ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਹੈ ਕਿ ਪੰਜਾਬ ਸਕੂਲ ਸਿੱਖਿਆ ਬੋਰਡ ਦੀ 10ਵੀਂ ਕਲਾਸ ਦਾ ਨਤੀਜਾ ਉਨ੍ਹਾਂ ਦੀ ਸਰਕਾਰ ਵੱਲੋਂ ਸੂਬੇ ਲਿਆਂਦੀ ਗਈ ਸਿੱਖਿਆ ਕ੍ਰਾਂਤੀ ਦਾ ਸਬੂਤ ਹੈ। ਉਨ੍ਹਾਂ ਕਿਹਾ ਕਿ ਸੂਬੇ ਦੇ ਬੱਚਿਆਂ ’ਚ ਅਥਾਹ ਪ੍ਰਤਿਭਾ ਹੈ। ਸਾਡੀ ਸਰਕਾਰ ਉਨ੍ਹਾਂ ਨੂੰ ਲੋੜੀਂਦਾ ਪਲੇਟਫਾਰਮ ਤੇ ਬੁਨਿਆਦੀ ਢਾਂਚਾ ਮੁਹਈਆ ਕਰਵਾ ਰਹੀ ਹੈ।

ਪੰਜਾਬੀ ਜਾਗਰਣ ਬਿਊਰੋ, ਚੰਡੀਗੜ੍ਹ : ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਹੈ ਕਿ ਪੰਜਾਬ ਸਕੂਲ ਸਿੱਖਿਆ ਬੋਰਡ ਦੀ 10ਵੀਂ ਕਲਾਸ ਦਾ ਨਤੀਜਾ ਉਨ੍ਹਾਂ ਦੀ ਸਰਕਾਰ ਵੱਲੋਂ ਸੂਬੇ ਲਿਆਂਦੀ ਗਈ ਸਿੱਖਿਆ ਕ੍ਰਾਂਤੀ ਦਾ ਸਬੂਤ ਹੈ। ਉਨ੍ਹਾਂ ਕਿਹਾ ਕਿ ਸੂਬੇ ਦੇ ਬੱਚਿਆਂ ’ਚ ਅਥਾਹ ਪ੍ਰਤਿਭਾ ਹੈ। ਸਾਡੀ ਸਰਕਾਰ ਉਨ੍ਹਾਂ ਨੂੰ ਲੋੜੀਂਦਾ ਪਲੇਟਫਾਰਮ ਤੇ ਬੁਨਿਆਦੀ ਢਾਂਚਾ ਮੁਹਈਆ ਕਰਵਾ ਰਹੀ ਹੈ। ਮੁੱਖ ਮੰਤਰੀ ਨੇ ਇਹ ਗੱਲਾਂ ਮੰਗਲਵਾਰ ਨੂੰ 10ਵੀਂ ’ਚ ਪਹਿਲੇ ਤਿੰਨ ਸਥਾਨਾਂ ’ਤੇ ਰਹਿਣ ਵਾਲੇ ਵਿਦਿਆਰਥੀਆਂ ਨਾਲ ਮੁਲਾਕਾਤ ਦੌਰਾਨ ਕਹੀਆਂ। ਇਸ ਦੌਰਾਨ ਉਨ੍ਹਾਂ ਐਲਾਨ ਕੀਤਾ ਕਿ ਤਿੰਨੇ ਵਿਦਿਆਰਥੀ ਆਪਣੀ ਪਸੰਦ ਦੀ ਕਿਸੇ ਵੀ ਸਟ੍ਰੀਮ ’ਚ ਸਕੂਲ ਆਫ਼ ਐਮੀਨੈਂਸ ’ਚ ਸਿੱਧਾ ਦਾਖ਼ਲਾ ਲੈ ਸਕਣਗੇ। ਉਨ੍ਹਾਂ ਵਿਦਿਆਰਥੀਆਂ ਨੂੰ ਪ੍ਰਸੰਸਾ ਵਜੋਂ 50,000-50,000 ਰੁਪਏ ਦੇ ਚੈੱਕ ਵੀ ਸੌਂਪੇ।
ਮੁੱਖ ਮੰਤਰੀ ਨੇ ਮਾਨ ਨੇ ਹਰਲੀਨ ਸ਼ਰਮਾ, ਮਨੀਮਹੇਸ਼ ਸ਼ਰਮਾ ਤੇ ਰੀਆ ਰਾਣੀ, ਜਿਨ੍ਹਾਂ ਨੇ ਪ੍ਰੀਖਿਆ ’ਚ ਕ੍ਰਮਵਾਰ 99.38 ਫੀਸਦੀ, 99.23 ਫੀਸਦੀ ਤੇ 99.23 ਫੀਸਦੀ ਪ੍ਰਾਪਤ ਕੀਤੇ ਹਨ, ਨੂੰ ਵਧਾਈ ਦਿੰਦਿਆਂ ਕਿਹਾ ਕਿ ਵਿਦਿਆਰਥੀਆਂ ਨੇ ਮਿਹਨਤ, ਲਗਨ ਤੇ ਦ੍ਰਿੜ੍ਹ ਇਰਾਦੇ ਨਾਲ ਇਹ ਸਫ਼ਲਤਾ ਪ੍ਰਾਪਤ ਕੀਤੀ ਹੈ। ਇਹ ਸਾਡੇ ਸਾਰਿਆਂ ਲਈ ਮਾਣਮੱਤਾ ਤੇ ਯਾਦਗਾਰੀ ਮੌਕਾ ਹੈ। ਵਿਦਿਆਰਥੀ, ਉਨ੍ਹਾਂ ਦੇ ਮਾਪੇ ਤੇ ਅਧਿਆਪਕ ਇਸ ਪ੍ਰਾਪਤੀ ਲਈ ਪ੍ਰਸੰਸਾ ਦੇ ਹੱਕਦਾਰ ਹਨ। ਮੁੱਖ ਮੰਤਰੀ ਨੇ ਕਿਹਾ ਇਹ ਵਿਦਿਆਰਥੀ ਆਪਣੇ ਸਾਥੀਆਂ ਤੇ ਨੌਜਵਾਨ ਪੀੜ੍ਹੀ ਲਈ ਰੋਲ ਮਾਡਲ ਬਣਨਗੇ। ਉਹ ਅਣਗਿਣਤ ਹੋਰ ਵਿਦਿਆਰਥੀਆਂ ਨੂੰ ਸਿੱਖਿਆ ਦੇ ਖੇਤਰ ’ਚ ਸਫ਼ਲਤਾ ਪ੍ਰਾਪਤ ਕਰਨ ਲਈ ਪ੍ਰੇਰਿਤ ਕਰਨਗੇ। ਇਨ੍ਹਾਂ ਬੱਚਿਆਂ ਨੇ ਸਾਬਤ ਕਰ ਦਿੱਤਾ ਹੈ ਕਿ ਜੇ ਉਨ੍ਹਾਂ ਨੂੰ ਉੱਡਣ ਲਈ ਖੰਭ ਦਿੱਤੇ ਜਾਣ ਤਾਂ ਉਹ ਹਰ ਖੇਤਰ ’ਚ ਉੱਚਾਈਆਂ `ਤੇ ਉੱਡ ਸਕਦੇ ਹਨ। ਸਾਡੀ ਸਰਕਾਰ ਸੂਬੇ ਦੇ ਹਰ ਵਿਦਿਆਰਥੀ ਨੂੰ ਮਿਆਰੀ ਸਕੂਲ ਸਿੱਖਿਆ ਲਈ ਸਭ ਤੋਂ ਵਧੀਆ ਮਾਹੌਲ ਮੁਹੱਈਆ ਕਰਨ ਲਈ ਪੂਰੀ ਤਰ੍ਹਾਂ ਵਚਨਬੱਧ ਹੈ। ਉਨ੍ਹਾਂ ਪੰਜਾਬ ਦੇ ਬੱਚਿਆਂ ਵਿੱਚ ਅਥਾਹ ਪ੍ਰਤਿਭਾ ਹੈ ਅਤੇ ਹੁਣ ਉਨ੍ਹਾਂ ਨੂੰ ਦੇਸ਼ ਦੇ ਸਭ ਤੋਂ ਵਧੀਆ ਵਿਦਿਆਰਥੀਆਂ ਨਾਲ ਮੁਕਾਬਲਾ ਕਰਨ ਲਈ ਲੋੜੀਂਦਾ ਪਲੇਟਫਾਰਮ ਅਤੇ ਬੁਨਿਆਦੀ ਢਾਂਚਾ ਮਿਲ ਰਿਹਾ ਹੈ। ਮੁੱਖ ਮੰਤਰੀ ਨੇ ਐਲਾਨ ਕੀਤਾ ਕਿ ਤਿੰਨੇ ਵਿਦਿਆਰਥੀ ਆਪਣੀ ਪਸੰਦ ਦੀ ਕਿਸੇ ਵੀ ਸਟ੍ਰੀਮ ਵਿਚ ਸਕੂਲ ਆਫ਼ ਐਮੀਨੈਂਸ ਵਿਚ ਸਿੱਧਾ ਦਾਖ਼ਲਾ ਲੈ ਸਕਣਗੇ। ਉਨ੍ਹਾਂ ਨੇ ਵਿਦਿਆਰਥੀਆਂ ਨੂੰ ਉਨ੍ਹਾਂ ਦੀ ਸ਼ਾਨਦਾਰ ਪ੍ਰਾਪਤੀ ਲਈ ਪ੍ਰਸੰਸਾ ਵਜੋਂ 50,000 ਰੁਪਏ ਦੇ ਚੈੱਕ ਵੀ ਸੌਂਪੇ।
ਮੁੱਖ ਮੰਤਰੀ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਦੀ ‘ਸਿੱਖਿਆ ਕ੍ਰਾਂਤੀ’ ਨੇ ਸਰਕਾਰੀ ਸਕੂਲਾਂ ’ਚ ਸ਼ਾਨਦਾਰ ਤਬਦੀਲੀ ਲਿਆਂਦੀ ਹੈ। ਪੰਜਾਬ ਸਕੂਲ ਸਿੱਖਿਆ ਬੋਰਡ ਦੇ 10ਵੀਂ ਜਮਾਤ ਦੇ ਨਤੀਜਿਆਂ ਨੇ ਨਾ ਸਿਰਫ਼ ਪ੍ਰਭਾਵਸ਼ਾਲੀ 94.52 ਪਾਸ ਫ਼ੀਸਦ ਦਰਜ ਕੀਤੀ, ਸਗੋਂ ਮੈਰਿਟ ’ਚ ਸਰਕਾਰੀ ਸਕੂਲਾਂ ਦੇ ਵਿਦਿਆਰਥੀਆਂ ਦੇ ਵਧਦੇ ਦਬਦਬੇ ਨੂੰ ਵੀ ਦਰਸਾਇਆ ਹੈ। ਇਸ ਪ੍ਰੀਖਿਆ ’ਚ 2,54,744 ਵਿਦਿਆਰਥੀ ਪਾਸ ਹੋਏ, ਕੁੜੀਆਂ ਨੇ ਪਹਿਲੇ ਤਿੰਨ ਸਥਾਨਾਂ ’ਚੋਂ ਦੋ ਸਥਾਨ ਪ੍ਰਾਪਤ ਕੀਤੇ, ਜਦਕਿ ਸਰਕਾਰੀ ਸਕੂਲਾਂ ਦੇ 88 ਵਿਦਿਆਰਥੀਆਂ ਨੇ ਮੈਰਿਟ ਸੂਚੀ ’ਚ ਸਥਾਨ ਪ੍ਰਾਪਤ ਕੀਤਾ, ਜੋ ਸਰਕਾਰ ਦੇ ਆਧੁਨਿਕ ਕਲਾਸਰੂਮਾਂ, ਅਧਿਆਪਕ ਸਿਖਲਾਈ ਤੇ ਬਰਾਬਰ ਵਿੱਦਿਅਕ ਮੌਕਿਆਂ ’ਤੇ ਧਿਆਨ ਕੇਂਦਰਿਤ ਕਰਨ ਦੁਆਰਾ ਲਿਆਂਦੇ ਗਏ ਵਿਆਪਕ ਬਦਲਾਅ ਨੂੰ ਦਰਸਾਉਂਦਾ ਹੈ।
ਮੁੱਖ ਮੰਤਰੀ ਨੇ ਕਿਹਾ ਕਿ ਭਾਰਤ ਸਰਕਾਰ ਦੇ ਪ੍ਰਮੁੱਖ ਅਦਾਰਿਆਂ ’ਚੋਂ ਇਕ ਨੀਤੀ ਆਯੋਗ ਨੇ ਨਵੇਂ ਅੰਕੜੇ ਜਾਰੀ ਕੀਤੇ ਹਨ, ਜੋ ਦਰਸਾਉਂਦੇ ਹਨ ਕਿ ਪੰਜਾਬ ਨੇ ਪ੍ਰਾਇਮਰੀ ਤੇ ਮਿਡਲ-ਸਕੂਲ ਸਿੱਖਿਆ ’ਚ ਕੇਰਲਾ, ਮਹਾਰਾਸ਼ਟਰ ਤੇ ਦਿੱਲੀ ਨੂੰ ਪਛਾੜ ਕੇ ਪਹਿਲਾ ਸਥਾਨ ਹਾਸਲ ਕੀਤਾ ਹੈ। ਇਹ ਇਸ ਗੱਲ ਦਾ ਸਬੂਤ ਹੈ ਕਿ ਸਰਕਾਰ ਨੇ ਪ੍ਰਾਇਮਰੀ ਤੇ ਮਿਡਲ ਸਕੂਲਾਂ ਨੂੰ ਅਪਗ੍ਰੇਡ ਕੀਤਾ ਹੈ, ਸਿੱਖਿਆ ਪ੍ਰਣਾਲੀ ਨੂੰ ਮਜ਼ਬੂਤ ਕੀਤਾ ਹੈ, ਸਮਾਰਟ ਕਲਾਸਰੂਮ ਸ਼ੁਰੂ ਕੀਤੇ ਹਨ ਤੇ ਅਧਿਆਪਕਾਂ ਨੂੰ ਮਿਆਰੀ ਸਿਖਲਾਈ ਮੁਹੱਈਆ ਕੀਤੀ ਹੈ। ਇਹ ਸੁਧਾਰ ਹੁਣ ਪ੍ਰਤੱਖ ਨਤੀਜੇ ਦੇ ਰਹੇ ਹਨ ਤੇ ਪੰਜਾਬ ਸਕੂਲ ਸਿੱਖਿਆ ’ਚ ਮੋਹਰੀ ਵਜੋਂ ਉੱਭਰ ਰਿਹਾ ਹੈ। ਪਿਛਲੇ ਚਾਰ ਸਾਲਾਂ ਤੋਂ ਪੰਜਾਬ ਸਰਕਾਰ ਨੇ ਅਧਿਆਪਕ ਸਿਖਲਾਈ, ਆਧੁਨਿਕ ਅਧਿਆਪਨ ਵਿਧੀਆਂ ਅਤੇ ਸਮਾਰਟ ਕਲਾਸਰੂਮਾਂ `ਤੇ ਲਗਾਤਾਰ ਧਿਆਨ ਕੇਂਦਰਿਤ ਕੀਤਾ ਹੈ। ਪਹਿਲਾਂ ਕੇਰਲਾ ਸਿਖਰਲਾ ਸਥਾਨ ਰੱਖਦਾ ਸੀ ਪਰ ਅੱਜ ਪੰਜਾਬ ਨੇ ਵੱਡੇ ਫਰਕ ਨਾਲ ਪਹਿਲਾ ਸਥਾਨ ਹਾਸਲ ਕਰ ਲਿਆ ਹੈ।ਇਸ ਮੌਕੇ ਸਿੱਖਿਆ ਸਕੱਤਰ ਸੋਨਾਲੀ ਗਿਰਿ ਅਤੇ ਕਈ ਹੋਰ ਪਤਵੰਤੇ ਵੀ ਮੌਜੂਦ ਸਨ। ਉਧਰ ਕਿਸੇ ਕਾਰਨ ਸਿੱਖਿਆ ਮੰਤਰੀ ਵਿਦਿਆਰਥੀਆਂ ਨੂੰ ਸਨਮਾਨਤ ਕਰਨ ਵਾਲੇ ਸਮਾਗਮ ਵਿਚ ਹਾਜ਼ਰ ਨਹੀਂ ਸਨ।