ਪੰਜਾਬ ਨੇ ਜਲਗਾਹ ਜਨਗਣਨਾ 2026 ’ਚ 304 ਪੰਛੀਆਂ ਦੀਆਂ ਪ੍ਰਜਾਤੀਆਂ ਰਿਕਾਰਡ ਕੀਤੀਆਂ
ਜਲਗਾਹ ਜਨਗਣਨਾ 2026 ਵਿਚ 304 ਪੰਛੀਆਂ ਦੀਆਂ ਪ੍ਰਜਾਤੀਆਂ ਰਿਕਾਰਡ ਕੀਤੀਆਂ
Publish Date: Fri, 27 Mar 2026 08:45 PM (IST)
Updated Date: Sat, 28 Mar 2026 04:12 AM (IST)

ਰਣਜੀਤ ਸਿੰਘ ਰਾਣਾ, ਪੰਜਾਬੀ ਜਾਗਰਣ ਐੱਸਏਐੱਸ ਨਗਰ : ਏਸ਼ੀਅਨ ਵਾਟਰਬਰਡ ਜਨਗਣਨਾ (ਏਡਬਲਯੂਸੀ) ਪ੍ਰੋਟੋਕੋਲ ਅਨੁਸਾਰ ਜਨਵਰੀ 2026 ਦੌਰਾਨ ਪੰਜਾਬ ਦੇ ਜਲਗਾਹ ’ਚ ਪੰਛੀਆਂ ਦੀ ਸਾਲਾਨਾ ਗਣਨਾ ਸਫ਼ਲਤਾਪੂਰਵਕ ਕੀਤੀ ਗਈ। ਵੇਰਵਿਆਂ ਦਾ ਖ਼ੁਲਾਸਾ ਕਰਦੇ ਹੋਏ ਮੁੱਖ ਜੰਗਲੀ ਜੀਵ ਵਾਰਡਨ, ਪੰਜਾਬ, ਬਸੰਤ ਰਾਜਕੁਮਾਰ, ਆਈਐੱਫਐੱਸ ਨੇ ਦੱਸਿਆ ਕਿ ਜਨਗਣਨਾ ’ਚ ਹਰੀਕੇ ਵਾਈਲਡਲਾਈਫ਼ ਸੈਂਚੁਰੀ, ਨੰਗਲ ਵਾਈਲਡਲਾਈਫ ਸੈਂਚੁਰੀ, ਕੇਸ਼ੋਪੁਰ ਜਲਗਾਹ, ਰਣਜੀਤ ਸਾਗਰ ਜਲਗਾਹ, ਰੋਪੜ ਜਲਗਾਹ ਤੇ ਕਾਂਜਲੀ ਜਲਗਾਹ ਸਮੇਤ ਪ੍ਰਮੁੱਖ ਜਲਗਾਹ ਨੂੰ ਕਵਰ ਕੀਤਾ ਗਿਆ। ਉਨ੍ਹਾਂ ਦੱਸਿਆ ਕਿ ਇਹ ਗਣਨਾ ਜੰਗਲਾਤ ਵਿਭਾਗ ਦੁਆਰਾ ਬੰਬੇ ਨੈਚੁਰਲ ਹਿਸਟਰੀ ਸੁਸਾਇਟੀ, ਵਾਈਲਡਲਾਈਫ਼ ਇੰਸਟੀਚਿਊਟ ਆਫ਼ ਇੰਡੀਆ, ਇੰਡੀਅਨ ਇੰਸਟੀਚਿਊਟ ਆਫ਼ ਸਾਇੰਸ ਐਜੂਕੇਸ਼ਨ ਐਂਡ ਰਿਸਰਚ-ਇੰਡੀਆ, ਪੰਜਾਬ ਐਗਰੀਕਲਚਰਲ ਯੂਨੀਵਰਸਿਟੀ, ਗੁਰੂ ਨਾਨਕ ਦੇਵ ਯੂਨੀਵਰਸਿਟੀ, ਪੰਜਾਬ ਯੂਨੀਵਰਸਿਟੀ ਵਰਗੀਆਂ ਪ੍ਰਮੁੱਖ ਸੰਸਥਾਵਾਂ ਤੇ ਸੰਗਠਨਾਂ ਦੇ ਸਹਿਯੋਗ ਨਾਲ ਕੀਤੀ ਗਈ ਸੀ, ਜਿਸ ’ਚ ਪੰਛੀ ਕਲੱਬਾਂ ਤੇ ਸਥਾਨਕ ਪੰਛੀ ਨਿਗਰਾਨ ਸ਼ਾਮਲ ਸਨ। ਮੁੱਖ ਖੋਜਾਂ ਨੂੰ ਸਾਂਝਾ ਕਰਦਿਆਂ ਰਾਜਕੁਮਾਰ ਨੇ ਦੱਸਿਆ ਕਿ ਇਸ ਸਾਲ ਦਰਜ ਕੀਤੇ ਗਏ ਪੰਛੀਆਂ ਦੀ ਕੁੱਲ ਗਿਣਤੀ 71,129 ਹੈ, ਜਦਕਿ 2025 ’ਚ ਦਰਜ ਕੀਤੇ ਗਏ 77,772 ਦੇ ਮੁਕਾਬਲੇ, ਇਕ ਮਾਮੂਲੀ ਗਿਰਾਵਟ ਦਰਸਾਉਂਦੀ ਹੈ। ਹਾਲਾਂਕਿ, ਪ੍ਰਜਾਤੀਆਂ ਦੀ ਗਿਣਤੀ ਪਿਛਲੇ ਸਾਲ 278 ਤੋਂ ਇਸ ਸਾਲ 304 ਹੋ ਗਈ ਹੈ, ਜੋ ਕਿ ਇਕ ਉਤਸ਼ਾਹਜਨਕ ਰੁਝਾਨ ਹੈ। ਉਨ੍ਹਾਂ ਪੰਛੀਆਂ ਦੀ ਗਿਣਤੀ ’ਚ ਮਾਮੂਲੀ ਗਿਰਾਵਟ ਦਾ ਕਾਰਨ ਪਿਛਲੇ ਸਾਲ ਪੰਜਾਬ ਦੇ ਕੁਝ ਹਿੱਸਿਆਂ, ਖ਼ਾਸ ਕਰਕੇ ਰਣਜੀਤ ਸਾਗਰ, ਹਰੀਕੇ ਅਤੇ ਕੇਸ਼ੋਪੁਰ ਜਲਗਾਹ ਨੂੰ ਪ੍ਰਭਾਵਿਤ ਕਰਨ ਵਾਲੇ ਹੜ੍ਹਾਂ ਦੇ ਪ੍ਰਭਾਵ ਨੂੰ ਦੱਸਿਆ। ਉਨ੍ਹਾਂ ਅੱਗੇ ਕਿਹਾ ਕਿ ਰੋਪੜ, ਕਾਂਜਲੀ ਅਤੇ ਨੰਗਲ ਵਰਗੇ ਜਲਗਾਹ, ਜੋ ਕਿ ਮੁਕਾਬਲਤਨ ਘੱਟ ਪ੍ਰਭਾਵਿਤ ਸਨ, ਨੇ ਪੰਛੀਆਂ ਦੀ ਆਬਾਦੀ ਵਿਚ ਵਾਧਾ ਦਿਖਾਇਆ ਹੈ।