ਨਹਿਰ ਵਿਚ ਸੁੱਟੇ ਬੱਚਿਆਂ ਦੀਆਂ ਲਾਸ਼ਾਂ ਪਿੰਡ ਪੁੱਜਣ 'ਤੇ ਸੋਗ ਦੀ ਲਹਿਰ ; ਇਨਸਾਫ਼ ਲਈ ਲਾਂਡਰਾਂ-ਖਰੜ ਰੋਡ 'ਤੇ ਲਾਇਆ ਜਾਮ

- ਇਨਸਾਫ਼ ਲਈ ਲਾਂਡਰਾਂ-ਖਰੜ ਰੋਡ 'ਤੇ ਲਾਇਆ ਜਾਮ
ਅਮਰਜੀਤ ਸਿੰਘ, ਪੰਜਾਬੀ ਜਾਗਰਣ
ਮੁਹਾਲੀ : ਐਤਵਾਰ ਨੂੰ ਪਿੰਡ ਮੌਜਪੁਰ ਦੇ ਤਿੰਨ ਭੈਣ-ਭਰਾਵਾਂ ਦੀ ਰਾਜਪੁਰਾ ਨੇੜੇ ਭਾਖੜਾ ਨਹਿਰ ਵਿਚ ਦੁੱਬਣ ਤੋਂ ਬਾਅਦ ਮੌਤ ਹੋ ਜਾਣ ਤੋਂ ਬਾਅਦ ਸੋਮਵਾਰ ਨੂੰ ਜਿਵੇਂ ਹੀ ਐਂਬੂਲੈਂਸ ਰਾਹੀਂ ਬੱਚਿਆਂ ਦੀਆਂ ਲਾਸ਼ਾਂ ਪਿੰਡ ਮੌਜਪੁਰ ਪਹੁੰਚੀਆਂ, ਤਾਂ ਪੂਰੇ ਇਲਾਕੇ ਵਿਚ ਸੋਗ ਦੀ ਲਹਿਰ ਦੌੜ ਗਈ। ਮੌਕੇ ’ਤੇ ਮੌਜੂਦ ਹਰ ਇਕ ਦੀ ਅੱਖ ਨਮ ਸੀ ਅਤੇ ਪਰਿਵਾਰ ਦਾ ਰੋ-ਰੋ ਕੇ ਬੁਰਾ ਹਾਲ ਸੀ। ਇਸ ਦੌਰਾਨ ਭਾਵੁਕ ਅਤੇ ਗੁੱਸੇ ਵਿਚ ਆਏ ਬੱਚਿਆਂ ਦੇ ਦਾਦਾ-ਦਾਦੀ ਨੇ ਰਿਸ਼ਤੇਦਾਰਾਂ ਸਮੇਤ ਪਿੰਡ ਵਾਸੀਆਂ ਨਾਲ ਮਿਲ ਕੇ ਇਨਸਾਫ਼ ਦੀ ਮੰਗ ਨੂੰ ਲੈ ਕੇ ਲਾਂਡਰਾਂ-ਖਰੜ ਮੁੱਖ ਮਾਰਗ ’ਤੇ ਧਰਨਾ ਲਗਾ ਕੇ ਚੱਕਾ ਜਾਮ ਕਰ ਦਿੱਤਾ। ਇਸ ਮੌਕੇ ਬੱਚਿਆਂ ਦੀ ਦਾਦੀ ਗੁਰਮੇਲ ਕੌਰ ਨੇ ਦੱਸਿਆ ਕਿ ਐਤਵਾਰ ਨੂੰ ਉਸ ਦਾ ਪੁੱਤਰ ਪ੍ਰਭਜੋਤ ਸਿੰਘ ਉਰਫ਼ ਮਿੰਟੂ ਆਪਣੀ ਪਤਨੀ ਜਸਵਿੰਦਰ ਕੌਰ ਸਮੇਤ ਤਿੰਨ ਬੱਚਿਆਂ ਏਕਮਪ੍ਰੀਤ ਸਿੰਘ (14), ਮੁਸਕਾਨ (12), ਰਾਜਵੀਰ ਕੌਰ (8) ਨੂੰ ਲੈ ਕੇ ਘਰੋਂ ਚਲਾ ਗਿਆ ਸੀ। ਬੱਚਿਆਂ ਦੀ ਦਾਦੀ ਨੇ ਦੱਸਿਆ ਕਿ ਉਨ੍ਹਾਂ ਨੂੰ ਕੁਝ ਸਮੇਂ ਬਾਅਦ ਫੋਨ ਆਇਆ ਕਿ ਉਸ ਦਾ ਪੁੱਤਰ ਅਤੇ ਨੂੰਹ ਨੇ ਆਪਣੇ ਤਿੰਨੇ ਬੱਚਿਆਂ ਸਮੇਤ ਭਾਖੜਾ ਨਹਿਰ ਵਿਚ ਛਾਲ ਮਾਰ ਦਿੱਤੀ ਹੈ, ਜਿਸ ਕਾਰਨ ਜੋੜੇ ਨੂੰ ਮੌਕੇ ’ਤੇ ਮੌਜੂਦ ਲੋਕਾਂ ਨੇ ਬਚਾਅ ਲਿਆ, ਜਦਕਿ ਤਿੰਨੇ ਬੱਚਿਆਂ ਨੂੰ ਗੋਤਾਖੋਰਾਂ ਦੀ ਮਦਦ ਨਾਲ ਪਾਣੀ ਵਿਚੋਂ ਕੱਢਿਆ ਗਿਆ ਪਰ ਉਦੋਂ ਤੱਕ ਤਿੰਨੇ ਬੱਚਿਆਂ ਦੀ ਪਾਣੀ ਵਿਚ ਡੁੱਬਣ ਕਾਰਨ ਮੌਤ ਹੋਈ।
ਬੱਚਿਆਂ ਦੀ ਦਾਦੀ ਨੇ ਲਾਇਆ ਦੋਸ਼ : ਬੱਚਿਆਂ ਦੀ ਦਾਦੀ ਤੇ ਪਿੰਡ ਵਾਸੀਆਂ ਨੇ ਬੱਚਿਆਂ ਦੇ ਮਾਂ-ਪਿਓ ਖ਼ਿਲਾਫ਼ ਸਖ਼ਤ ਤੋਂ ਸਖ਼ਤ ਕਾਰਵਾਈ ਕਰਨ ਦੀ ਮੰਗ ਕੀਤੀ। ਬੱਚਿਆਂ ਦੀ ਦਾਦੀ ਨੇ ਭਰੇ ਮਨ ਨਾਲ ਦੋਸ਼ ਲਾਇਆ ਕਿ ਬੱਚਿਆਂ ਦੀ ਮਾਂ ਅਕਸਰ ਘਰ ਵਿਚ ਲੜਾਈ-ਝਗੜਾ ਕਰਦੀ ਰਹਿੰਦੀ ਸੀ, ਜਿਸ ਕਾਰਨ ਉਨ੍ਹਾਂ ਦਾ ਪੁੱਤਰ ਆਪਣੇ ਪਰਿਵਾਰ ਸਮੇਤ ਘਰ ਵਿਚ ਹੀ ਅਲੱਗ ਰਹਿਣ ਲਈ ਮਜਬੂਰ ਹੋ ਗਿਆ ਸੀ। ਉਨ੍ਹਾਂ ਨੇ ਦੋਸ਼ ਲਾਇਆ ਕਿ ਬੱਚਿਆਂ ਦੀ ਮਾਂ ਨੇ ਉਨ੍ਹਾਂ ਦਾ ਪੂਰਾ ਹੱਸਦਾ-ਖੇਡਦਾ ਪਰਿਵਾਰ ਉਜਾੜ ਕੇ ਰੱਖ ਦਿੱਤਾ ਹੈ।
ਡੀਐੱਸਪੀ ਸਿਟੀ ਹਰਸਿਮਰਨ ਸਿੰਘ ਬੱਲ ਨੇ ਦਿੱਤਾ ਭਰੋਸਾ : ਜਾਮ ਦੀ ਸੂਚਨਾ ਮਿਲਦਿਆਂ ਹੀ ਪੁਲਿਸ ਪ੍ਰਸ਼ਾਸਨ ਤੁਰੰਤ ਹਰਕਤ ਵਿਚ ਆਇਆ। ਡੀਐੱਸਪੀ ਸਿਟੀ-2 ਹਰਸਿਮਰਨ ਸਿੰਘ ਬੱਲ ਭਾਰੀ ਪੁਲਿਸ ਫੋਰਸ ਸਮੇਤ ਮੌਕੇ ’ਤੇ ਪਹੁੰਚੇ। ਉਨ੍ਹਾਂ ਨੇ ਧਰਨਾ ਦੇ ਰਹੇ ਪਰਿਵਾਰਕ ਮੈਂਬਰਾਂ ਅਤੇ ਪਿੰਡ ਵਾਸੀਆਂ ਨੂੰ ਪਿਆਰ ਨਾਲ ਸਮਝਾਇਆ। ਡੀਐੱਸਪੀ ਬੱਲ ਨੇ ਪੀੜਤ ਪਰਿਵਾਰ ਨੂੰ ਭਰੋਸਾ ਦਿਵਾਇਆ ਕਿ ਪੁਲਿਸ ਵੱਲੋਂ ਮਾਮਲੇ ਦੀ ਬਾਰੀਕੀ ਨਾਲ ਜਾਂਚ ਕੀਤੀ ਜਾ ਰਹੀ ਹੈ ਅਤੇ ਕਾਨੂੰਨ ਮੁਤਾਬਿਕ ਸਖ਼ਤ ਕਾਰਵਾਈ ਅਮਲ ਵਿਚ ਲਿਆਂਦੀ ਜਾਵੇਗੀ। ਪੁਲਿਸ ਦੇ ਪੁਖ਼ਤਾ ਵਿਸ਼ਵਾਸ ਤੋਂ ਬਾਅਦ ਹੀ ਪਿੰਡ ਵਾਸੀਆਂ ਨੇ ਜਾਮ ਖੋਲ੍ਹਿਆ, ਜਿਸ ਮਗਰੋਂ ਨਮ ਅੱਖਾਂ ਨਾਲ ਮਾਸੂਮਾਂ ਦਾ ਅੰਤਿਮ ਸਸਕਾਰ ਕੀਤਾ ਗਿਆ।