ਮਹਾਰਾਜਾ ਰਣਜੀਤ ਸਿੰਘ ਇੰਸਟੀਚਿਊਟ ਦੇ 25 ਕੈਡਿਟਾਂ ਨੇ ਐੱਨਡੀਏ-1 ਲਿਖਤੀ ਪ੍ਰੀਖਿਆ ਕੀਤੀ ਪਾਸ
ਮਹਾਰਾਜਾ ਰਣਜੀਤ ਸਿੰਘ ਇੰਸਟੀਚਿਊਟ ਦੇ 25 ਕੈਡਿਟਾਂ ਨੇ ਐੱਨਡੀਏ-1 ਲਿਖਤੀ ਪ੍ਰੀਖਿਆ ਕੀਤੀ ਪਾਸ,
Publish Date: Mon, 11 May 2026 08:21 PM (IST)
Updated Date: Mon, 11 May 2026 08:24 PM (IST)
- ਸੰਸਥਾ ਦੀਆਂ ਹੁਣ ਤੱਕ ਦੀਆਂ ਸਭ ਤੋਂ ਵੱਡੀਆਂ ਪ੍ਰਾਪਤੀਆਂ ’ਚੋਂ ਇਕ : ਅਮਨ ਅਰੋੜਾ
ਪੰਜਾਬੀ ਜਾਗਰਣ ਰਿਪੋਰਟਰ, ਮੁਹਾਲੀ : ਮਹਾਰਾਜਾ ਰਣਜੀਤ ਸਿੰਘ ਆਰਮਡ ਫੋਰਸਿਜ਼ ਪ੍ਰੈਪਰੇਟਰੀ ਇੰਸਟੀਚਿਊਟ ਸੈਕਟਰ-77 ਮੁਹਾਲੀ ਦੇ 30 ’ਚੋਂ 25 ਕੈਡਿਟਾਂ ਨੇ ਵੱਕਾਰੀ ਨੈਸ਼ਨਲ ਡਿਫੈਂਸ ਅਕੈਡਮੀ (ਐੱਨਡੀਏ) ਵਿਚ 157ਵੇਂ ਕੋਰਸ ਲਈ ਐੱਨਡੀਏ (1) ਲਿਖਤੀ ਪ੍ਰੀਖਿਆ ਪਾਸ ਕਰ ਲਈ ਹੈ। ਯੂਪੀਐੱਸਸੀ ਵੱਲੋਂ ਐਲਾਨੇ ਨਤੀਜਿਆਂ ਵਿਚ ਪ੍ਰਾਪਤ ਕੀਤੀ ਸ਼ਾਨਦਾਰ 83 ਫ਼ੀਸਦੀ ਸਫ਼ਲਤਾ ਦਰ ਇਹ ਦਰਸਾਉਂਦੀ ਹੈ ਕਿ ਸੰਸਥਾ ਨੇ ਆਪਣੇ ਇਤਿਹਾਸ ਵਿਚ ਹੁਣ ਤੱਕ ਦੀ ਸਭ ਤੋਂ ਵੱਡੀ ਸਫ਼ਲਤਾ ਦਰ ਹਾਸਲ ਕੀਤੀ ਹੈ। ਕਾਬਿਲੇਗੌਰ ਹੈ ਕਿ ਹੁਣ ਇਹ 25 ਕੈਡਿਟ ਸਰਵਿਸਿਜ਼ ਸਿਲੈਕਸ਼ਨ ਬੋਰਡ (ਐੱਸਐੱਸਬੀ) ਇੰਟਰਵਿਊ ਦੇਣਗੇ, ਜੋ ਕਿ ਨੈਸ਼ਨਲ ਡਿਫੈਂਸ ਅਕੈਡਮੀ ਵਿਚ ਦਾਖ਼ਲੇ ਦਾ ਆਖ਼ਰੀ ਸਕ੍ਰੀਨਿੰਗ ਪੜਾਅ ਹੈ। ਪੰਜਾਬ ਦੇ ਰੁਜ਼ਗਾਰ ਉਤਪਤੀ, ਹੁਨਰ ਵਿਕਾਸ ਅਤੇ ਸਿਖਲਾਈ ਮੰਤਰੀ ਅਮਨ ਅਰੋੜਾ ਨੇ ਕੈਡਿਟਾਂ ਨੂੰ ਵਧਾਈ ਦਿੱਤੀ ਅਤੇ ਉਨ੍ਹਾਂ ਦੇ ਐੱਸਐੱਸਬੀ ਇੰਟਰਵਿਊ ਅਤੇ ਅਗਲੇਰੀ ਸਿਖਲਾਈ ਲਈ ਸ਼ੁੱਭਕਾਮਨਾਵਾਂ ਦਿੱਤੀਆਂ। ਉਨ੍ਹਾਂ ਕਿਹਾ ਕਿ ਇਹ ਕੈਡਿਟ ਪੰਜਾਬ ਦਾ ਮਾਣ ਹਨ। ਉਨ੍ਹਾਂ ਦੀ ਸਖ਼ਤ ਮਿਹਨਤ ਅਤੇ ਦ੍ਰਿੜ ਵਚਨਬੱਧਤਾ ਨੇ ਸੂਬੇ ਦਾ ਨਾਂ ਰੋਸ਼ਨ ਕੀਤਾ ਹੈ।
ਇਸ ਮੌਕੇ ਮਹਾਰਾਜਾ ਰਣਜੀਤ ਸਿੰਘ ਆਰਮਡ ਫੋਰਸਿਜ਼ ਪ੍ਰੈਪਰੇਟਰੀ ਇੰਸਟੀਚਿਊਟ ਦੇ ਡਾਇਰੈਕਟਰ ਮੇਜਰ ਜਨਰਲ (ਸੇਵਾਮੁਕਤ) ਅਜੈ ਐੱਚ ਚੌਹਾਨ ਨੇ ਕੈਡਿਟਾਂ ਨੂੰ ਵਧਾਈ ਦਿੰਦਿਆਂ ਕਿਹਾ ਕਿ ਯੂਪੀਐੱਸਸੀ ਪਾਸ ਕਰਨਾ ਇਕ ਮੀਲ ਪੱਥਰ ਹੈ ਪਰ ਐੱਸਐੱਸਬੀ ਅਸਲ ਪ੍ਰੀਖਿਆ ਹੈ। ਉਨ੍ਹਾਂ ਕੈਡਿਟਾਂ ਨੂੰ ਇਮਾਨਦਾਰੀ ਅਤੇ ਸਵੈ-ਪੜਚੋਲ ਨਾਲ ਆਪਣੇ ਮਨ ਨੂੰ ਇਕਾਗਰ ਅਤੇ ਸਿੱਖਿਅਤ ਕਰਨ ਲਈ ਉਤਸ਼ਾਹਤ ਕੀਤਾ। ਉਨ੍ਹਾਂ ਨੇ ਫੈਕਲਟੀ ਨੂੰ ਵੀ ਵਧਾਈ ਦਿੱਤੀ, ਜਿਨ੍ਹਾਂ ਨੇ ਇਨ੍ਹਾਂ ਨਤੀਜਿਆਂ ਲਈ ਸਖ਼ਤ ਮਿਹਨਤ ਕੀਤੀ। ਉਨ੍ਹਾਂ ਦੱਸਿਆ ਕਿ ਸੰਸਥਾ ਦੇ 25 ਕੈਡਿਟ ਇਸ ਸਾਲ ਜੂਨ ਵਿਚ ਸ਼ੁਰੂ ਹੋਣ ਵਾਲੇ ਐੱਨਡੀਏ, ਟੀਈਐੱਸ (ਤਕਨੀਕੀ ਐਂਟਰੀ ਸਕੀਮ) ਅਤੇ ਸੀਡੀਐੱਸ ਕੋਰਸਾਂ ਵਿਚ ਸ਼ਾਮਲ ਹੋਣ ਲਈ ਕਾਲ ਲੈਟਰਾਂ ਦੀ ਉਡੀਕ ਕਰ ਰਹੇ ਹਨ।