ਚੋਰੀ ਤੇ ਸਨੈਚਿੰਗ ਕਰਨ ਵਾਲੇ ਗਿਰੋਹ ਦੇ 13 ਮੈਂਬਰ ਕਾਬੂ
ਖਰੜ ਅਤੇ ਬਲੌਂਗੀ ਪੁਲਿਸ ਵੱਲੋਂ ਵੱਡੀ ਸਫ਼ਲਤਾ : ਚੋਰੀ ਅਤੇ ਸਨੈਚਿੰਗ ਕਰਨ ਵਾਲੇ ਗਿਰੋਹ ਦੇ 13 ਮੈਂਬਰ ਕਾਬੂ ;
Publish Date: Mon, 30 Mar 2026 09:49 PM (IST)
Updated Date: Mon, 30 Mar 2026 09:51 PM (IST)

ਮਹਿਰਾ, ਪੰਜਾਬੀ ਜਾਗਰਣ, ਖਰੜ : ਜ਼ਿਲ੍ਹਾ ਐੱਸਏਐੱਸ ਨਗਰ ਪੁਲਿਸ ਨੇ ਮਾੜੇ ਅਨਸਰਾਂ ਵਿਰੁੱਧ ਚਲਾਈ ਮੁਹਿੰਮ ਤਹਿਤ ਚੋਰੀ ਅਤੇ ਲੁੱਟ-ਖੋਹ ਦੀਆਂ ਵਾਰਦਾਤਾਂ ਨੂੰ ਅੰਜਾਮ ਦੇਣ ਵਾਲੇ 13 ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰਨ ਵਿਚ ਵੱਡੀ ਸਫ਼ਲਤਾ ਹਾਸਲ ਕੀਤੀ ਹੈ। ਡੀਐੱਸਪੀ ਖਰੜ ਕਰਨ ਸਿੰਘ ਸੰਧੂ ਨੇ ਦੱਸਿਆ ਕਿ ਇਹ ਕਾਰਵਾਈ ਐੱਸਐੱਸਪੀ ਹਰਮਨਦੀਪ ਸਿੰਘ ਹਾਂਸ ਦੀ ਅਗਵਾਈ ਹੇਠ ਥਾਣਾ ਬਲੌਂਗੀ, ਸਿਟੀ ਖਰੜ ਅਤੇ ਸਦਰ ਖਰੜ ਦੀਆਂ ਪੁਲਿਸ ਟੀਮਾਂ ਵੱਲੋਂ ਸਾਂਝੇ ਤੌਰ ’ਤੇ ਕੀਤੀ ਗਈ। ਬਲੌਂਗੀ ਪੁਲਿਸ ਦੇ ਰਾਮ ਸਿੰਘ ਵਾਸੀ ਮੁਹਾਲੀ ਦੀ ਸ਼ਿਕਾਇਤ ਤੇ ਬੁਲੇਟ ਮੋਟਰਸਾਈਕਲ ਚੋਰੀ ਦੇ ਮਾਮਲੇ ਵਿਚ ਕਾਰਵਾਈ ਕਰਦਿਆਂ ਪੁਲਿਸ ਨੇ ਮੁਲਜ਼ਮਾਂ ਨੂੰ ਕਾਬੂ ਕੀਤਾ ਹੈ। ਇਨ੍ਹਾਂ ਦੀ ਨਿਸ਼ਾਨਦੇਹੀ ਤੇ ਹੋਰ ਵੀ ਵਾਹਨ ਬਰਾਮਦ ਕੀਤੇ ਗਏ। ਸਿਟੀ ਖਰੜ ਪੁਲਿਸ ਨੇ ਮੁੰਡੀ ਖਰੜ ਖੇਤਰ ਵਿਚ ਚੋਰੀਆਂ ਕਰਨ ਵਾਲੇ ਅਮਰਦੀਪ ਸਿੰਘ ਨੂੰ ਗ੍ਰਿਫ਼ਤਾਰ ਕਰ ਕੇ ਉਸ ਪਾਸੋਂ 4 ਚੋਰੀ ਦੇ ਮੋਟਰਸਾਈਕਲ ਬਰਾਮਦ ਕੀਤੇ। ਇਸੇ ਤਰ੍ਹਾਂ ਇਨਵਰਟਰ-ਬੈਟਰਾ ਚੋਰੀ ਕਰਨ ਵਾਲੇ ਮੁਲਜ਼ਮ ਨੂੰ ਵੀ ਕਾਬੂ ਕੀਤਾ ਗਿਆ। ਸਦਰ ਖਰੜ ਪੁਲਿਸ ਨੇ ਸਨੈਚਿੰਗ ਦੇ ਆਦੀ ਗੁਰਤੇਜ ਸਿੰਘ, ਕਮਲਦੀਪ ਸਿੰਘ ਅਤੇ ਸਿਕੰਦਰ ਸਿੰਘ ਸਮੇਤ ਹੋਰ ਸਾਥੀਆਂ ਨੂੰ ਕਾਬੂ ਕੀਤਾ ਗਿਆ। ਤਫਤੀਸ਼ ਦੌਰਾਨ ਮੁਲਜ਼ਮਾਂ ਦਾ ਡੋਪ ਟੈਸਟ ਪਾਜ਼ੇਟਿਵ ਆਉਣ ਤੇ ਐੱਨਡੀਪੀਐੱਸ ਐਕਟ ਦੀਆਂ ਧਾਰਾਵਾਂ ਦਾ ਵਾਧਾ ਵੀ ਕੀਤਾ ਗਿਆ ਹੈ। ਮੁਲਜ਼ਮਾਂ ਦੇ ਕਬਜ਼ੇ ਵਿਚੋਂ ਬਾਰਮਦ 18 ਮੋਟਰਸਾਈਕਲ, 3 ਐਕਟਿਵਾ ਅਤੇ 2 ਸਾਈਕਲ, ਇਕ ਨਕਲੀ ਪਿਸਤੌਲ ਅਤੇ ਇਕ ਤੇਜ਼ਧਾਰ ਕਾਪਾ, 4 ਗੈਸ ਸਿਲੰਡਰ, ਇਕ ਇਨਵਰਟਰ-ਬੈਟਰਾ ਅਤੇ ਇਕ ਖੋਹਿਆ ਹੋਇਆ ਪਰਸ ਬਰਾਮਦ ਹੋਏ ਹਨ। ਪੁਲਿਸ ਅਨੁਸਾਰ ਇਨ੍ਹਾਂ ਪਾਸੋਂ ਪੁੱਛਗਿੱਛ ਦੌਰਾਨ ਹੋਰ ਵੀ ਕਈ ਅਹਿਮ ਖ਼ੁਲਾਸੇ ਹੋਣ ਦੀ ਉਮੀਦ ਹੈ।