CM ਦੇ ਇਸ਼ਾਰੇ 'ਤੇ ਵੜਿੰਗ ਨੇ ਸੀਬੀਆਈ ਜਾਂਚ ਦੀ ਮੰਗ ’ਤੇ ਟਾਲਾ ਵੱਟਿਆ, ਮਜੀਠੀਆ ਨੇ ਲਾਇਆ ਦੋਸ਼
ਮਜੀਠੀਆ ਨੇ ਕਿਹਾ ਕਿ ਵੜਿੰਗ ਨੇ ਸੀਬੀਆਈ ਜਾਂਚ ਨਾ ਕਰਾਉਣ ਲਈ ਬੱਸਾਂ ਦੀਆਂ ਬਾਡੀਆਂ ਰਾਜਸਥਾਨ ਤੋ ਲਗਾਉਣ ਵਾਲੀ ਫਾਈਲ ਖੁੱਲਣ ਦੇ ਡਰ ਕਾਰਨ ਅਜਿਹਾ ਕੀਤਾ ਹੈ। ਜਦਕਿ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਨੇ ਸੀਬੀਆਈ ਜਾਂਚ ਦੀ ਮੰਗ ਕੀਤੀ ਹੈ।
Publish Date: Thu, 26 Mar 2026 09:15 AM (IST)
Updated Date: Thu, 26 Mar 2026 09:17 AM (IST)
ਪੰਜਾਬੀ ਜਾਗਰਣ ਬਿਊਰੋ, ਚੰਡੀਗੜ੍ਹ: ਸੀਨੀਅਰ ਅਕਾਲੀ ਨੇਤਾ ਬਿਕਰਮ ਸਿੰਘ ਮਜੀਠੀਆ ਨੇ ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ’ਤੇ ਦੋਸ਼ ਲਾਇਆ ਹੈ ਕਿ ਉਨ੍ਹਾਂ ਨੇ ਮਰਹੂਮ ਡਾ. ਗਗਨਦੀਪ ਸਿੰਘ ਰੰਧਾਵਾ ਦੇ ਕੇਸ ਦੀ ਸੀਬੀਆਈ ਤੋਂ ਜਾਂਚ ਕਰਵਾਉਣ ਬਾਰੇ ਮੁੱਖ ਮੰਤਰੀ ਦੇ ਇਸ਼ਾਰੇ 'ਤੇ ਟਾਲਾ ਵੱਟਿਆ ਹੈ। ਮਜੀਠੀਆ ਨੇ ਕਿਹਾ ਕਿ ਵੜਿੰਗ ਨੇ ਸੀਬੀਆਈ ਜਾਂਚ ਨਾ ਕਰਾਉਣ ਲਈ ਬੱਸਾਂ ਦੀਆਂ ਬਾਡੀਆਂ ਰਾਜਸਥਾਨ ਤੋ ਲਗਾਉਣ ਵਾਲੀ ਫਾਈਲ ਖੁੱਲਣ ਦੇ ਡਰ ਕਾਰਨ ਅਜਿਹਾ ਕੀਤਾ ਹੈ। ਜਦਕਿ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਨੇ ਸੀਬੀਆਈ ਜਾਂਚ ਦੀ ਮੰਗ ਕੀਤੀ ਹੈ।
ਮਜੀਠੀਆ ਨੇ ਕਿਹਾ ਕਿ ਰਾਜਾ ਵੜਿੰਗ ਨੇ ਵਿਰੋਧੀ ਧਿਰਾਂ ਨੂੰ ਅਲੱਗ ਅਲੱਗ ਕਰਨ ਲਈ ਪਾਰਟੀ ਲਾਈਨ ਤੋਂ ਹਟਕੇ ਇਹ ਰਾਗ ਅਲਾਪਣਾ ਸ਼ੁਰੂ ਕਰ ਦਿੱਤਾ ਹੈ ਕਿ ਸਾਨੂੰ ਸੀਬੀਆਈ ਦੀ ਜਾਂਚ ਮਨਜੂਰ ਨਹੀਂ ਹੈ। ਇਸੇ ਕਰਕੇ ਕਾਂਗਰਸ ਦੇ ਤਿੰਨ ਸੰਸਦ ਮੈਂਬਰ ਰਾਜਾ ਵੜਿੰਗ , ਡਾ. ਅਮਰ ਸਿੰਘ ਅਤੇ ਸ਼ੇਰ ਸਿੰਘ ਘੁਬਾਇਆ ਨੇ ਗ੍ਰਹਿ ਮੰਤਰੀ ਨੂੰ ਹੁਣ ਤੱਕ ਲਿਖਕੇ ਨਹੀਂ ਦਿੱਤਾ ਕਿ ਡਾ. ਗਗਨਦੀਪ ਨੂੰ ਇਨਸਾਫ ਦਿਵਾਉਣ ਵਾਸਤੇ ਮਾਮਲੇ ਦੀ ਜਾਂਚ ਸੀਬੀਆਈ ਤੋਂ ਕਰਵਾਈ ਜਾਵੇ ਜਦਕਿ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਚਲਦੇ ਸੈਸ਼ਨ ਵਿਚ ਪੰਜਾਬ ਦੇ ਸਾਰੇ ਸੰਸਦ ਮੈਂਬਰਾਂ ਨੂੰ ਵਿਸ਼ਵਾਸ ਦਿੱਤਾ ਹੈ ਕਿ ਜੇਕਰ ਉਹ ਲਿਖ ਕੇ ਦੇ ਦੇਣ ਤਾਂ ਮਾਮਲੇ ਦੀ ਸੀਬੀਆਈ ਜਾਂਚ ਕਰਵਾਉਣ ਨੂੰ ਤਿਆਰ ਹਨ ਪਰ ਰਾਜਾ ਵੜਿੰਗ ਨੇ ਭਗਵੰਤ ਮਾਨ ਦੇ ਇਸ਼ਾਰੇ ’ਤੇ ਆਪਣਾ ਕੰਮ ਸ਼ੁਰੂ ਕਰ ਦਿੱਤਾ।
ਮਜੀਠੀਆ ਨੇ ਕਿਹਾ ਕਿ ਰਾਜਾ ਵੜਿੰਗ ਵਲੋਂ ਮਾਮਲੇ ਨੂੰ ਦਬਾਉਣ ਲਈ ਸਰਕਾਰ ਦੀ ਮਦਦ ਕਰਨ ਨੂੰ ਲੈਕੇ ਕਾਂਗਰਸ ਹਾਈਕਮਾਨ ਆਪਣਾ ਸਟੈਂਡ ਸਪਸ਼ਟ ਕਰੇ ਅਤੇ ਇਸ ਬੇਹੱਦ ਸੰਵੇਦਨਸ਼ੀਲ ਅਤੇ ਗੰਭੀਰ ਮਾਮਲੇ ਵਿਚ ਆਮ ਆਦਮੀ ਪਾਰਟੀ ਦੀ ਸਰਕਾਰ ਅਤੇ ਉਸਦੇ ਮੰਤਰੀ ਦੇ ਵੱਡੇ ਭ੍ਰਿਸ਼ਟਚਾਰ ਤੇ ਗੁਨਾਹ ਤੋਂ ਪਰਦਾ ਉੱਠ ਸਕਦਾ ਹੈ। ਉਨ੍ਹਾਂ ਕਿਹਾ ਕਿ ਹੁਣ ਰਾਜਾ ਵੜਿੰਗ ਆਮ ਆਦਮੀ ਪਾਰਟੀ ਦੀ ਮਦਦ ਵਿੱਚ ਲੱਗ ਗਏ ਹਨ।