10 ਹਜ਼ਾਰ ਕਿਸਾਨ ਚੰਡੀਗੜ੍ਹ ਵੱਲ ਪਾਉਣਗੇ ਚਾਲੇ
10 ਹਜ਼ਾਰ ਕਿਸਾਨ ਮੁਹਾਲੀ ਵਿਚ ਇਕੱਠੇ ਹੋ ਕੇ ਚੰਡੀਗੜ੍ਹ ਵੱਲ ਪਾਉਣਗੇ ਚਾਲੇ
Publish Date: Mon, 11 May 2026 05:53 PM (IST)
Updated Date: Mon, 11 May 2026 05:57 PM (IST)

- ਬੀਬੀਐੱਮਬੀ ’ਚੋਂ ਪੰਜਾਬ ਦੀ ਪੱਕੀ ਮੈਂਬਰੀ ਦਾ ਹੱਕ ਖੋਹਣ ਖ਼ਿਲਾਫ਼ ਰਾਜਪਾਲ ਹਾਊਸ ਵੱਲ ਮਾਰਚ ਕਰਨਗੇ ਕਿਸਾਨ ਦਰਸ਼ਨ ਸਿੰਘ ਸੋਢੀ, ਪੰਜਾਬੀ ਜਾਗਰਣ ਮੁਹਾਲੀ : ਭਾਖੜਾ ਬਿਆਸ ਪ੍ਰਬੰਧਕੀ ਬੋਰਡ ’ਚੋਂ ਪੰਜਾਬ ਦੀ ਸਥਾਈ ਮੈਂਬਰੀ ਦਾ ਹੱਕ ਖੋਹਣ ਦੇ ਖ਼ਿਲਾਫ਼ ਸੰਯੁਕਤ ਕਿਸਾਨ ਮੋਰਚਾ (ਐੱਸਕੇਐੱਮ) ਪੰਜਾਬ ਦੇ ਸੱਦੇ ’ਤੇ 15 ਮਈ ਨੂੰ 10 ਹਜ਼ਾਰ ਕਿਸਾਨ ਅਤੇ ਮਜ਼ਦੂਰ ਪੰਜਾਬ ਰਾਜਪਾਲ ਦੇ ਹਾਊਸ ਵੱਲ ਮਾਰਚ ਕਰਨਗੇ। ਇਸ ਸਬੰਧੀ ਪਿੰਡਾਂ ਦੀਆਂ ਸੱਥਾਂ ਵਿਚ ਜਾ ਕੇ ਕਿਸਾਨਾਂ ਅਤੇ ਮਜ਼ਦੂਰਾਂ ਦੀ ਲਾਮਬੰਦੀ ਕੀਤੀ ਜਾ ਰਹੀ ਹੈ। ਭਾਰਤੀ ਕਿਸਾਨ ਯੂਨੀਅਨ (ਰਾਜੇਵਾਲ) ਦੇ ਸੂਬਾ ਸਕੱਤਰ ਪਰਮਦੀਪ ਸਿੰਘ ਬੈਦਵਾਨ ਅਤੇ ਭਾਰਤੀ ਕਿਸਾਨ ਯੂਨੀਅਨ (ਏਕਤਾ-ਡਕੌਂਡਾ) ਦੇ ਸੂਬਾ ਪ੍ਰੈੱਸ ਸਕੱਤਰ ਅੰਗਰੇਜ਼ ਸਿੰਘ ਭਦੌੜ ਨੇ ਦੱਸਿਆ ਕਿ ਸੋਮਵਾਰ ਨੂੰ ਉਨ੍ਹਾਂ ਨੇ ਇਤਿਹਾਸਕ ਗੁਰਦੁਆਰਾ ਅੰਬ ਸਾਹਿਬ ਵਿਖੇ ਕਿਸਾਨਾਂ-ਮਜ਼ਦੂਰਾਂ ਲਈ ਲੰਗਰ ਤਿਆਰ ਕਰਨ ਦੀ ਅਪੀਲ ਕੀਤੀ। ਉਨ੍ਹਾਂ ਦੱਸਿਆ ਕਿ 15 ਮਈ ਨੂੰ ਸਾਰੀਆਂ ਜਥੇਬੰਦੀਆਂ ਦੇ ਪ੍ਰਮੁੱਖ ਆਗੂ ਅਤੇ ਵਰਕਰ ਵਾਈਪੀਐੱਸ ਸਕੂਲ ਦੇ ਸਾਹਮਣੇ ਸ਼ਹੀਦ ਭਗਤ ਸਿੰਘ ਨੇਚਰ ਪਾਰਕ ਫੇਜ਼-8 ਵਿਖੇ ਸਵੇਰੇ ਇਕੱਠੇ ਹੋਣਗੇ ਅਤੇ ਇੱਥੇ ਕਿਸਾਨੀ ਮੰਗਾਂ ਅਤੇ ਪੰਜਾਬ ਦੇ ਭਖਦੇ ਮੁੱਦਿਆਂ ’ਤੇ ਲੰਮੀ ਚਰਚਾ ਕਰਨ ਤੋਂ ਬਾਅਦ ਗਵਰਨਰ ਹਾਊਸ ਵੱਲ ਚਾਲੇ ਪਾਏ ਜਾਣਗੇ। ਉਨ੍ਹਾਂ ਕਿਹਾ ਕਿ ਪੰਜਾਬ ਦੇ ਪਾਣੀਆਂ ਦਾ ਮਸਲਾ ਰਿਪੇਰੀਅਨ ਬੇਸਿਨ ਸਿਧਾਂਤ ਅਨੁਸਾਰ ਹੱਲ ਕੀਤਾ ਜਾਵੇ, ਪੰਜਾਬ ਪੁਨਰਗਠਨ ਐਕਟ ਦੀਆਂ ਵਿਤਕਰੇ ਪੂਰਨ ਧਾਰਾਵਾਂ 78, 79 ਅਤੇ 80 ਰੱਦ ਕੀਤੀਆਂ ਜਾਣ, ਪੰਜਾਬ ਦੇ ਪਾਣੀਆਂ ਸਬੰਧੀ ਕੀਤੇ ਗਏ ਸਾਰੇ ਗ਼ੈਰ ਅਸੂਲੀ ਸਮਝੌਤੇ ਅਤੇ ਐਵਾਰਡ ਰੱਦ ਕੀਤੇ ਜਾਣ, ਹਰ ਘਰ ਨੂੰ ਪੀਣ ਵਾਲਾ ਸਾਫ਼ ਪਾਣੀ ਅਤੇ ਹਰ ਘਰ ਨੂੰ ਨਹਿਰੀ ਪਾਣੀ ਦੀ ਸਪਲਾਈ ਯਕੀਨੀ ਬਣਾਈ ਜਾਵੇ, ਡੈਮ ਸੇਫਟੀ ਐਕਟ ਅਤੇ ਜਲ ਸੋਧ ਐਕਟ ਰੱਦ ਕੀਤਾ ਜਾਵੇ ਅਤੇ ਦੂਸ਼ਿਤ ਪਾਣੀ ਨਹਿਰਾਂ, ਦਰਿਆਵਾਂ ਵਿਚ ਪੈਣ ਨੂੰ ਸਜ਼ਾ ਯੋਗ ਅਪਰਾਧ ਐਲਾਨਿਆ ਜਾਵੇ। ਇਸ ਤੋਂ ਇਲਾਵਾ ਪੰਜਾਬ ਦੀ ਰਾਜਧਾਨੀ ਚੰਡੀਗੜ੍ਹ ਪੰਜਾਬ ਨੂੰ ਸੌਂਪਣ ਅਤੇ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਪੰਜਾਬ ਨੂੰ ਸੌਂਪਣ ਦੀ ਮੰਗ ਕੀਤੀ ਜਾਵੇਗੀ।