ਮੁਹਾਲੀ ਜ਼ਿਲ੍ਹੇ ਵਿਚ ਕਣਕ ਦੀ ਵਾਢੀ ਦਾ ਕੰਮ ਜ਼ੋਰਾਂ ’ਤੇ,

- ਛੁੱਟੀ ਵਾਲੇ ਦਿਨ ਵੀ ਮੰਡੀਆਂ ’ਚ ਕੀਤੀ ਜਾ ਰਹੀ ਹੈ ਕਣਕ ਦੀ ਖ਼ਰੀਦ, ਅਦਾਇਗੀ ਸਿੱਧੀ ਕਿਸਾਨਾਂ ਦੇ ਖਾਤੇ
ਦਰਸ਼ਨ ਸਿੰਘ ਸੋਢੀ, ਪੰਜਾਬੀ ਜਾਗਰਣ
ਮੁਹਾਲੀ : ਜ਼ਿਲ੍ਹਾ ਸਾਹਿਬਜ਼ਾਦਾ ਅਜੀਤ ਸਿੰਘ ਨਗਰ ਮੁਹਾਲੀ ’ਚ ਕਣਕ ਦੀ ਵਾਢੀ ਨੇ ਜ਼ੋਰ ਫੜ ਲਿਆ ਹੈ। ਮੌਸਮ ਦੀ ਬੇਰੁਖੀ ਕਾਰਨ ਕਿਸਾਨ ਵੀ ਅਨਾਜ ਸੰਭਾਲਣ ਵਿਚ ਜੁੱਟ ਗਏ ਹਨ। ‘ਪੰਜਾਬੀ ਜਾਗਰਣ’ ਦੀ ਟੀਮ ਨੇ ਵੱਖ-ਵੱਖ ਪਿੰਡਾਂ ਦੁਰਾਲੀ, ਬਠਲਾਣਾ, ਝੰਜੇੜੀ, ਬਡਾਲੀ ਅਤੇ ਰਸਨਹੇੜੀ ਦਾ ਦੌਰਾ ਕਰ ਕੇ ਕਿਸਾਨਾਂ ਅਤੇ ਮਜ਼ਦੂਰਾਂ ਨਾਲ ਗੱਲ ਕੀਤੀ। ਕਈ ਪਿੰਡਾਂ ਵਿਚ ਮਜ਼ਦੂਰ ਵਾਢੀ ਕਰਦੇ ਦੇਖੇ ਗਏ, ਜਦਕਿ ਕਾਫ਼ੀ ਪਿੰਡਾਂ ਵਿਚ ਮਸ਼ੀਨਾਂ ਨਾਲ ਕਣਕ ਕੱਟੀ ਜਾ ਰਹੀ ਸੀ। ਪਿੰਡ ਦੁਰਾਲੀ ਦੇ ਖੇਤਾਂ ਵਿਚ ਕਣਕ ਦੇ ਦਾਣੇ ਕੱਢ ਰਹੇ ਕਿਸਾਨਾਂ ਨੇ ਦੱਸਿਆ ਕਿ ਇਸ ਵਾਰ ਲਗਾਤਰ ਬਾਰਿਸ਼ ਹੋਣ ਕਾਰਨ ਝਾੜ ਘੱਟ ਨਿਕਲਿਆ ਹੈ। ਪਹਿਲਾਂ 20 ਕੁਇੰਟਲ ਕਣਕ ਨਿਕਲ ਆਉਂਦੀ ਸੀ ਪਰ ਇਸ ਵਾਰ 14-15 ਕੁਇੰਟਲ ’ਤੇ ਰਹਿ ਗਈ ਹੈ।
ਉੱਧਰ ਮੁਹਾਲੀ ਜ਼ਿਲ੍ਹੇ ਦੀਆਂ ਅਨਾਜ ਮੰਡੀਆਂ ਵਿਚ ਕਣਕ ਦੀ ਖ਼ਰੀਦ ਪ੍ਰਕਿਰਿਆ ਸੁਚਾਰੂ ਢੰਗ ਨਾਲ ਜਾਰੀ ਹੈ ਅਤੇ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਖ਼ਰੀਦ ਏਜੰਸੀਆਂ ਨਾਲ ਮਿਲ ਕੇ ਕਿਸਾਨਾਂ ਤੋਂ ਫ਼ਸਲ ਦੀ ਸਮੇਂ-ਸਿਰ ਖ਼ਰੀਦ ਨੂੰ ਯਕੀਨੀ ਬਣਾਇਆ ਜਾ ਰਿਹਾ ਹੈ। ਮੁਹਾਲੀ ਦੇ ਡਿਪਟੀ ਕਮਿਸ਼ਨਰ ਕੋਮਲ ਮਿੱਤਲ ਨੇ ਦੱਸਿਆ ਕਿ ਮੁਹਾਲੀ ਜ਼ਿਲ੍ਹੇ ਦੀਆਂ ਮੰਡੀਆਂ ਵਿਚ ਹੁਣ ਤੱਕ 92 ਹਜ਼ਾਰ 850 ਮੀਟ੍ਰਿਕ ਕਣਕ ਦੀ ਖ਼ਰੀਦ ਕੀਤੀ ਗਈ ਹੈ ਅਤੇ ਛੁੱਟੀ ਵਾਲੇ ਦਿਨਾਂ ਵਿਚ ਵੀ ਫ਼ਸਲ ਖ਼ਰੀਦੀ ਜਾ ਰਹੀ ਹੈ ਤਾਂ ਜੋ ਕਿਸਾਨਾਂ ਨੂੰ ਕੋਈ ਮੁਸ਼ਕਿਲ ਪੇਸ਼ ਨਾ ਆਵੇ। ਉਨ੍ਹਾਂ ਦੱਸਿਆ ਕਿ ਮੰਡੀਆਂ ਵਿਚ ਕਿਸਾਨਾਂ ਲਈ ਲੁੜੀਂਦੇ ਪ੍ਰਬੰਧ ਕੀਤੇ ਗਏ ਹਨ। ਲਿਫਟਿੰਗ ਲਈ ਬਾਰਦਾਨੇ ਦੀ ਕੋਈ ਘਾਟ ਨਹੀਂ ਹੈ ਅਤੇ ਲਿਫਟਿੰਗ ਦਾ ਕੰਮ ਵੀ ਨਾਲੋਂ-ਨਾਲ ਕੀਤਾ ਜਾ ਰਿਹਾ ਹੇ ਅਤੇ ਖ਼ਰੀਦੀ ਗਈ ਫ਼ਸਲ ਦੀ ਅਦਾਇਗੀ ਵੀ ਕਿਸਾਨਾਂ ਦੇ ਸਿੱਧੇ ਖਾਤੇ ਵੀ ਪਾਈ ਜਾ ਰਹੀ ਹੈ। ਮੰਡੀਆਂ ’ਚ ਕਣਕ ਦੀ ਖ਼ਰੀਦ, ਭੁਗਤਾਨ ਅਤੇ ਲਿਫਟਿੰਗ ਦੇ ਸਾਰੇ ਪ੍ਰਬੰਧ ਸੁਚਾਰੂ ਢੰਗ ਨਾਲ ਚੱਲ ਰਹੇ ਹਨ। ਕਿਸਾਨਾਂ ਦੀ ਸਹੂਲਤ ਲਈ ਪੀਣ ਵਾਲੇ ਪਾਣੀ, ਸਫ਼ਾਈ, ਬਿਜਲੀ ਦੀਆਂ ਵਧੀਆ ਸਹੂਲਤਾਂ ਯਕੀਨੀ ਬਣਾਈਆਂ ਗਈਆਂ ਹਨ। ਡੀਸੀ ਕੋਮਲ ਮਿੱਤਲ ਨੇ ਦੱਸਿਆ ਕਿ ਹੁਣ ਤੱਕ 91,131 ਮੀਟ੍ਰਿਕ ਟਨ ਕਣਕ ਮੰਡੀਆਂ ਵਿਚ ਆ ਚੁੱਕੀ ਹੈ ਅਤੇ ਸੋਮਵਾਰ ਨੂੰ ਮੁਹਾਲੀ ਜ਼ਿਲ੍ਹੇ ਦੀਆਂ ਮੰਡੀਆਂ ਵਿਚ 11,937 ਮੀਟਰਿਕ ਕਣਕ ਦੀ ਆਮਦ ਹੋਈ ਹੈ। ਅੱਜ 12,219 ਮੀਟਰਿਕ ਟਨ ਕਣਕ ਦੀ ਖ਼ਰੀਦ ਨਾਲ, ਹੁਣ ਤੱਕ ਕੁੱਲ ਖ਼ਰੀਦ 92,850 ਮੀਟ੍ਰਿਕ ਟਨ ਹੋ ਚੁੱਕੀ ਹੈ। ਜ਼ਿਲ੍ਹਾ ਖੁਰਾਕ ਤੇ ਸਪਲਾਈ ਕੰਟਰੋਲਰ ਵਰਿੰਦਰ ਕੁਮਾਰ ਨੇ ਦੱਸਿਆ ਕਿ ਮੰਡੀਆਂ ’ਚ ਕਣਕ ਦੀ ਖ਼ਰੀਦ ਤੋਂ ਬਾਅਦ ਲਿਫਟਿੰਗ ਦਾ ਵੀ ਕੰਮ ਤੇਜ਼ੀ ਨਾਲ ਚੱਲ ਰਿਹਾ ਹੈ। ਸੋਮਵਾਰ ਨੂੰ 7,971 ਮੀਟਰਿਕ ਟਨ ਕਣਕ ਦੀ ਲਿਫਟਿੰਗ ਕੀਤੀ ਗਈ ਹੈ, ਜਿਸ ਨਾਲ ਹੁਣ ਤੱਕ ਕੁੱਲ ਲਿਫਟਿੰਗ ਦਾ ਅੰਕੜਾ 24,156 ਮੀਟਰਿਕ ਟਨ ਹੋ ਗਿਆ ਹੈ।