ਲਿੰਕ ਸੜਕ ਦੀ ਮੁਰੰਮਤ ਆਪਣੇ ਖਰਚੇ ’ਤੇ ਕਰਵਾਵਾਂਗਾ : ਸਿੱਧੂ
ਲਿੰਕ ਸੜਕ ਦੀ ਮੁਰੰਮਤ ਆਪਣੇ ਖਰਚੇ ’ਤੇ ਕਰਵਾਵਾਂਗਾ : ਬਲਵੀਰ ਸਿੱਧੂ
Publish Date: Mon, 15 Sep 2025 07:00 PM (IST)
Updated Date: Mon, 15 Sep 2025 07:02 PM (IST)

ਰਣਜੀਤ ਸਿੰਘ ਰਾਣਾ, ਪੰਜਾਬੀ ਜਾਗਰਣ ਐੱਸਏਐੱਸ ਨਗਰ : ਪੰਜਾਬ ਦੇ ਸਾਬਕਾ ਕੈਬਨਿਟ ਮੰਤਰੀ ਬਲਬੀਰ ਸਿੰਘ ਸਿੱਧੂ ਨੇ ਪਿੰਡ ਸੈਦਪੁਰ ਦੇ ਲੋਕਾਂ ਨੂੰ ਵਿਸ਼ਵਾਸ ਦਿਵਾਇਆ ਹੈ ਕਿ ਉਹ ਛੇਤੀ ਹੀ ਪਿੰਡ ਸਵਾੜਾ, ਸੈਦਪੁਰ, ਗਿੱਦੜਪੁਰ ਨੂੰ ਜੋੜਨ ਵਾਲੀ ਲਿੰਕ ਸੜਕ ਦੀ ਆਪਣੇ ਖਰਚੇ ’ਤੇ ਮੁਰੰਮਤ ਕਰਵਾ ਕੇ ਲੋਕਾਂ ਨੂੰ ਆਵਾਜਾਈ ਸਮੇਂ ਹੁੰਦੀ ਪਰੇਸ਼ਾਨੀ ਤੋਂ ਰਾਹਤ ਦਿਵਾਉਣਗੇ। ਬਲਬੀਰ ਸਿੱਧੂ ਸੋਮਵਾਰ ਨੂੰ ਪਿੰਡ ਸੈਦਪੁਰ ਵਿਖੇ ਸਰਪੰਚ ਨਰਿੰਦਰ ਸਿੰਘ ਸੋਨੀ ਦੇ ਗ੍ਰਹਿ ਵਿਖੇ ਮੀਟਿੰਗ ਮਗਰੋਂ ਆਪਣੇ ਵਿਚਾਰ ਪ੍ਰਗਟ ਕਰ ਰਹੇ ਸਨ। ਇਸ ਮੀਟਿੰਗ ਮੌਕੇ ਮਾਰਕੀਟ ਕਮੇਟੀ ਖਰੜ ਦੇ ਸਾਬਕਾ ਚੇਅਰਮੈਨ ਹਰਕੇਸ਼ ਚੰਦ ਸ਼ਰਮਾ ਮੱਛਲੀ ਕਲਾਂ, ਪਿੰਡ ਦੇ ਸਾਬਕਾ ਸਰਪੰਚ ਸੁਰਜੀਤ ਸਿੰਘ, ਪਿੰਡ ਗਿੱਦੜਪੁਰ ਦੇ ਸਰਪੰਚ ਜਸਵਿੰਦਰ ਸਿੰਘ ਭੱਪਾ, ਮਨਦੀਪ ਸਿੰਘ ਗੋਲਡੀ ਅਤੇ ਹਰਮਿੰਦਰ ਸਿੰਘ ਢਿੱਲੋਂ ਵੀ ਮੌਜੂਦ ਸਨ। ਇਸ ਮੌਕੇ ਸਿੱਧੂ ਨੇ ਪਿੰਡ ਦੇ ਲੋਕਾਂ ਨਾਲ ਗੱਲਬਾਤ ਕੀਤੀ ਤਾਂ ਲੋਕਾਂ ਨੇ ਉਕਤ ਲਿੰਕ ਸੜਕ ਦੀ ਖ਼ਸਤਾ ਹਾਲਤ ਦਾ ਮੁੱਦਾ ਚੁੱਕਿਆ ਅਤੇ ਦੱਸਿਆ ਕਿ ਜਦੋਂ ਦੀ ਪੰਜਾਬ ਅੰਦਰ ‘ਆਪ’ ਦੀ ਸਰਕਾਰ ਬਣੀ ਹੈ, ਉਦੋਂ ਤੋਂ ਹੀ ਇਨ੍ਹਾਂ ਪਿੰਡਾਂ ਦੇ ਵਿਕਾਸ ਕਾਰਜ ਬੁਰੀ ਤਰ੍ਹਾਂ ਠੱਪ ਹੋ ਕੇ ਰਹਿ ਗਏ ਹਨ। ਭਗਵੰਤ ਮਾਨ ਸਰਕਾਰ ਦੇ ਲਗਭਗ ਸਾਢੇ ਤਿੰਨ ਸਾਲਾਂ ਦੇ ਕਾਰਜਕਾਲ ਦੌਰਾਨ ਵਿਕਾਸ ਕਾਰਜਾਂ ਲਈ ਇੱਕ ਧੇਲਾ ਵੀ ਜਾਰੀ ਨਹੀਂ ਹੋਇਆ। ਉਲਟਾ ਪਿਛਲੀ ਕਾਂਗਰਸ ਸਰਕਾਰ ਸਮੇਂ ਬਲਬੀਰ ਸਿੰਘ ਸਿੱਧੂ ਦੁਆਰਾ ਮਨਜ਼ੂਰ ਕੀਤੇ ਗਏ ਕੰਮਾਂ ਨੂੰ ਵੀ ਮਾਨ ਸਰਕਾਰ ਸ਼ੁਰੂ ਨਹੀਂ ਕਰਵਾ ਸਕੀ। ਇਸ ਮੌਕੇ ਬਲਬੀਰ ਸਿੰਘ ਸਿੱਧੂ ਨੇ ਕਿਹਾ ਕਿ ਆਮ ਆਦਮੀ ਪਾਰਟੀ ਸਰਕਾਰ ਦੀਆਂ ਗ਼ਲਤ ਨੀਤੀਆਂ ਕਾਰਨ ਹੀ ਅੱਜ ਪੰਜਾਬ ਅੰਦਰ ਵਿਕਾਸ ਕਾਰਜ ਬੁਰੀ ਤਰ੍ਹਾਂ ਠੱਪ ਪਏ ਹਨ, ਕਾਨੂੰਨ ਵਿਵਸਥਾ ਦੀ ਸਥਿਤੀ ਦਾ ਜਨਜ਼ਾ ਨਿਕਲ ਚੁਕਾ ਹੈ। ਗ਼ੈਰ ਸਮਾਜੀ ਅਨਸਰਾਂ ਅਤੇ ਨੌਸਰਬਾਜ਼ਾਂ ਉੱਪਰੋਂ ਪੁਲਿਸ ਪ੍ਰਸ਼ਾਸਨ ਅਤੇ ਸਰਕਾਰ ਦਾ ਭੈਅ ਖ਼ਤਮ ਹੋਣ ਕਾਰਨ ਪੰਜਾਬ ਅੰਦਰ ਰੋਜ਼ਾਨਾ ਕਤਲ ਅਤੇ ਲੁੱਟ-ਖੋਹਾਂ ਦੀਆਂ ਘਟਨਾਵਾਂ ਵਾਪਰ ਰਹੀਆਂ ਹਨ। ਇਸ ਮੌਕੇ ਪੰਚ ਸੁਖਵਿੰਦਰ ਸਿੰਘ, ਮਾਸਟਰ ਰਣਧੀਰ ਸਿੰਘ, ਸੂਬੇਦਾਰ ਕਰਮ ਸਿੰਘ ਆਦਿ ਹਾਜ਼ਰ ਸਨ।