ਅਧਿਆਪਕਾਂ ਦੀਆਂ 6 ਜਥੇਬੰਦੀਆਂ ਨੇ ਸਿੱਖਿਆ ਭਵਨ ਘੇਰਿਆ, ਡੀਪੀਆਈ ਨੂੰ ਦਿੱਤਾ ਮੰਗ ਪੱਤਰ,

- ਡੀਪੀਆਈ ਨੂੰ ਦਿੱਤਾ ਮੰਗ ਪੱਤਰ, 15 ਮਈ ਨੂੰ ਸਿੱਖਿਆ ਸਕੱਤਰ ਨਾਲ ਹੋਵੇਗੀ ਬੈਠਕ
ਦਰਸ਼ਨ ਸਿੰਘ ਸੋਢੀ, ਪੰਜਾਬੀ ਜਾਗਰਣ
ਮੁਹਾਲੀ : ਪੰਜਾਬ ਦੀਆਂ 6 ਪ੍ਰਮੁੱਖ ਸੰਘਰਸ਼ਸ਼ੀਲ ਅਧਿਆਪਕ ਜਥੇਬੰਦੀਆਂ ਡੈਮੋਕ੍ਰੇਟਿਕ ਟੀਚਰਜ਼ ਫ਼ਰੰਟ (ਡੀਟੀਐੱਫ਼) ਪੰਜਾਬ, 3704 ਅਧਿਆਪਕ ਯੂਨੀਅਨ, 2392 ਅਧਿਆਪਕ ਯੂਨੀਅਨ, 6635 ਅਧਿਆਪਕ ਯੂਨੀਅਨ, 4161 ਅਧਿਆਪਕ ਯੂਨੀਅਨ ਅਤੇ ਮੈਰੀਟੋਰੀਅਸ ਅਧਿਆਪਕ ਯੂਨੀਅਨ ਨੇ ਸੋਮਵਾਰ ਨੂੰ ਮੁਹਾਲੀ ਦੇ ਫੇਜ਼-8 ਸਥਿਤ ਸਿੱਖਿਆ ਭਵਨ ਦਾ ਘਿਰਾਓ ਕੀਤਾ ਅਤੇ ਹੁਕਮਰਾਨਾਂ ਤੇ ਅਧਿਕਾਰੀਆਂ ਵਿਰੁੱਧ ਨਾਅਰੇਬਾਜ਼ੀ ਕੀਤੀ। ਜਾਣਕਾਰੀ ਅਨੁਸਾਰ ਉਕਤ ਜਥੇਬੰਦੀਆਂ ਦਾ ਸਾਂਝਾ ਵਫ਼ਦ ਡੀਪੀਆਈ ਨੂੰ ਮਿਲਣ ਲਈ ਆਇਆ ਸੀ ਪਰ ਤਸੱਲੀਬਖ਼ਸ਼ ਜਵਾਬ ਨਾ ਮਿਲਣ ’ਤੇ ਉਹ ਸਾਰੇ ਸਿੱਖਿਆ ਭਵਨ ਦੇ ਮੁੱਖ ਗੇਟ ਅੱਗੇ ਧਰਨਾ ਲਗਾ ਕੇ ਬੈਠ ਗਏ। ਅਧਿਆਪਕ ਜਥੇਬੰਦੀਆਂ ਦੇ ਆਗੂਆਂ ਦਿਗਵਿਜੈਪਾਲ ਸ਼ਰਮਾ, ਹਰਜਿੰਦਰ ਸਿੰਘ, ਸੁਖਚੈਨ ਸਿੰਘ, ਯੁੱਧਜੀਤ ਸਿੰਘ, ਗੁਰਮੇਲ ਕੁਲਰੀਆਂ ਨੇ ਦੱਸਿਆ ਕਿ 4161 ਭਰਤੀ ਦੇ 300 ਅਧਿਆਪਕਾਂ ਨੂੰ ਬਰਖ਼ਾਸਤ ਕਰਨ ਦੇ ਹੁਕਮਾਂ, ਪੰਜਾਬ ਪੇ ਸਕੇਲ ਬਹਾਲ ਕਰਨ, ਰੀਕਾਸਟ ਲਿਸਟਾਂ ’ਚੋਂ ਬਾਹਰ ਹੋਏ ਅਧਿਆਪਕਾਂ ਨੂੰ ਮੁੜ ਤੋਂ ਸ਼ਾਮਲ ਕਰਨਾ, ਬਦਲੀਆਂ ਦਾ ਪੋਰਟਲ ਤੁਰੰਤ ਖੋਲਣ, ਸਮਾਜਿਕ ਸਿੱਖਿਆ ਤੇ ਅੰਗਰੇਜ਼ੀ ਦੀਆਂ ਅਸਾਮੀਆਂ ਨੂੰ ਸਾਰੇ ਜ਼ਿਲ੍ਹਿਆ ਵਿਚ ਸਮਾਨ ਅਨੁਪਾਤ ਵਿਚ ਵੰਡਣ, ਪੁਰਾਣੀ ਪੈਨਸ਼ਨ ਸਕੀਮ ਬਹਾਲ ਕਰਨ, ਸਰਹੱਦੀ ਏਰੀਆ ਭੱਤੇ, ਪੇਂਡੂ ਭੱਤੇ ਸਮੇਤ 37 ਤਰ੍ਹਾਂ ਦੇ ਭੱਤੇ ਬਹਾਲ ਕਰਨ, ਡੀਏ ਦੀਆਂ ਕਿਸ਼ਤਾਂ ਤੁਰੰਤ ਜਾਰੀ ਕਰਨ, 1 ਜਨਵਰੀ 2026 ਤੋਂ ਪੇ ਕਮਿਸ਼ਨ ਦਾ ਬਕਾਇਆ ਜਾਰੀ ਕਰਨ, ਮੈਰੀਟੋਰੀਅਸ, ਕੰਪਿਊਟਰ ਅਧਿਆਪਕਾਂ, ਕੱਚੇ ਅਧਿਆਪਕਾਂ ਅਤੇ ਐੱਨਐੱਸਕਿਉਐੱਫ਼ ਅਧਿਆਪਕਾਂ ਨੂੰ ਰੈਗੂਲਰ ਕਰ ਕੇ ਸਿੱਖਿਆ ਵਿਭਾਗ ਵਿਚ ਮਰਜ਼ ਕਰਨ ਆਦਿ ਮੰਗਾਂ ਤੁਰੰਤ ਮੰਨੀਆਂ ਜਾਣ।
ਅਧਿਆਪਕਾਂ ਦੇ ਰੋਹ ਨੂੰ ਦੇਖਦੇ ਹੋਏ ਡੀਪੀਆਈ ਨੇ ਉਪਰੋਕਤ ਮੰਗਾਂ ਪ੍ਰਤੀ ਸਹਿਮਤੀ ਪ੍ਰਗਟ ਕਰਦਿਆਂ ਜਾਇਜ਼ ਮੰਗਾਂ ਨੂੰ ਪੂਰਾ ਕਰਨ ਦਾ ਭਰੋਸਾ ਦਿੱਤਾ ਅਤੇ 15 ਮਈ ਨੂੰ ਸਿੱਖਿਆ ਸਕੱਤਰ ਨਾਲ ਬੈਠਕ ਕਰਵਾਉਣ ਦੀ ਗੱਲ ਕਹੀ। ਇਸ ਮਗਰੋਂ ਅਧਿਆਪਕਾਂ ਦਾ ਗੁੱਸਾ ਸ਼ਾਂਤ ਹੋਇਆ। ਜਸਵਿੰਦਰ ਬਠਿੰਡਾ, ਸੁਖਵਿੰਦਰ ਸੁੱਖੀ, ਲਖਵੀਰ ਹਰੀਕੇ ਅਤੇ ਸੁਖਜਿੰਦਰ ਸੰਗਰੂਰ ਨੇ ਰੁਜ਼ਗਾਰ ਬਚਾਉਣ ਅਤੇ ਪੁਰਾਣੀ ਪੈਨਸ਼ਨ ਬਹਾਲ ਕਰਵਾਉਣ ਲਈ ਦ੍ਰਿੜਤਾ ਨਾਲ ਲੜਾਈ ਲੜਨ ’ਤੇ ਜ਼ੋਰ ਦਿੱਤਾ। ਆਗੂਆਂ ਨੇ ਦੱਸਿਆ ਕਿ ਪੰਜਾਬ ਸਰਕਾਰ ਆਪਣੇ ਚੋਣ ਮੈਨੀਫੈਸਟੋ ਵਿਚ ਪੰਜਾਬ ਦੇ ਪੇ ਸਕੇਲ ਲਾਗੂ ਕਰਨ ਅਤੇ ਪੁਰਾਣੀ ਪੈਨਸ਼ਨ ਬਹਾਲ ਕਰਨ ਦੇ ਮੁੱਖ ਮੁੱਦੇ ਵਜੋਂ ਲੈ ਕੇ ਆਈ ਸੀ, ਜਿਸ ਕਰ ਕੇ ਅਧਿਆਪਕਾਂ ਅਤੇ ਹੋਰ ਮੁਲਾਜ਼ਮਾਂ ਵੱਲੋਂ ਇਨ੍ਹਾਂ ਨੂੰ ਭਰਵੀਂ ਹਮਾਇਤ ਦੇ ਕੇ ਸੱਤਾ ਸੰਭਾਲੀ ਸੀ, ਪਰ ਸਰਕਾਰ ਨੇ ਚਾਰ ਸਾਲ ਬੀਤ ਜਾਣ ਤੋਂ ਬਾਅਦ ਵੀ ਚੋਣ ਵਾਅਦੇ ਪੂਰੇ ਨਹੀਂ ਕੀਤੇ ਗਏ। ਉਨ੍ਹਾਂ ਕਿਹਾ ਕਿ ਜੇਕਰ ਉਪਰੋਕਤ ਮੰਗਾਂ ’ਤੇ ਗੌਰ ਨਹੀਂ ਕੀਤਾ ਗਿਆ ਤਾਂ ਮੁਲਾਜ਼ਮਾਂ ਪ੍ਰਤੀ ਮਾਰੂ ਨੀਤੀਆਂ ਅਪਣਾਉਣ ਵਾਲੀ ਸਰਕਾਰ ਦਾ ਪੂਰਨ ਤੌਰ ’ਤੇ ਬਾਈਕਾਟ ਕੀਤਾ ਜਾਵੇਗਾ। ਇਸ ਮੌਕੇ ਕੁਲਦੀਪ ਘਣੀਆਂ, ਲਵਕਰਨ ਸਿੰਘ, ਕਰਮਜੀਤ ਤਾਮਕੋਟ, ਰਾਜਵਿੰਦਰ ਬੈਹਣੀਵਾਲ, ਗੁਰਪ੍ਰੀਤ ਭੀਖੀ, ਕੁਲਦੀਪ ਅੱਕਾਵਾਲੀ, ਨਵੀਨ ਬੋਹਾ, ਗੁਰਪ੍ਰੀਤ ਖੇਮੂਆਣਾ, ਕੁਲਵਿੰਦਰ ਵਿਰਕ, ਬਲਕਰਨ ਕੋਟ ਸ਼ਮੀਰ, ਅਮਨਦੀਪ ਮਾਛੀਕੇ, ਕੁਲਵਿੰਦਰ ਸਿੰਘ, ਸੁਖਚੈਨ ਸਿੰਘ, ਪ੍ਰਭਜੋਤ ਸਿੰਘ, ਕੁਲਵਿੰਦਰ ਸ਼ਰਮਾ, ਸੁਖਜੀਤ ਸਿੰਘ, ਸੁਨੀਲ ਫਾਜ਼ਿਲਕਾ ਆਦਿ ਹਾਜ਼ਰ ਸਨ।