- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਲਗਪਗ 20 ਮਿੰਟਾਂ ਤੱਕ ਪਾਣੀ ਦੀਆਂ ਤੋਪਾਂ ਦੀ ਵਰਤੋਂ ਕਰਨ ਤੋਂ ਬਾਅਦ, ਪੁਲਿਸ ਨੇ ਪਾਰਟੀ ਦੇ ਸੂਬਾ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਸਮੇਤ ਚਾਰ ਦਰਜਨ ਤੋਂ ਵੱਧ ਕਾਂਗਰਸੀ ਆਗੂਆਂ ਨੂੰ ਗ੍ਰਿਫ਼ਤਾਰ ਕਰ ਲਿਆ। ਉਨ੍ਹਾਂ ਨੂੰ ਬਾਅਦ ਵਿਚ ਰਿਹਾਅ ਕਰ ਦਿੱਤਾ ਗਿਆ।

ਜੈ ਸਿੰਘ ਛਿੱਬਰ, ਪੰਜਾਬੀ ਜਾਗਰਣ ਬਿਊਰੋ, ਚੰਡੀਗੜ੍ਹ: ਪੰਜਾਬ ਵਿਧਾਨ ਸਭਾ ਦਾ ਘਿਰਾਓ ਕਰਨ ਜਾ ਰਹੇ ਕਾਂਗਰਸੀਆਂ ਨੂੰ ਚੰਡੀਗੜ੍ਹ ਪੁਲਿਸ ਨੇ ਜਲ ਤੋਪਾਂ ਨਾਲ ਕੁੱਟਿਆ ਅਤੇ ਪਾਰਟੀ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਸਮੇਤ ਪਾਰਟੀ ਦੇ ਚਾਰ ਦਰਜਨ ਦੇ ਕਰੀਬ ਸੀਨੀਅਰ ਆਗੂਆਂ ਨੂੰ ਹਿਰਾਸਤ ਵਿਚ ਲੈ ਲਿਆ। ਪ੍ਰਦਰਸ਼ਨਕਾਰੀ ਪੁਲਿਸ ਦੀਆਂ ਰੋਕਾਂ ਨੂੰ ਤੋੜਨ ਲਈ ਕਰੀਬ ਵੀਹ ਮਿੰਟ ਤੱਕ ਜੱਦੋਜਹਿਦ ਕਰਦੇ ਰਹੇ ਅਤੇ ਪੁਲਿਸ ਨੇ ਪਾਣੀ ਦੀਆਂ ਬੁਛਾੜਾਂ ਛੱਡੀਆਂ।
ਲਗਪਗ 20 ਮਿੰਟਾਂ ਤੱਕ ਪਾਣੀ ਦੀਆਂ ਤੋਪਾਂ ਦੀ ਵਰਤੋਂ ਕਰਨ ਤੋਂ ਬਾਅਦ, ਪੁਲਿਸ ਨੇ ਪਾਰਟੀ ਦੇ ਸੂਬਾ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਸਮੇਤ ਚਾਰ ਦਰਜਨ ਤੋਂ ਵੱਧ ਕਾਂਗਰਸੀ ਆਗੂਆਂ ਨੂੰ ਗ੍ਰਿਫ਼ਤਾਰ ਕਰ ਲਿਆ। ਉਨ੍ਹਾਂ ਨੂੰ ਬਾਅਦ ਵਿਚ ਰਿਹਾਅ ਕਰ ਦਿੱਤਾ ਗਿਆ। ਵਿਰੋਧ ਪ੍ਰਦਰਸ਼ਨ ਦੌਰਾਨ ਕਈ ਕਾਂਗਰਸੀ ਵਰਕਰ ਵੀ ਜ਼ਖਮੀ ਹੋ ਗਏ।
ਪੰਜਾਬ ਕਾਂਗਰਸ ਨੇ ਸ਼ੁੱਕਰਵਾਰ ਨੂੰ ਵਿਧਾਨ ਸਭਾ ਦਾ ਘਿਰਾਓ ਕਰਨ ਦਾ ਪ੍ਰੋਗਰਾਮ ਉਲੀਕਿਆ ਸੀ। ਸੈਕਟਰ 15 ਸਥਿਤ ਪਾਰਟੀ ਦਫ਼ਤਰ ਵਿਖੇ ਵੱਡੀ ਗਿਣਤੀ ਵਿਚ ਆਗੂ ਅਤੇ ਵਰਕਰ ਇਕੱਠੇ ਹੋਏ। ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ, ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ, ਉਪ ਨੇਤਾ ਅਰੁਣਾ ਚੌਧਰੀ, ਵਿਧਾਇਕ ਪਰਗਟ ਸਿੰਘ, ਸੁਖਪਾਲ ਸਿੰਘ ਖਹਿਰਾ, ਸੰਸਦ ਮੈਂਬਰ ਸੁਖਜਿੰਦਰ ਸਿੰਘ ਰੰਧਾਵਾ, ਡਾ ਅਮਰ ਸਿੰਘ, ਸ਼ੇਰ ਸਿੰਘ ਘੁਬਾਇਆ, ਸਾਬਕਾ ਸਪੀਕਰ ਰਾਣਾ ਕੇਪੀ ਸਿੰਘ, ਸਾਬਕਾ ਮੰਤਰੀ ਅਨਿਲ ਜੋਸ਼ੀ, ਸਾਬਕਾ ਵਿਧਾਇਕ ਸੁਖਬਿੰਦਰ ਡੈਨੀ, ਕੁਲਜੀਤ ਸਿੰਘ ਨਾਗਰਾ ਸਮੇਤ ਹੋਰ ਆਗੂ ਪ੍ਰਦਰਸ਼ਨ ਵਿਚ ਸ਼ਾਮਲ ਹੋਏ।
‘ਆਪ’ ਨੇ ਪੰਜਾਬ ਦੇ ਫੰਡਾਂ ਦੀ ਕੀਤੀ ਦੁਰਵਰਤੋਂ : ਰਾਜਾ ਵੜਿੰਗ
ਰਾਜਾ ਵੜਿੰਗ ਨੇ ਇਕੱਠ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਆਮ ਆਦਮੀ ਪਾਰਟੀ ਨੇ ਪੰਜਾਬ ਦੇ ਫੰਡਾਂ ਦੀ ਰੱਜ ਕੇ ਦੁਰਵਰਤੋਂ ਕੀਤੀ ਹੈ। ਪੰਜਾਬ ਵਿਚ ਕੋਈ ਮੈਡੀਕਲ ਕਾਲਜ-ਨਵਾਂ ਸਕੂਲ ਨਹੀਂ ਬਣਾਇਆ ਗਿਆ। ਸਿਰਫ਼ ਸਕੂਲਾਂ ਨੂੰ ਦੁਬਾਰਾ ਰੰਗ ਰੋਗਨ ਕਰ ਕੇ "ਸਕੂਲ ਆਫ਼ ਐਕਸੀਲੈਂਸ" ਦਾ ਨਾਮ ਦੇ ਦਿੱਤਾ ਗਿਆ ਹੈ। ਜਦੋਂ ਕਿ ਪੰਜਾਬ ਦੇ ਫੰਡਾਂ ਦੀ ਵਰਤੋਂ ਦੂਜੇ ਰਾਜਾਂ ਵਿਚ ਚੋਣਾਂ ਲੜਨ ਲਈ ਕੀਤੀ ਗਈ। ਵੜਿੰਗ ਨੇ ਕਿਹਾ ਕਿ ਅੱਜ ਪੁਲਿਸ ਅਧਿਕਾਰੀ ਵੀ ਸੁਰੱਖਿਅਤ ਨਹੀਂ ਹਨ। ਜਦੋਂ ਪੁਲਿਸ ਸਟੇਸ਼ਨ ਵਿਚ ਹੱਥਗੋਲਾ ਫਟਦਾ ਹੈ ਤਾਂ ਪੁਲਿਸ ਕਹਿੰਦੀ ਹੈ ਕਿ ਕਾਰ ਦਾ ਰੇਡੀਏਟਰ ਫਟ ਗਿਆ। ਉਨ੍ਹਾਂ ਕਿਹਾ ਕਿ ਸਰਕਾਰ ਵੱਲੋਂ ਔਰਤਾਂ ਨੂੰ 1000 ਰੁਪਏ ਦੇਣ ਦਾ ਵਾਅਦਾ ਕੀਤੇ ਚਾਰ ਸਾਲ ਬੀਤ ਚੁੱਕੇ ਹਨ। ਇਸ ਤਰ੍ਹਾਂ ਔਰਤਾਂ ਦਾ 48 ਹਜ਼ਾਰ ਰੁਪਏ ਬਣਦਾ ਹੈ, ਜੋ ਭੁਗਤਾਨ ਕੀਤਾ ਜਾਣਾ ਚਾਹੀਦਾ ਹੈ। ਸਰਕਾਰ ਨੇ ਬੁਢਾਪਾ ਪੈਨਸ਼ਨ ਵਧਾ ਕੇ 2500 ਰੁਪਏ ਕਰਨ ਦਾ ਵਾਅਦਾ ਕੀਤਾ ਸੀ, ਪਰ ਸਰਕਾਰ 1500 ਰੁਪਏ ਤੋਂ ਵੱਧ ਇਕ ਵੀ ਰੁਪਿਆ ਦੇਣ ਵਿਚ ਅਸਫ਼ਲ ਰਹੀ। ਸਰਕਾਰ 4.25 ਲੱਖ ਕਰੋੜ ਰੁਪਏ ਦੇ ਕਰਜ਼ੇ ਵਿਚ ਡੁੱਬੀ ਹੋਈ ਹੈ।
ਮੈਂਬਰ ਪਾਰਲੀਮੈਂਟ ਸੁਖਜਿੰਦਰ ਸਿੰਘ ਰੰਧਾਵਾ ਨੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਚੁਣੌਤੀ ਦਿੰਦਿਆਂ ਕਿਹਾ ਕਿ ਜੇਕਰ ਉਹਨਾਂ ਵਿਚ ਹਿੰਮਤ ਹੈ ਤਾਂ ਉਸਨੂੰ ਗ੍ਰਿਫ਼ਤਾਰ ਕਰ ਕੇ ਦਿਖਾਉਣ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਕਹਿੰਦੇ ਹਨ ਕਿ ਉਨ੍ਹਾਂ ਕੋਲ ਫਾਈਲ ਹੈ, ਪਰ ਜਦੋ ਕਾਂਗਰਸ ਦੀ ਸਰਕਾਰ ਆਈ ਤਾਂ ਮੁੱਖ ਮੰਤਰੀ ਦੀਆਂ ਸਾਰੀਆਂ ਪਰਤਾਂ ਖੋਲ੍ਹ ਦਿੱਤੀਆਂ ਜਾਣਗੀਆਂ। ਰੰਧਾਵਾ ਨੇ ਕਿਹਾ ਕਿ ਮਾਝੇ ਵਿਚ ਗੁੰਡਾਗਰਦੀ ਆਪਣੇ ਸਿਖਰ 'ਤੇ ਪਹੁੰਚ ਗਈ ਹੈ। ਰੋਜ਼ਾਨਾਂ ਲੋਕਾਂ ਨੂੰ ਫਿਰੌਤੀ ਦੀਆਂ ਕਾਲਾਂ ਆਉਂਦੀਆਂ ਹਨ। ਡੀਜੀਪੀ ਨੂੰ ਰਿਕਾਰਡ ਕੀਤੇ ਸੁਨੇਹੇ ਭੇਜੇ ਗਏ ਸਨ, ਪਰ ਕੁਝ ਨਹੀਂ ਹੋਇਆ।
ਆਮ ਲੋਕਾਂ ਨੂੰ ਸੁਰੱਖਿਆ ਨਹੀਂ ਮਿਲ ਰਹੀ : ਪ੍ਰਤਾਪ ਸਿੰਘ ਬਾਜਵਾ
ਵਿਧਾਨ ਸਭਾ ਵਿਚ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਨੇ ਗੁਰਦਾਸਪੁਰ ਵਿਚ ਇਕ ਸੁਨਿਆਰ ਦੇ ਘਰ ਪੰਜ ਕਰੋੜ ਰੁਪਏ ਦੀ ਡਕੈਤੀ ਦਾ ਹਵਾਲਾ ਦਿੰਦਿਆਂ ਕਿਹਾ ਕਿ ਆਮ ਲੋਕਾਂ ਨੂੰ ਸੁਰੱਖਿਆ ਨਹੀਂ ਮਿਲ ਰਹੀ, ਜਦੋਂ ਕਿ ਮੁੱਖ ਮੰਤਰੀ ਦੇ ਪਰਿਵਾਰ ਵਿਚ ਚਾਰ ਮੈਂਬਰ ਹਨ ਅਤੇ ਉਨ੍ਹਾਂ ਦੀ ਸੁਰੱਖਿਆ ਲਈ ਇਕ ਹਜ਼ਾਰ ਸੁਰੱਖਿਆ ਕਰਮਚਾਰੀ ਤਾਇਨਾਤ ਹਨ। ਇਸ ਮੌਕੇ ਪ੍ਰਦਰਸ਼ਨਕਾਰੀਆਂ ਨੇ ਸੂਬਾ ਸਰਕਾਰ ਖਿਲਾਫ਼ ਰੱਜ ਕੇ ਨਾਅਰੇਬਾਜ਼ੀ ਕੀਤੀ।