ਅੰਮ੍ਰਿਤਸਰ ਵਿਚ ਹੋਈ 69ਵੀਂ ਸਟੇਟ ਸਕੂਲ ਗੇਮਜ਼: ਮੁਹਾਲੀ ਦੀ ਪਹਿਲਵਾਨ ਜੈਸਮੀਨ ਨੇ ਜਿੱਤਿਆ ਸੋਨ ਤਗ਼ਮਾ
ਅੰਮ੍ਰਿਤਸਰ ਵਿਚ ਹੋਈ 69ਵੀਂ ਸਟੇਟ ਸਕੂਲ ਗੇਮਜ਼: ਮੁਹਾਲੀ ਦੀ ਪਹਿਲਵਾਨ ਜੈਸਮੀਨ ਨੇ ਜਿੱਤਿਆ ਸੋਨ ਤਗ਼ਮਾ
Publish Date: Sun, 19 Oct 2025 07:49 PM (IST)
Updated Date: Sun, 19 Oct 2025 07:50 PM (IST)

ਜੀਐੱਸ ਸੰਧੂ, ਪੰਜਾਬੀ ਜਾਗਰਣ, ਐੱਸਏਐੱਸ ਨਗਰ : ਅੰਮ੍ਰਿਤਸਰ ਵਿਖੇ ਆਯੋਜਿਤ 69ਵੀਂ ਸਟੇਟ ਸਕੂਲ ਗੇਮਜ਼ (ਕੁਸ਼ਤੀ) ਮੁਕਾਬਲੇ ਵਿਚ ਮੁਹਾਲੀ ਦੀ ਪ੍ਰਤਿਭਾਸ਼ਾਲੀ ਪਹਿਲਵਾਨ ਜੈਸਮੀਨ ਨੇ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਸੋਨ ਤਗ਼ਮਾ ਆਪਣੇ ਨਾਮ ਕੀਤਾ ਹੈ। ਜੈਸਮੀਨ ਨੇ ਲੜਕੀਆਂ ਦੇ 46 ਕਿਲੋ ਭਾਰ ਵਰਗ ਵਿਚ ਹਿੱਸਾ ਲਿਆ ਅਤੇ ਇੱਕਤਰਫ਼ਾ ਜਿੱਤ ਦਰਜ ਕਰਦੇ ਹੋਏ ਫਾਈਨਲ ਤੱਕ ਦਾ ਸਫ਼ਰ ਤੈਅ ਕੀਤਾ। ਫਾਈਨਲ ਮੁਕਾਬਲੇ ਵਿਚ ਵੀ ਬਿਹਤਰੀਨ ਪ੍ਰਦਰਸ਼ਨ ਕਰਦਿਆਂ, ਉਸ ਨੇ ਵਿਰੋਧੀ ਨੂੰ ਹਰਾ ਕੇ ਸਵਰਨ ਤਗ਼ਮਾ ਹਾਸਲ ਕੀਤਾ ਅਤੇ ਪੋਡੀਅਮ ਤੇ ਸਿਖਰਲਾ ਸਥਾਨ ਪ੍ਰਾਪਤ ਕੀਤਾ। ਜੈਸਮੀਨ ਦੇ ਪਿਤਾ ਸ਼੍ਰੀ ਵਿਜੇ ਨੇ ਦੱਸਿਆ ਕਿ ਉਨ੍ਹਾਂ ਦੀ ਬੇਟੀ ਪਿਛਲੇ ਚਾਰ ਸਾਲਾਂ ਤੋਂ ਪੀਆਈਐੱਸ ਸੈਂਟਰ, ਸੈਕਟਰ-78 ਸਪੋਰਟਸ ਕੰਪਲੈਕਸ ਵਿਚ ਕੋਚ ਨਵਦੀਪ ਸ਼ਰਮਾ ਉਰਫ਼ ਮੱਲੂ ਤੋਂ ਕੁਸ਼ਤੀ ਦੀ ਸਿਖਲਾਈ ਲੈ ਰਹੀ ਹੈ। ਉਨ੍ਹਾਂ ਕਿਹਾ ਕਿ ਜੈਸਮੀਨ ਇਸ ਤੋਂ ਪਹਿਲਾਂ ਵੀ ਜ਼ਿਲ੍ਹਾ ਅਤੇ ਸੂਬਾ ਪੱਧਰ ਦੇ ਕਈ ਮੁਕਾਬਲਿਆਂ ਵਿਚ ਤਗ਼ਮੇ ਜਿੱਤ ਚੁੱਕੀ ਹੈ। ਸ਼੍ਰੀ ਵਿਜੇ ਨੇ ਅੱਗੇ ਦੱਸਿਆ ਕਿ ਜੈਸਮੀਨ ਦੀਆਂ ਛੋਟੀਆਂ ਭੈਣਾਂ ਨੇ ਵੀ ਕੁਸ਼ਤੀ ਦੇ ਖੇਤਰ ਵਿਚ ਕਦਮ ਰੱਖ ਦਿੱਤਾ ਹੈ, ਅਤੇ ਪਰਿਵਾਰ ਨੂੰ ਉਮੀਦ ਹੈ ਕਿ ਆਉਣ ਵਾਲੇ ਸਮੇਂ ਵਿਚ ਜੈਸਮੀਨ ਮੁਹਾਲੀ ਦਾ ਨਾਮ ਰਾਸ਼ਟਰੀ ਪੱਧਰ ਤੇ ਹੋਰ ਵੀ ਰੌਸ਼ਨ ਕਰੇਗੀ। ਜੈਸਮੀਨ ਦੀ ਇਸ ਪ੍ਰਾਪਤੀ ਨਾਲ ਖੇਤਰ ਵਿਚ ਖੁਸ਼ੀ ਦੀ ਲਹਿਰ ਹੈ ਅਤੇ ਸਥਾਨਕ ਖੇਡ ਪ੍ਰੇਮੀਆਂ ਨੇ ਉਸ ਨੂੰ ਵਧਾਈਆਂ ਦਿੱਤੀਆਂ ਹਨ।