- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਇਸੇ ਦਾ ਨਤੀਜਾ ਹੈ ਕਿ 2022 ਤੋਂ 2025 ਵਿਚਾਲੇ 153 ’ਚੋਂ 17 ਬਲਾਕਾਂ ’ਚ ਡਿੱਗਦੇ ਧਰਤੀ ਹੇਠਲੇ ਪਾਣੀ ਦੇ ਪੱਧਰ ’ਚ ਸੁਧਾਰ ਹੋਇਆ ਹੈ। ਹਾਲਾਂਕਿ ਇਹ ਸੁਧਾਰ ਸੀਮਤ ਹੈ। ਸੂਬੇ ’ਚ ਧਰਤੀ ਹੇਠਲੇ ਪਾਣੀ ਦੀ ਵਰਤੋਂ 156 ਫ਼ੀਸਦੀ ਹੈ, ਜੋ ਦੇਸ਼ ’ਚ ਸਭ ਤੋਂ ਵੱਧ ਹੈ। ਮਾਹਿਰਾਂ ਮੁਤਾਬਕ 17 ਬਲਾਕਾਂ ’ਚ ਸੁਧਾਰ ਚੰਗੀ ਖ਼ਬਰ ਹੈ, ਪਰ ਸਥਿਤੀ ਹੁਣ ਵੀ ਚਿੰਤਾਜਨਕ ਹੈ।

ਰੋਹਿਤ ਕੁਮਾਰ, ਜਾਗਰਣ, ਚੰਡੀਗੜ੍ਹ : ਪੰਜਾਬ ’ਚ ਧਰਤੀ ਹੇਠਲੇ ਪਾਣੀ ਦੇ ਸੰਕਟ ਵਿਚਾਲੇ ਰਾਹਤ ਤੇ ਚਿੰਤਾ ਦੋਵਾਂ ਤਰ੍ਹਾਂ ਦੀਆਂ ਤਸਵੀਰਾਂ ਸਾਹਮਣੇ ਆਈਆਂ ਹਨ। ਸੂਬੇ ਦੇ ਜਲ ਸਰੋਤ ਵਿਭਾਗ ਤੇ ਕੇਂਦਰੀ ਭੂਜਲ ਬੋਰਡ (ਸੀਜੀਡਬਲਯੂਬੀ) ਦੀ ਤਾਜ਼ਾ ਰਿਪੋਰਟ ਮੁਤਾਬਕ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਨਹਿਰੀ ਸਿੰਚਾਈ ਨੂੰ ਉਤਸ਼ਾਹ ਦੇਣ ਦੀ ਨੀਤੀ ਦਾ ਅਸਰ ਦਿਸਣ ਲੱਗਾ ਹੈ। ਸੂਬੇ ’ਚ ਹੁਣ ਲਗਪਗ 74 ਫ਼ੀਸਦੀ ਸਿੰਚਾਈ ਨਹਿਰੀ ਪਾਣੀ ਨਾਲ ਹੋ ਰਹੀ ਹੈ। ਇਸੇ ਦਾ ਨਤੀਜਾ ਹੈ ਕਿ 2022 ਤੋਂ 2025 ਵਿਚਾਲੇ 153 ’ਚੋਂ 17 ਬਲਾਕਾਂ ’ਚ ਡਿੱਗਦੇ ਧਰਤੀ ਹੇਠਲੇ ਪਾਣੀ ਦੇ ਪੱਧਰ ’ਚ ਸੁਧਾਰ ਹੋਇਆ ਹੈ। ਹਾਲਾਂਕਿ ਇਹ ਸੁਧਾਰ ਸੀਮਤ ਹੈ। ਸੂਬੇ ’ਚ ਧਰਤੀ ਹੇਠਲੇ ਪਾਣੀ ਦੀ ਵਰਤੋਂ 156 ਫ਼ੀਸਦੀ ਹੈ, ਜੋ ਦੇਸ਼ ’ਚ ਸਭ ਤੋਂ ਵੱਧ ਹੈ। ਮਾਹਿਰਾਂ ਮੁਤਾਬਕ 17 ਬਲਾਕਾਂ ’ਚ ਸੁਧਾਰ ਚੰਗੀ ਖ਼ਬਰ ਹੈ, ਪਰ ਸਥਿਤੀ ਹੁਣ ਵੀ ਚਿੰਤਾਜਨਕ ਹੈ। ਦੇਸ਼ ਦੇ ਟਾਪ 10 ਸਭ ਤੋਂ ਪ੍ਰਭਾਵਿਤ ਜ਼ਿਲ੍ਹਿਆਂ ’ਚੋਂ ਪੰਜ ਪੰਜਾਬ ਦੇ ਹਨ। ਇਹੀ ਨਹੀਂ, ਸੂਬੇ ਦੇ 20 ਜ਼ਿਲ੍ਹੇ ਅਜਿਹੇ ਹਨ ਜਿੱਥੇ ਧਰਤੀ ਹੇਠਲੇ ਪਾਣੀ ਦੀ ਵਰਤੋਂ ਸੌ ਫ਼ੀਸਦੀ ਤੋਂ ਵੱਧ ਹੈ। ਝੋਨੇ ਦੀ ਖੇਤੀ ਇਸ ਦਾ ਮੁੱਖ ਕਾਰਨ ਹੈ। ਜੇ ਫ਼ਸਲ ਵੰਨ-ਸੁਵੰਨਤਾ, ਪਾਣੀ ਦੇ ਸੰਤੁਲਿਤ ਇਸਤੇਮਾਲ ’ਤੇ ਜ਼ੋਰ ਦੇਣ ਦੇ ਨਾਲ ਸਖ਼ਤ ਕਦਮ ਨਾ ਚੁੱਕੇ ਗਏ ਤਾਂ ਆਉਣ ਵਾਲੇ ਸਾਲਾਂ ’ਚ ਸੰਕਟ ਹੋਰ ਡੂੰਘਾ ਹੋ ਸਕਦਾ ਹੈ।
ਰਾਹਤ : ਨਹਿਰੀ ਪਾਣੀ ਨਾਲ ਬਦਲੀ ਤਸਵੀਰ, ਅੱਠ ਬਲਾਕ ਗ੍ਰੀਨ ਵਰਗ ’ਚ
ਰਿਪੋਰਟ ਮੁਤਾਬਕ, ਜਿਨ੍ਹਾਂ 17 ਬਲਾਕਾਂ ’ਚ ਸੁਧਾਰ ਹੋਇਆ ਹੈ, ਉਨ੍ਹਾਂ ਨਾਲ ਅੱਠ ਬਲਾਕ ਗ੍ਰੀਨ ਵਰਗ ’ਚ ਆ ਗਏ ਹਨ, ਜਿੱਥੇ ਧਰਤੀ ਹੇਠਲੇ ਪਾਣੀ ਦੀ ਵਰਤੋਂ ਤੇ ਰਿਚਾਰਜ ਲਗਪਗ ਬਰਾਬਰ ਹੈ। ਇਨ੍ਹਾਂ ’ਚ ਬਠਿੰਡਾ, ਫ਼ਰੀਦਕੋਟ, ਫ਼ਿਰੋਜ਼ਪੁਰ, ਗੁਰੂਹਰਸਹਾਏ, ਮਮਦੋਟ, ਕਾਦੀਆਂ ਤੇ (ਨਵਾਂਸ਼ਹਿਰ) ਤੇ ਖਰੜ ਸ਼ਾਮਲ ਹਨ। ਅਧਿਕਾਰੀਆਂ ਦਾ ਕਹਿਣਾ ਹੈ ਕਿ ਨਹਿਰਾਂ ਦੇ ਪਾਣੀ ਦੀ ਵਧਦੀ ਵਰਤੋਂ ਨਾਲ ਟਿਊਬਵੈੱਲ ’ਤੇ ਨਿਰਭਰਤਾ ਘੱਟ ਹੋਈ ਹੈ, ਜਿਸ ਨਾਲ ਪਾਣੀ ਦੇ ਪੱਧਰ ’ਚ ਸੁਧਾਰ ਦਰਜ ਕੀਤਾ ਗਿਆ ਹੈ।
ਜਲੰਧਰ ਸਭ ਤੋਂ ਵੱਧ ਪ੍ਰਭਾਵਿਤ ਜ਼ਿਲ੍ਹਾ, 543 ਫ਼ੀਸਦੀ ਧਰਤੀ ਹੇਠਲੇ ਪਾਣੀ ਦੀ ਵਰਤੋਂ
ਜਲੰਧਰ ਦੀ ਸਥਿਤੀ ਸਭ ਤੋਂ ਖ਼ਰਾਬ ਹੈ, ਜਿੱਥੇ 11 ’ਚੋਂ 10 ਬਲਾਕ ਆਰੈਂਜ ਵਰਗ ’ਚ ਹਨ ਤੇ ਧਰਤੀ ਹੇਠਲੇ ਪਾਣੀ ਦੀ ਵਰਤੋਂ 543 ਫ਼ੀਸਦੀ ਤੱਕ ਪੁੱਜ ਚੁੱਕੀ ਹੈ। ਨਿਹਾਲ ਸਿੰਘ ਵਾਲਾ ’ਚ ਧਰਤੀ ਹੇਠਲੇ ਪਾਣੀ ਦੀ ਵਰਤੋਂ 369 ਤੇ ਮੋਗਾ ’ਚ 360 ਫ਼ੀਸਦੀ ਹੈ। ਇਸ ਤੋਂ ਇਲਾਵਾ ਮਾਹਿਲਪੁਰ, ਮੁਕੇਰੀਆਂ ਤੇ ਘਨੌਰ ਵੀ ਗ੍ਰੀਨ ਤੋਂ ਯੈਲੋ ’ਚ ਚਲੇ ਗਏ, ਜਦਕਿ ਖਮਾਣੋਂ, ਮਾਛੀਵਾੜਾ ਤੇ ਸਮਾਣਾ ਯੈਲੋ ਤੋਂ ਆਰੈਂਜ ਵਰਗ ’ਚ ਪੁੱਜ ਗਏ। ਗ੍ਰੀਨ ਬਲਾਕਾਂ ’ਚ ਰਿਚਾਰਜ ਤੇ ਧਰਤੀ ਹੇਠਲੇ ਪਾਣੀ ਦੀ ਵਰਤੋਂ ਸੰਤੁਲਿਤ ਹੁੰਦੀ ਹੈ, ਜਦਕਿ ਯੈਲੋ ’ਚ ਵਰਤੋਂ ਦੁੱਗਣੀ ਤੱਕ ਤੇ ਆਰੈਂਜ ’ਚ ਇਸ ਤੋਂ ਵੀ ਵੱਧ ਹੁੰਦੀ ਹੈ।
ਸੂਬਾਈ ਪੱਧਰ ’ਤੇ ਧਰਤੀ ਹੇਠਲੇ ਪਾਣੀ ਦੀ ਵਰਤੋਂ
ਪੰਜਾਬ 156 ਫ਼ੀਸਦ
ਰਾਜਸਥਾਨ 147 ਫ਼ੀਸਦੀ
ਹਰਿਆਣਾ 136 ਫ਼ੀਸਦੀ
ਸੂਬੇ ’ਚ ਬਲਾਕਾਂ ਦੀ ਸਥਿਤੀ
56 ਬਲਾਕ ਆਰੈਂਜ
55 ਯੈਲੋ
42 ਗ੍ਰੀਨ ਵਰਗ ’ਚ