ਪਲਾਟ ਵੇਚਣ ਦੇ ਨਾਂ ’ਤੇ 90 ਲੱਖ ਦੀ ਠੱਗੀ
ਪਲਾਟ ਵੇਚਣ ਦੇ ਨਾਂਅ 'ਤੇ 90 ਲੱਖ ਦੀ ਠੱਗੀ, ਫਲੈਟ ਬਣਾ ਕੇ ਫਸਿਆ ਖ਼ਰੀਦਦਾਰ,
Publish Date: Mon, 09 Mar 2026 09:04 PM (IST)
Updated Date: Mon, 09 Mar 2026 09:06 PM (IST)

- ਫਲੈਟ ਬਣਾ ਕੇ ਫਸਿਆ ਖ਼ਰੀਦਦਾਰ, ਇਕ ਔਰਤ ਸਣੇ ਦੋ ਜਣਿਆਂ ਖ਼ਿਲਾਫ਼ ਮਾਮਲਾ ਦਰਜ ਟੀਪੀਐੱਸ ਗਿੱਲ, ਪੰਜਾਬੀ ਜਾਗਰਣ ਜ਼ੀਰਕਪੁਰ : ਪਲਾਟ ਅਤੇ ਫਲੈਟਾਂ ਦੇ ਨਾਂ ’ਤੇ ਠੱਗੀ ਮਾਰਨ ਦੇ ਦੋਸ਼ ਵਿਚ ਜ਼ੀਰਕਪੁਰ ਪੁਲਿਸ ਨੇ ਇਕ ਔਰਤ ਸਮੇਤ ਦੋ ਜਣਿਆਂ ਖ਼ਿਲਾਫ਼ ਧੋਖਾਧੜੀ ਅਤੇ ਸਾਜ਼ਿਸ਼ ਰਚਣ ਦੇ ਦੋਸ਼ ਹੇਠ ਮਾਮਲਾ ਦਰਜ ਕੀਤਾ ਹੈ। ਮੁਲਜ਼ਮਾਂ ਤੇ ਜ਼ਮੀਨ ਦੀ ਰਜਿਸਟਰੀ ਕਰਵਾਉਣ ਦਾ ਝਾਂਸਾ ਦੇ ਕੇ ਕਰੀਬ 90 ਲੱਖ ਰੁਪਏ ਹੜੱਪਣ ਦੇ ਗੰਭੀਰ ਦੋਸ਼ ਲੱਗੇ ਹਨ। ਹੈਰਾਨੀ ਦੀ ਗੱਲ ਇਹ ਹੈ ਕਿ ਸ਼ਿਕਾਇਤਕਰਤਾ ਨੇ ਉਕਤ ਜ਼ਮੀਨ ਤੇ ਫਲੈਟ ਵੀ ਤਿਆਰ ਕਰ ਦਿੱਤੇ, ਪਰ ਬਾਅਦ ਵਿਚ ਪਤਾ ਲੱਗਾ ਕਿ ਕਾਗਜ਼ਾਤ ਅਤੇ ਜ਼ਮੀਨ ਦਾ ਆਪਸ ਵਿਚ ਮੇਲ ਹੀ ਨਹੀਂ ਹੋ ਰਿਹਾ। ਕੀ ਹੈ ਪੂਰਾ ਮਾਮਲਾ : ਪੁਲਿਸ ਨੂੰ ਦਿੱਤੀ ਸ਼ਿਕਾਇਤ ਵਿਚ ਰਾਕੇਸ਼ ਨੰਦਾ ਨੇ ਦੱਸਿਆ ਕਿ ਉਹ ਫਲੈਟ ਬਣਾਉਣ ਲਈ ਜ਼ਮੀਨ ਦੀ ਭਾਲ ਕਰ ਰਹੇ ਸਨ। ਇਸ ਦੌਰਾਨ ਉਨ੍ਹਾਂ ਦੀ ਮੁਲਾਕਾਤ ਇਕ ਪ੍ਰਾਪਰਟੀ ਡੀਲਰ ਨਾਲ ਹੋਈ, ਜਿਸ ਨੇ ਪਿੰਡ ਨਾਭਾ (ਜ਼ੀਰਕਪੁਰ) ਵਿਚ ਦੋ ਪਲਾਟ ਦਿਖਾਏ। ਕਾਗਜ਼ਾਂ ਅਨੁਸਾਰ ਪਲਾਟ ਨੰਬਰ 46 ਸੰਜਨਾ ਸ਼ਰਮਾ ਅਤੇ ਪਲਾਟ ਨੰਬਰ 47 ਰਮਨ ਕੁਮਾਰ ਦੇ ਨਾਂ |ਤੇ ਦੱਸੇ ਗਏ ਸਨ। ਕਰੀਬ 258 ਗਜ਼ ਦੇ ਇਨ੍ਹਾਂ ਦੋਵਾਂ ਪਲਾਟਾਂ ਦਾ ਸੌਦਾ 90 ਲੱਖ ਰੁਪਏ ਵਿਚ ਤੈਅ ਹੋਇਆ ਸੀ, ਜਦਕਿ ਪਹਿਲਾਂ ਤੋਂ ਹੋਏ ਕੁੱਝ ਨਿਰਮਾਣ ਲਈ 12 ਲੱਖ ਰੁਪਏ ਵੱਖਰੇ ਦੇਣ ਦੀ ਗੱਲ ਹੋਈ ਸੀ। ਇਸ ਤਰ੍ਹਾਂ ਕੁੱਲ ਸੌਦਾ ਇਕ ਕਰੋੜ 2 ਲੱਖ ਰੁਪਏ ਵਿਚ ਹੋਇਆ। ਰਜਿਸਟਰੀ ਦੇ ਨਾਂ |ਤੇ ਬਣਾਇਆ ਬਹਾਨਾ : ਸ਼ਿਕਾਇਤਕਰਤਾ ਨੇ ਚੈੱਕ ਅਤੇ ਨਕਦੀ ਰਾਹੀਂ ਕਰੀਬ 90 ਲੱਖ ਰੁਪਏ ਮੁਲਜ਼ਮਾਂ ਦੇ ਖਾਤਿਆਂ ਵਿਚ ਟਰਾਂਸਫਰ ਕਰ ਦਿੱਤੇ। ਜਦੋਂ ਰਜਿਸਟਰੀ ਦੀ ਗੱਲ ਆਈ ਤਾਂ ਮੁਲਜ਼ਮਾਂ ਨੇ ਤਹਿਸੀਲ ਵਿਚ ਹੜਤਾਲ ਦਾ ਬਹਾਨਾ ਲਗਾ ਕੇ ਮਾਮਲਾ ਟਾਲ ਦਿੱਤਾ ਅਤੇ ਰਾਕੇਸ਼ ਨੰਦਾ ਨੂੰ ਕਬਜ਼ਾ ਦੇ ਕੇ ਨਿਰਮਾਣ ਸ਼ੁਰੂ ਕਰਨ ਲਈ ਕਹਿ ਦਿੱਤਾ। ਪੁਲਿਸ ਜਾਂਚ ਵਿਚ ਸਾਹਮਣੇ ਆਇਆ ਕਿ ਜਦੋਂ ਸ਼ਿਕਾਇਤਕਰਤਾ ਨੇ ਜ਼ਮੀਨ |ਤੇ ਫਲੈਟ ਤਿਆਰ ਕਰ ਲਏ ਅਤੇ ਗਾਹਕ ਲੱਭਣੇ ਸ਼ੁਰੂ ਕੀਤੇ, ਤਾਂ ਵਕੀਲਾਂ ਰਾਹੀਂ ਪਤਾ ਲੱਗਾ ਕਿ ਕਾਗਜ਼ਾਤ ਉਸ ਜ਼ਮੀਨ ਨਾਲ ਮੇਲ ਹੀ ਨਹੀਂ ਖਾਂਦੇ। ਇਸ ਤੋਂ ਬਾਅਦ ਜਦੋਂ ਪੁਲਿਸ ਕੋਲ ਸ਼ਿਕਾਇਤ ਪਹੁੰਚੀ ਤਾਂ ਮੁਲਜ਼ਮਾਂ ਨੇ ਲਿਖਤੀ ਸਮਝੌਤਾ ਕੀਤਾ ਸੀ ਕਿ ਉਹ ਅਪ੍ਰੈਲ 2025 ਤੱਕ ਰਜਿਸਟਰੀ ਕਰਵਾ ਦੇਣਗੇ ਜਾਂ ਪੈਸੇ ਵਾਪਸ ਕਰ ਦੇਣਗੇ ਪਰ ਨਿਰਧਾਰਤ ਸਮਾਂ ਬੀਤ ਜਾਣ ਦੇ ਬਾਵਜੂਦ ਨਾ ਤਾਂ ਰਜਿਸਟਰੀ ਹੋਈ ਅਤੇ ਨਾ ਹੀ ਪੈਸੇ ਵਾਪਸ ਕੀਤੇ ਗਏ। ਜ਼ੀਰਕਪੁਰ ਪੁਲਿਸ ਨੇ ਐੱਸਐੱਸਪੀ ਮੁਹਾਲੀ ਦੇ ਹੁਕਮਾਂ ਤੇ ਥਾਣਾ ਜ਼ੀਰਕਪੁਰ ਵਿਚ ਸੰਜਨਾ ਸ਼ਰਮਾ ਅਤੇ ਰਮਨ ਕੁਮਾਰ ਨਾਮੀ ਵਿਅਕਤੀਆਂ ਖ਼ਿਲਾਫ਼ ਕੇਸ ਦਰਜ ਕਰ ਲਿਆ ਗਿਆ ਹੈ। ਪੁਲਿਸ ਹੁਣ ਇਸ ਮਾਮਲੇ ਦੀ ਡੂੰਘਾਈ ਨਾਲ ਜਾਂਚ ਕਰ ਰਹੀ ਹੈ।