ਸੀਜੀਸੀ ਲਾਂਡਰਾਂ ਵਿਖੇ 19ਵਾਂ ਸਾਲਾਨਾ ਖੇਡ ਮੀਟ ਕਰਵਾਈ, ਅਨੀਸ਼ ਠਾਕੁਰ ਅਤੇ ਰਿੰਪੀ ਕੌਰ ਨੂੰ ਸਰਵੋਤਮ ਖਿਡਾਰੀ ਚੁਣਿਆ ਗਿਆ
ਸੀਜੀਸੀ ਲਾਂਡਰਾਂ ਵਿਖੇ 19ਵਾਂ ਸਾਲਾਨਾ ਖੇਡ ਮੀਟ ਦਾ ਆਯੋਜਨ
Publish Date: Thu, 13 Mar 2025 07:12 PM (IST)
Updated Date: Thu, 13 Mar 2025 07:13 PM (IST)
ਸੀਜੀਸੀ ਲਾਂਡਰਾਂ ਵਿਖੇ 19ਵਾਂ ਸਾਲਾਨਾ ਖੇਡ ਮੀਟ ਕਰਵਾਈ, ਅਨੀਸ਼ ਠਾਕੁਰ ਅਤੇ ਰਿੰਪੀ ਕੌਰ ਨੂੰ ਸਰਵੋਤਮ ਖਿਡਾਰੀ ਚੁਣਿਆ ਗਿਆ
ਸਟਾਫ਼ ਰਿਪੋਰਟਰ, ਪੰਜਾਬੀ ਜਾਗਰਣ, ਐੱਸਏਐੱਸ ਨਗਰ : ਚੰਡੀਗੜ੍ਹ ਗਰੁੱਪ ਆਫ਼ ਕਾਲਜ (ਸੀਜੀਸੀ) ਲਾਂਡਰਾਂ ਦਾ 19ਵਾਂ ਸਾਲਾਨਾ ਖੇਡ ਮੀਟ ਹੁਨਰ, ਟੀਮ ਭਾਵਨਾ ਅਤੇ ਦ੍ਰਿੜਤਾ ਦਾ ਇਕ ਸ਼ਾਨਦਾਰ ਪ੍ਰਦਰਸ਼ਨ ਸੀ। ਇਸ ਸਮਾਗਮ ਵਿਚ ਅਨੀਸ਼ ਠਾਕੁਰ ਅਤੇ ਰਿੰਪੀ ਕੌਰ ਨੂੰ ਸਰਵੋਤਮ ਖਿਡਾਰੀ ਦਾ ਖ਼ਿਤਾਬ ਦਿੱਤਾ ਗਿਆ। ਇਸ ਸਾਲਾਨਾ ਖੇਡ ਮੀਟ ਵਿਚ ਸੀਜੀਸੀ ਦੇ ਵਿਦਿਆਰਥੀਆਂ ਨੇ ਉਤਸ਼ਾਹ ਨਾਲ ਭਾਗ ਲਿਆ ਅਤੇ ਕਬੱਡੀ, ਸ਼ਾਟ ਪੁੱਟ, ਡਿਸਕਸ ਥ੍ਰੋ, ਜੈਵਲਿਨ ਥ੍ਰੋ, ਹੈਂਡਬਾਲ, ਫੁੱਟਬਾਲ, ਬਾਸਕਟਬਾਲ, ਟਰੈਕ ਅਤੇ ਫ਼ੀਲਡ ਈਵੈਂਟਸ ਵਿਚ 800 ਮੀਟਰ, 1500 ਮੀਟਰ, 3000 ਮੀਟਰ ਦੌੜ, 100 ਮੀਟਰ, 200 ਮੀਟਰ, 400 ਮੀਟਰ ਦੌੜ, ਲੰਬੀ ਛਾਲ, ਉੱਚੀ ਛਾਲ, ਟ੍ਰਿਪਲ ਜੰਪ ਅਤੇ ਰਿਲੇਅ ਦੌੜ ਵਰਗੀਆਂ ਖੇਡਾਂ ਵਿਚ ਆਪਣੀ ਪ੍ਰਤਿਭਾ ਦਾ ਪ੍ਰਦਰਸ਼ਨ ਕੀਤਾ। ਇਸ ਸਮਾਗਮ ਵਿਚ ਮਹਿਲਾਵਾਂ ਦੀ 50 ਮੀਟਰ ਰਾਈਫ਼ਲ ਵਿਚ ਵਿਸ਼ਵ ਰਿਕਾਰਡ ਧਾਰਕ ਅਤੇ ਏਸ਼ੀਆਈ ਖੇਡਾਂ 2022 ਦੀ ਸੋਨ ਤਗ਼ਮਾ ਜੇਤੂ ਸਿਫ਼ਤ ਕੌਰ ਸਮਰਾ, ਮਸਲਮੇਨੀਆ ਵਿਸ਼ਵ ਚੈਂਪੀਅਨਸ਼ਿਪ ਵਿਚ ਮਿਸਟਰ ਵਰਲਡ ਰਮਾਕਾਂਤ ਸ਼ਰਮਾ, ਅਤੇ ਵੇਟਲਿਫਟਿੰਗ ਵਿਚ ਰਾਸ਼ਟਰਮੰਡਲ ਖੇਡਾਂ ਦੀ ਖਿਡਾਰਨ ਮੀਨਾ ਕੇ ਪਵਾਰ ਵਰਗੀਆਂ ਪ੍ਰਸਿੱਧ ਖੇਡ ਸਖ਼ਸ਼ੀਅਤਾਂ ਨੇ ਸ਼ਿਰਕਤ ਕੀਤੀ। ਇਸ ਖੇਡ ਮੇਲੇ ਨੇ ਚੁਨੌਤੀਆਂ ਨੂੰ ਪਾਰ ਕਰਨ ਅਤੇ ਸਰੀਰਕ ਅਤੇ ਮਾਨਸਿਕ ਤੰਦਰੁਸਤੀ ਨੂੰ ਉਤਸ਼ਾਹਤ ਕਰਨ ਦਾ ਸੁਨੇਹਾ ਦਿੱਤਾ। 100 ਮੀਟਰ ਦੀ ਦੌੜ ਵਿਚ ਕੀਰਤ ਅਤੇ ਵੰਸ਼ਿਕਾ ਨੇ ਸੋਨ ਤਗ਼ਮਾ, 200 ਮੀਟਰ ਦੌੜ ਵਿਚ ਵਿਰਾਟ ਅਤੇ ਪੂਜਾ ਨੇ ਸੋਨ ਤਗ਼ਮਾ, ਵਿਵੇਕ ਅਤੇ ਵੰਸ਼ਿਕਾ ਨੇ 400 ਮੀਟਰ ਦੌੜ ਵਿਚ ਸੋਨ ਤਗ਼ਮਾ, ਵਿਕਾਸ ਅਤੇ ਪੂਜਾ ਨੇ 800 ਮੀਟਰ ਦੌੜ ਵਿਚ ਪਹਿਲਾ ਸਥਾਨ ਪ੍ਰਾਪਤ ਕੀਤਾ। ਅਰੁਣ ਕੁਮਾਰ ਅਤੇ ਗੁੰਜਨ ਨੇ 1500 ਮੀਟਰ ਦੌੜ ਵਿਚ ਸੋਨ ਤਗ਼ਮਾ, ਜਦੋਂ ਕਿ 3000 ਮੀਟਰ ਦੌੜ ਵਿਚ ਅਰਿਜੀਤ ਦੇ ਸ਼ਾਨਦਾਰ ਪ੍ਰਦਰਸ਼ਨ ਨੇ ਉਸ ਨੂੰ ਸੋਨ ਤਗ਼ਮਾ ਦਿਵਾਇਆ। ਸੀਜੀਸੀ ਲਾਂਡਰਾਂ ਦੇ ਕੈਂਪਸ ਡਾਇਰੈਕਟਰ ਡਾ. ਪੀਐੱਨ ਹਰੀਕੇਸ਼ਾ, ਐੱਚਓਡੀ ਸਪੋਰਟਸ ਕੈਪਟਨ (ਸੇਵਾਮੁਕਤ) ਵਿਨੋਦ ਜਸਵਾਲ, ਡੀਨ ਵਿਦਿਆਰਥੀ ਭਲਾਈ ਡਾ. ਗਗਨਦੀਪ ਕੌਰ ਭੁੱਲਰ, ਅਤੇ ਸੀਜੀਸੀ ਲਾਂਡਰਾਂ ਦੇ ਫੈਕਲਟੀ ਅਤੇ ਵਿਦਿਆਰਥੀਆਂ ਨੇ ਪ੍ਰਤੀ ਭਾਗੀਆਂ ਦਾ ਉਤਸ਼ਾਹਪੂਰਨ ਸਵਾਗਤ ਕੀਤਾ। ਇਸ ਮੌਕੇ ਤੇ ਸੀਜੀਸੀ ਦੇ ਵੱਖ-ਵੱਖ ਖੇਡ ਮੁਕਾਬਲਿਆਂ ਦੇ ਰਾਸ਼ਟਰੀ ਪੱਧਰ ਅਤੇ ਅੰਤਰ ਯੂਨੀਵਰਸਿਟੀ ਪੱਧਰ ਦੇ ਤਗ਼ਮਾ ਜੇਤੂਆਂ ਨੂੰ ਪ੍ਰਸ਼ੰਸਾ ਪੱਤਰ ਅਤੇ ਨਕਦ ਇਨਾਮਾਂ ਨਾਲ ਸਨਮਾਨਿਤ ਕੀਤਾ ਗਿਆ।