ਲਾਲੜੂ ਕੌਂਸਲ ਚੋਣਾਂ ’ਚ 23 ਨਾਮਜ਼ਦਗੀਆਂ ਰੱਦ
ਲਾਲੜੂ ਕੌਂਸਲ ਚੋਣਾਂ 'ਚ 23 ਨਾਮਜ਼ਦਗੀਆਂ ਰੱਦ, ਕਾਗਜ਼ ਵਾਪਸ ਲੈਣ ਮਗਰੋਂ ਮਿਲਣਗੇ ਚੋਣ ਨਿਸ਼ਾਨ
Publish Date: Mon, 18 May 2026 09:36 PM (IST)
Updated Date: Mon, 18 May 2026 09:39 PM (IST)

- ਕਾਗਜ਼ ਵਾਪਸ ਲੈਣ ਮਗਰੋਂ ਮਿਲਣਗੇ ਚੋਣ ਨਿਸ਼ਾਨ ਸੁਰਜੀਤ ਸਿੰਘ ਕੁਹਾੜ, ਪੰਜਾਬੀ ਜਾਗਰਣ ਲਾਲੜੂ : ਲਾਲੜੂ ਨਗਰ ਕੌਂਸਲ ਚੋਣਾਂ ਲਈ ਦਾਖ਼ਲ ਕੀਤੇ ਗਏ 131 ਨਾਮਜ਼ਦਗੀ ਪੱਤਰਾਂ ਵਿਚੋਂ ਸੋਮਵਾਰ ਨੂੰ ਜਾਂਚ ਵਾਲੇ ਦਿਨ 23 ਨਾਮਜ਼ਦਗੀਆਂ ਰੱਦ ਕਰ ਦਿੱਤੀਆਂ ਹਨ, ਜਿਸ ਵਿਚੋਂ ਵਾਰਡ ਨੰ. 9 ਵਿਚ ਆਮ ਆਦਮੀ ਪਾਰਟੀ ਦਾ ਉਮੀਦਵਾਰ ਬਿਨਾਂ ਕਿਸੇ ਵੋਟਿੰਗ ਦੇ ਜੇਤੂ ਬਣ ਗਿਆ, ਕਿਉਂਕਿ ਤਿੰਨ ਪ੍ਰਮੁੱਖ ਪਾਰਟੀਆਂ ਕਾਂਗਰਸ, ਭਾਰਤੀ ਜਨਤਾ ਪਾਰਟੀ ਅਤੇ ਅਕਾਲੀ ਦਲ ਦੇ ਉਮੀਦਵਾਰਾਂ ਸਮੇਤ ਮੁੱਖ ਉਮੀਦਵਾਰਾਂ ਦੀਆਂ ਨਾਮਜ਼ਦਗੀਆਂ ਰੱਦ ਕਰ ਦਿੱਤੀਆਂ ਗਈਆਂ ਸਨ, ਹਾਲਾਂਕਿ ਕਵਰਿੰਗ ਉਮੀਦਵਾਰਾਂ ਵੱਲੋਂ ਆਪਣੀਆਂ ਨਾਮਜ਼ਦਗੀਆਂ ਵਾਪਸ ਲੈਣ ਤੋਂ ਬਾਅਦ ਮੰਗਲਵਾਰ ਨੂੰ ਅਧਿਕਾਰਤ ਐਲਾਨ ਕੀਤਾ ਜਾਵੇਗਾ। ਰੱਦ ਕੀਤੀਆਂ ਗਈਆਂ ਨਾਮਜ਼ਦਗੀਆਂ ਦੇ ਕਾਰਨ ਕਈ ਵਾਰਡ ਅਜਿਹੇ ਹਨ, ਜਿੱਥੇ ਕਾਂਗਰਸ, ਅਕਾਲੀ ਦਲ ਜਾਂ ਭਾਜਪਾ ਹੁਣ ਮੁਕਾਬਲੇ ਵਿਚ ਨਹੀਂ ਹਨ। ਵਾਰਡ ਨੰਬਰ 5 ਵਿਚ ਸਥਿਤੀ ਦਿਲਚਸਪ ਹੈ ਕਿਉਂਕਿ ਆਮ ਆਦਮੀ ਪਾਰਟੀ ਦੇ ਦੋ ਉਮੀਦਵਾਰਾਂ ਨੇ ਨਾਮਜ਼ਦਗੀਆਂ ਦਾਖ਼ਲ ਕੀਤੀਆਂ ਹਨ। ਦੋਵੇਂ ਜਣੇ ਪਾਰਟੀ ਦੇ ਅਧਿਕਾਰਤ ਉਮੀਦਵਾਰ ਹੋਣ ਦਾ ਦਾਅਵਾ ਕਰ ਰਹੇ ਹਨ, ਜਿਸ ਵਿਚ ਅਨੀਤਾ ਰਾਣੀ ਪਤਨੀ ਪ੍ਰਮੋਦ ਰਾਣਾ ਅਤੇ ਰੀਨਾ ਪਤਨੀ ਜੀਵਨ ਰਾਣਾ ਹਨ। ਹੈਰਾਨੀ ਦੀ ਗੱਲ ਹੈ ਕਿ ਦੁਪਹਿਰ ਨੂੰ ਜਾਰੀ ਕੀਤੀ ਗਈ ਸੂਚੀ ਵਿਚ ਅਨੀਤਾ ਦਾ ਪੱਤਰ ਅਵੈਧ ਐਲਾਨ ਦਿੱਤਾ ਗਿਆ ਸੀ। ਸ਼ਾਮ ਨੂੰ ਕਲੈਰੀਕਲ ਗ਼ਲਤੀ ਦਾ ਹਵਾਲਾ ਦਿੰਦਿਆਂ ਅਨੀਤਾ ਦਾ ਫਾਰਮ ਸਵੀਕਾਰ ਕਰ ਲਿਆ ਗਿਆ, ਜੇਕਰ ਦੋਵੇਂ ਉਮੀਦਵਾਰ ਮੰਗਲਵਾਰ ਨੂੰ ਆਪਣੇ ਨਾਮ ਵਾਪਸ ਨਾ ਲੈਣ ’ਤੇ ਜ਼ੋਰ ਦਿੰਦੇ ਹਨ ਤਾਂ ਸਮੱਸਿਆ ਪੈਦਾ ਹੋ ਸਕਦੀ ਹੈ। ਹਾਲਾਂਕਿ ਰਿਟਰਨਿੰਗ ਅਫ਼ਸਰ ਬੀਰਕਰਨ ਨੇ ਕਿਹਾ ਕਿ ਸਿਰਫ਼ ਅਧਿਕਾਰਤ ਉਮੀਦਵਾਰ ਨੂੰ ਹੀ ਝਾੜੂ ਦਾ ਨਿਸ਼ਾਨ ਮਿਲੇਗਾ। ਜੇਕਰ ਇਨ੍ਹਾਂ ਵਿਚੋਂ ਇਕ ਵਿਅਕਤੀ ਵੱਲੋਂ ਆਪਣਾ ਨਾਂ ਵਾਪਸ ਨਹੀਂ ਲਿਆ ਜਾਂਦਾ ਹੈ ਤਾਂ ਉਸ ਨੂੰ ਆਜ਼ਾਦ ਉਮੀਦਵਾਰ ਮੰਨਿਆ ਜਾਵੇਗਾ। ਜਾਰੀ ਕੀਤੀ ਗਈ ਸੂਚੀ ਅਨੁਸਾਰ ਲਾਲੜੂ ਚੋਣ ਵਿਚ ਵਾਰਡ ਇਕ ਵਿਚ ਦੋ ਕਾਗਜ਼ ਰੱਦ ਕੀਤੇ ਗਏ, ਜਿਨ੍ਹਾਂ ਵਿਚੋਂ ਇਕ ਕਾਂਗਰਸ ਦਾ ਅਤੇ ਇਕ ਆਜ਼ਾਦ ਦਾ ਹੈ। ਵਾਰਡ ਤਿੰਨ ਵਿਚ ਦੋਵੇਂ ਕਾਂਗਰਸ ਦੇ ਹਨ, ਵਾਰਡ ਪੰਜ ਵਿਚ ਆਜ਼ਾਦ ਦਾ ਇਕ ਫਾਰਮ ਰੱਦ ਕੀਤਾ ਗਿਆ, ਵਾਰਡ 7 ਵਿਚ ਦੋ ਭਾਜਪਾ ਅਤੇ ਦੋ ਅਕਾਲੀ ਦਲ, ਵਾਰਡ 9 ਵਿਚ ਦੋ ਭਾਜਪਾ, ਇਕ ਕਾਂਗਰਸ, ਇਕ ਅਕਾਲੀ ਦਲ ਦਾ ਰੱਦ ਕਰ ਦਿੱਤਾ ਹੈ, ਜਿਸ ਵਿਚ ਆਮ ਆਦਮੀ ਪਾਰਟੀ ਦਾ ਉਮੀਦਵਾਰ ਬਿਨਾਂ ਮੁਕਾਬਲਾ ਚੁਣੇ ਜਾ ਸਕਦੇ ਹਨ, ਵਾਰਡ 13 ਵਿਚ ਇਕ ਆਜ਼ਾਦ ਅਤੇ ਇਕ ਕਾਂਗਰਸ, ਵਾਰਡ 15 ਵਿਚ ਦੋਵੇਂ ਕਾਂਗਰਸ, ਵਾਰਡ 16 ਵਿਚ ਇਕ ਭਾਜਪਾ ਅਤੇ ਦੋ ਅਕਾਲੀ ਦਲ, ਜਦਕਿ ਵਾਰਡ 17 ਵਿਚ ਤਿੰਨੋਂ ਆਜ਼ਾਦ ਉਮੀਦਵਾਰਾਂ ਦੇ ਕਾਗਜ਼ ਰੱਦ ਕਰ ਦਿੱਤੇ ਗਏ ਹਨ। ਕਾਂਗਰਸ ਦੇ ਉਮੀਦਵਾਰਾਂ ਦੇ ਕਾਗਜ਼ ਰੱਦ ਹੋਣ ਕਾਰਨ ਕਾਂਗਰਸ ਡੇਰਾਬੱਸੀ ਦੇ ਇੰਚਾਰਜ ਦੀਪਇੰਦਰ ਸਿੰਘ ਢਿੱਲੋਂ ਦੀ ਅਗਵਾਈ ਹੇਠ ਕਾਂਗਰਸੀਆਂ ਨੇ ਨਗਰ ਕੌਂਸਲ ਦਫ਼ਤਰ ਮੂਹਰੇ ਅਧਿਕਾਰੀਆਂ ਖ਼ਿਲਾਫ਼ ਧਰਨਾ ਪ੍ਰਦਰਸ਼ਨ ਕੀਤਾ ਅਤੇ ਪ੍ਰਸ਼ਾਸਨ ਦੀ ਕਾਰਵਾਈ ’ਤੇ ਸਵਾਲ ਵੀ ਚੁੱਕੇ।