ਅਲਾਰਮ ਵੱਜਦੇ ਹੀ ਉੱਥੇ ਤਾਇਨਾਤ ਪੁਲਿਸ ਮੁਲਾਜ਼ਮ ਚੌਕਸ ਹੋ ਗਏ। ਪਰਸ ਦੀ ਤਲਾਸ਼ੀ ਲੈਣ 'ਤੇ ਪਿਸਤੌਲ ਬਰਾਮਦ ਹੋਈ। ਪੁਲਿਸ ਮੁਲਾਜ਼ਮ ਘਬਰਾ ਗਏ ਤੇ ਤੁਰੰਤ ਪਰਸ ਤੇ ਪਿਸਤੌਲ ਨੂੰ ਕਬਜ਼ੇ 'ਚ ਲੈ ਕੇ ਔਰਤ ਤੇ ਉਸ ਦੇ ਦੋਸਤ ਨੂੰ ਹਿਰਾਸਤ 'ਚ ਲੈ ਲਿਆ। ਸੂਚਨਾ ਮਿਲਦੇ ਹੀ ਡੀਐੱਸਪੀ ਧੀਰਜ ਕੁਮਾਰ ਮੌਕੇ 'ਤੇ ਪਹੁੰਚੇ।

ਜਾਗਰਣ ਸੰਵਾਦਦਾਤਾ, ਚੰਡੀਗੜ੍ਹ : ਸੈਕਟਰ-43 ਸਥਿਤ ਜ਼ਿਲ੍ਹਾ ਅਦਾਲਤ 'ਚ ਸ਼ਨਿਚਰਵਾਰ ਨੂੰ ਇਕ ਔਰਤ ਪਿਸਤੌਲ ਲੈ ਕੇ ਪਹੁੰਚੀ। ਐਂਟਰੀ ਗੇਟ 'ਤੇ ਸਕੈਨਿੰਗ ਮਸ਼ੀਨ ਦਾ ਰੈੱਡ ਅਲਾਰਮ ਵੱਜਦਿਆਂ ਹੀ ਸੁਰੱਖਿਆ ਮੁਲਾਜ਼ਮਾਂ ਨੂੰ ਭਾਜੜਾਂ ਪੈ ਗਈਆਂ ਤੇ ਔਰਤ ਫੜੀ ਗਈ। ਪੁਲਿਸ ਨੇ ਮਾਮਲੇ 'ਚ FIR ਦਰਜ ਕਰ ਕੇ ਪਿਸਤੌਲ ਕਬਜ਼ੇ 'ਚ ਲੈ ਲਿਆ ਹੈ।
ਜਾਣਕਾਰੀ ਅਨੁਸਾਰ, ਖਰੜ ਦੀ ਰਹਿਣ ਵਾਲੀ ਲਵਪ੍ਰੀਤ ਆਪਣੇ ਦੋਸਤ ਮੋਹਾਲੀ ਨਿਵਾਸੀ ਬਲਕਰਨ ਨਾਲ ਕੇਸ ਦੇ ਸਿਲਸਿਲੇ 'ਚ ਜ਼ਿਲ੍ਹਾ ਅਦਾਲਤ ਆਈ ਸੀ। ਦੋਵਾਂ ਨੇ ਆਪਣੀ ਗੱਡੀ ਬਾਹਰ ਪਾਰਕ ਕੀਤੀ ਤੇ ਪੈਦਲ ਅਦਾਲਤ ਕੰਪਲੈਕਸ 'ਚ ਦਾਖਲ ਹੋਣ ਲੱਗੇ। ਜਦੋਂ ਔਰਤ ਨੇ ਸਕੈਨਿੰਗ ਮਸ਼ੀਨ 'ਤੇ ਆਪਣਾ ਪਰਸ ਜਾਂਚ ਲਈ ਰੱਖਿਆ ਤਾਂ ਰੈੱਡ ਅਲਰਟ ਅਲਾਰਮ ਵੱਜਣ ਲੱਗ ਪਿਆ।
ਅਲਾਰਮ ਵੱਜਦੇ ਹੀ ਉੱਥੇ ਤਾਇਨਾਤ ਪੁਲਿਸ ਮੁਲਾਜ਼ਮ ਚੌਕਸ ਹੋ ਗਏ। ਪਰਸ ਦੀ ਤਲਾਸ਼ੀ ਲੈਣ 'ਤੇ ਪਿਸਤੌਲ ਬਰਾਮਦ ਹੋਈ। ਪੁਲਿਸ ਮੁਲਾਜ਼ਮ ਘਬਰਾ ਗਏ ਤੇ ਤੁਰੰਤ ਪਰਸ ਤੇ ਪਿਸਤੌਲ ਨੂੰ ਕਬਜ਼ੇ 'ਚ ਲੈ ਕੇ ਔਰਤ ਤੇ ਉਸ ਦੇ ਦੋਸਤ ਨੂੰ ਹਿਰਾਸਤ 'ਚ ਲੈ ਲਿਆ। ਸੂਚਨਾ ਮਿਲਦੇ ਹੀ ਡੀਐੱਸਪੀ ਧੀਰਜ ਕੁਮਾਰ ਮੌਕੇ 'ਤੇ ਪਹੁੰਚੇ।
ਬਲਕਰਨ ਨੇ ਦੱਸਿਆ ਕਿ ਪਿਸਤੌਲ ਉਸ ਦੀ ਹੈ ਜਿਸ ਦਾ ਲਾਇਸੈਂਸ ਵੀ ਹੈ। ਪਿਸਤੌਲ ਗੱਡੀ 'ਚ ਰੱਖਣੀ ਸੀ, ਪਰ ਗਲਤੀ ਨਾਲ ਔਰਤ ਦੇ ਪਰਸ 'ਚ ਰਹਿ ਗਈ। ਉੱਥੇ ਹੀ, ਔਰਤ ਨੇ ਕਿਹਾ ਕਿ ਉਸ ਨੂੰ ਇਹ ਜਾਣਕਾਰੀ ਨਹੀਂ ਸੀ ਕਿ ਉਸ ਦੇ ਪਰਸ ਵਿੱਚ ਪਿਸਤੌਲ ਹੈ। ਪੁਲਿਸ ਨੂੰ ਦੋਵਾਂ ਦੇ ਬਿਆਨਾਂ 'ਤੇ ਸ਼ੱਕ ਹੋਇਆ ਕਿਉਂਕਿ ਪਿਸਤੌਲ ਮਾਲਕ ਕੋਲ ਨਾ ਹੋ ਕੇ ਦੂਜੇ ਵਿਅਕਤੀ ਕੋਲ ਕਿਵੇਂ ਪਹੁੰਚੀ।
ਜ਼ਿਲ੍ਹਾ ਅਦਾਲਤ 'ਚ ਪਹਿਲਾਂ ਵੀ ਗੋਲੀਆਂ ਚੱਲ ਚੁੱਕੀਆਂ ਹਨ। 3 ਅਗਸਤ 2024 ਨੂੰ ਪੰਜਾਬ ਪੁਲਿਸ ਦੇ ਮੁਅੱਤਲ ਏਆਈਜੀ ਮਲਵਿੰਦਰ ਸਿੰਘ ਸਿੱਧੂ ਨੇ ਚੰਡੀਗੜ੍ਹ ਜ਼ਿਲ੍ਹਾ ਅਦਾਲਤ 'ਚ ਆਪਣੇ ਜਵਾਈ ਆਈਏਐੱਸ ਹਰਪ੍ਰੀਤ ਸਿੰਘ ਨੂੰ ਚਾਰ ਗੋਲੀਆਂ ਮਾਰੀਆਂ ਸਨ। ਹਸਪਤਾਲ ਲਿਜਾਂਦੇ ਸਮੇਂ ਹਰਪ੍ਰੀਤ ਦੀ ਮੌਤ ਹੋ ਗਈ ਸੀ।
ਹਰਪ੍ਰੀਤ ਦਾ ਕਾਫੀ ਸਮੇਂ ਤੋਂ ਪਤਨੀ ਨਾਲ ਵਿਵਾਦ ਚੱਲ ਰਿਹਾ ਸੀ। ਤਲਾਕ ਤੋਂ ਪਹਿਲਾਂ ਸਮਝੌਤੇ ਦਾ ਮਾਮਲਾ ਚੰਡੀਗੜ੍ਹ ਕੋਰਟ ਦੇ ਵਿਚੋਲਗੀ ਕੇਂਦਰ (Mediation Centre) 'ਚ ਚੱਲ ਰਿਹਾ ਸੀ। ਹਰਪ੍ਰੀਤ ਦੀ ਪਤਨੀ ਵਿਦੇਸ਼ ਵਿੱਚ ਹੋਣ ਕਾਰਨ ਉਸ ਦੀ ਜਗ੍ਹਾ ਉਸ ਦੇ ਪਿਤਾ ਮਲਵਿੰਦਰ ਸਿੰਘ ਸਿੱਧੂ ਸੁਣਵਾਈ ਲਈ ਪਹੁੰਚੇ ਸਨ। ਉਸ ਦਿਨ ਮਾਮਲੇ ਦੀ ਤੀਜੀ ਸੁਣਵਾਈ ਸੀ।