਇਸ ਸੇਵਾ ਕਾਰਜ ਲਈ ਗਰਮਜੋਸ਼ੀ ਨਾਲ ਭਾਗੀਦਾਰੀ ਕੀਤੀ ਗਈ ਅਤੇ ਸਭ ਨੇ ਉਨ੍ਹਾਂ ਦੇ ਸਟਾਲ ਤੋਂ ਸਾਮਾਨ ਖ਼ਰੀਦ ਕੇ ਆਪਣਾ ਯੋਗਦਾਨ ਪਾਇਆ। ਇਹ ਹੌਸਲਾ ਨਾ ਸਿਰਫ਼ ਸੇਵਾ ਭਾਵਨਾ ਨੂੰ ਉਤਸ਼ਾਹਤ ਕਰਦਾ ਹੈ, ਸਗੋਂ ਸਮਾਜਕ ਜ਼ਿੰਮੇਵਾਰੀ ਦੀ ਅਹਿਮੀਅਤ ਨੂੰ ਵੀ ਉਜਾਗਰ ਕਰਦਾ ਹੈ। ਇਸ ਮੌਕੇ ਪ੍ਰਿੰਸੀਪਲ ਪਰੀਨੀਤ ਸੋਹਲ ਨੇ ਕਿਹਾ ਕਿ ਦੀਵਾਲੀ ਸਿਰਫ਼ ਰੌਸ਼ਨੀ ਦਾ ਤਿਉਹਾਰ ਨਹੀਂ, ਸਗੋਂ ਸਾਂਝ, ਪਿਆਰ ਅਤੇ ਸੇਵਾ ਦਾ ਪ੍ਰਤੀਕ ਹੈ। ਸਾਨੂੰ ਉਨ੍ਹਾਂ ਦੀ ਜ਼ਿੰਦਗੀ ਚ ਰੌਸ਼ਨੀ ਲਿਆਉਣੀ ਚਾਹੀਦੀ ਹੈ, ਜੋ ਸਾਡੇ ਲਈ ਆਪਣੀ ਜਾਨ ਨਿਛਾਵਰ ਕਰਦੇ ਹਨ। ਸਕੂਲ ਦੇ ਮੈਨੇਜਿੰਗ ਡਾਇਰੈਕਟਰ ਕਰਨ ਬਾਜਵਾ ਨੇ ਕਿਹਾ ਕਿ ਸਾਡੇ ਲਈ ਇਹ ਮਾਣ ਦੀ ਗੱਲ ਹੈ ਕਿ ਅਸੀਂ ਪੈਰਾਪਲੀਜਿਕ ਸੈਂਟਰ ਦੇ ਜਵਾਨਾਂ ਨਾਲ ਜੁੜੇ। ਇਹ ਪਹਿਲ ਵਿਦਿਆਰਥੀਆਂ ਵਿਚ ਦਇਆ, ਸੇਵਾ ਤੇ ਦੇਸ਼ਭਗਤੀ ਦੀ ਭਾਵਨਾ ਨੂੰ ਮਜ਼ਬੂਤ ਕਰੇਗੀ। ਸਕੂਲ ਪਰਿਵਾਰ ਨੇ ਸਭ ਮਾਪਿਆਂ ਅਤੇ ਵਿਦਿਆਰਥੀਆਂ ਦਾ ਧੰਨਵਾਦ ਕੀਤਾ, ਜਿਨ੍ਹਾਂ ਨੇ ਇਸ ਉੱਦਮ ਵਿਚ ਹਿੱਸਾ ਲੈ ਕੇ ਦੀਵਾਲੀ ਦੀ ਸੱਚੀ ਰੌਸ਼ਨੀ ਸਾਂਝ ਅਤੇ ਸੇਵਾ ਦੀ ਰੌਸ਼ਨੀ ਨੂੰ ਫੈਲਾਇਆ।