- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਇਸ ਪਹਿਲ ਦਾ ਮੁੱਖ ਉਦੇਸ਼ ਨੌਜਵਾਨਾਂ ਨੂੰ ਨਸ਼ਿਆਂ ਦੀ ਲਪੇਟ ’ਚ ਆਉਣ ਤੋਂ ਪਹਿਲਾਂ ਹੀ ਸੁਰੱਖਿਅਤ ਕਰਨਾ ਹੈ। ਇਸ ਮੁਹਿੰਮ ’ਚ ਸਕੂਲਾਂ ਤੇ ਅਧਿਆਪਕਾਂ ਨੂੰ ਨਸ਼ਿਆਂ ਵਿਰੁੱਧ ਲੰਬੀ ਲੜਾਈ ਦੇ ਪਹਿਲੇ ਸੁਰੱਖਿਆ ਕਵਚ ਵਜੋਂ ਤਿਆਰ ਕੀਤਾ ਜਾ ਰਿਹਾ ਹੈ।

ਜੀਐੱਸ ਸੰਧੂ, ਪੰਜਾਬੀ ਜਾਗਰਣ, ਐੱਸਏਐੱਸ ਨਗਰ : ਸੂਬੇ ’ਚ ਜਾਰੀ ‘ਯੁੱਧ ਨਸ਼ਿਆਂ ਵਿਰੁੱਧ’ ਮੁਹਿੰਮ ਤਹਿਤ ਪੰਜਾਬ ਸਰਕਾਰ ਨੇ ਨਸ਼ਾ ਸਮੱਸਿਆ ਦੀ ਜੜ੍ਹ ’ਤੇ ਸਿੱਧਾ ਵਾਰ ਕਰਦੇ ਹੋਏ ਸਿੱਖਿਆ ਤੇ ਰੋਕਥਾਮ ’ਤੇ ਆਧਾਰਿਤ ਇਕ ਵਿਸਥਾਰਪੂਰਵਕ ਸਕੂਲ-ਆਧਾਰਿਤ ਐਕਸ਼ਨ ਪ੍ਰੋਗਰਾਮ ਲਾਗੂ ਕਰਨ ਦਾ ਫ਼ੈਸਲਾ ਕੀਤਾ ਹੈ। ਇਸ ਪਹਿਲ ਦਾ ਮੁੱਖ ਉਦੇਸ਼ ਨੌਜਵਾਨਾਂ ਨੂੰ ਨਸ਼ਿਆਂ ਦੀ ਲਪੇਟ ’ਚ ਆਉਣ ਤੋਂ ਪਹਿਲਾਂ ਹੀ ਸੁਰੱਖਿਅਤ ਕਰਨਾ ਹੈ। ਇਸ ਮੁਹਿੰਮ ’ਚ ਸਕੂਲਾਂ ਤੇ ਅਧਿਆਪਕਾਂ ਨੂੰ ਨਸ਼ਿਆਂ ਵਿਰੁੱਧ ਲੰਬੀ ਲੜਾਈ ਦੇ ਪਹਿਲੇ ਸੁਰੱਖਿਆ ਕਵਚ ਵਜੋਂ ਤਿਆਰ ਕੀਤਾ ਜਾ ਰਿਹਾ ਹੈ।
ਮੋਹਾਲੀ ਦੇ ਫੇਜ਼ 3ਬੀ1 ਸਥਿਤ ‘ਸਕੂਲ ਆਫ਼ ਐਮੀਨੈਂਸ’ ਵਿਖੇ ਚੱਲ ਰਹੇ ਸਮਰੱਥਾ ਵਿਕਾਸ ਸਿਖਲਾਈ ਸੈਸ਼ਨ ਵਿਚ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਅਤੇ ਦਿੱਲੀ ਦੀ ਸਿੱਖਿਆ ਕ੍ਰਾਂਤੀ ਦੇ ਮੋਢੀ ਮਨੀਸ਼ ਸਿਸੋਦੀਆ ਨੇ ਸ਼ਿਰਕਤ ਕੀਤੀ। ਇਸ ਮੌਕੇ ਸਿਸੋਦੀਆ ਨੇ ਕਿਹਾ, ‘ਅਸੀਂ ਸਿਰਫ਼ ਪਿੰਡਾਂ ਦੇ ਪਹਿਰੇਦਾਰ ਹੀ ਨਹੀਂ, ਸਗੋਂ ਬੱਚਿਆਂ ਦੇ ‘ਦਿਮਾਗ ਦੇ ਪਹਿਰੇਦਾਰ’ ਤਿਆਰ ਕਰ ਰਹੇ ਹਾਂ। ਮਕਸਦ ਇਹ ਹੈ ਕਿ ਬੱਚਾ ਕਿਸੇ ਵੀ ਦਬਾਅ ਜਾਂ ਲਾਲਚ ਵਿਚ ਆਏ ਬਿਨਾਂ ਨਸ਼ੇ ਨੂੰ ਸਪੱਸ਼ਟ ‘ਨਾਂਹ’ ਕਹਿਣ ਦੀ ਮਾਨਸਿਕ ਤਾਕਤ ਰੱਖਦਾ ਹੋਵੇ।’
ਬੈਂਸ ਨੇ ਕਿਹਾ, ‘ਨਸ਼ਾ ਤਸਕਰਾਂ ਖ਼ਿਲਾਫ਼ ਕਾਨੂੰਨੀ ਕਾਰਵਾਈ ਜਾਰੀ ਹੈ ਪਰ ਅਸਲ ਜਿੱਤ ਉਦੋਂ ਹੋਵੇਗੀ ਜਦੋਂ ਸਾਡੀ ਅੱਲ੍ਹੜ ਪੀੜ੍ਹੀ ਨਸ਼ਿਆਂ ਤੋਂ ਕੋਹਾਂ ਦੂਰ ਰਹੇਗੀ। ਅਸੀਂ ਅਧਿਆਪਕਾਂ ਨੂੰ ਇਸ ਲੜਾਈ ਦੇ ਮੋਹਰੀ ਬਣਾ ਰਹੇ ਹਾਂ।’ ਇਸ ਮੌਕੇ ਪੰਜਾਬ ਸਕੂਲ ਸਿੱਖਿਆ ਬੋਰਡ ਦੇ ਚੇਅਰਮੈਨ ਡਾ. ਅਮਰਪਾਲ ਸਿੰਘ ਵੀ ਮੌਜੂਦ ਸਨ। ਸਮਾਗਮ ਦੀ ਸਮਾਪਤੀ ਵਿਦਿਆਰਥਣਾਂ ਦੇ ਗਿੱਧੇ ਨਾਲ ਹੋਈ ਜਿਸ ਦੇ ਬੋਲਾਂ ਨੇ ਪੰਜਾਬ ਨੂੰ ਨਸ਼ਾ-ਮੁਕਤ ਕਰਨ ਦਾ ਹੋਕਾ ਦਿੱਤਾ।
ਮੁਹਿੰਮ ਦੇ ਪੰਜ ਪ੍ਰਮੁੱਖ ਹਥਿਆਰ
ਵਿਸ਼ੇਸ਼ ਪਾਠਕ੍ਰਮ : ਅਗਲੇ ਸੈਸ਼ਨ ਤੋਂ 11ਵੀਂ ਅਤੇ 12ਵੀਂ ਜਮਾਤ ਦੇ ਵਿਦਿਆਰਥੀਆਂ ਨੂੰ ਨਸ਼ਿਆਂ ਦੇ ਮਾਰੂ ਪ੍ਰਭਾਵਾਂ ਬਾਰੇ ਇਕ ਵਿਗਿਆਨਕ ਤੇ ਨੈਤਿਕ ਪਾਠਕ੍ਰਮ ਪੜ੍ਹਾਇਆ ਜਾਵੇਗਾ।
30 ਮਿੰਟ ਦਾ ਧਿਆਨ : ਮੋਹਾਲੀ ਤੋਂ ਪਾਇਲਟ ਪ੍ਰੋਜੈਕਟ ਵਜੋਂ ਰੋਜ਼ਾਨਾ 30 ਮਿੰਟ ਦਾ ਮੈਡੀਟੇਸ਼ਨ ਸੈਸ਼ਨ ਸ਼ੁਰੂ ਕੀਤਾ ਜਾ ਰਿਹਾ ਹੈ। ਇਸ ਨਾਲ ਵਿਦਿਆਰਥੀਆਂ ਦਾ ਭਾਵਨਾਤਮਕ ਸੰਤੁਲਨ ਅਤੇ ਮਾਨਸਿਕ ਅਨੁਸ਼ਾਸਨ ਮਜ਼ਬੂਤ ਹੋਵੇਗਾ।
ਗੁਪਤ ਸ਼ਿਕਾਇਤ ਬਾਕਸ : ਸਕੂਲਾਂ ਵਿਚ ਲੱਗੇ ਇਹ ਬਾਕਸ ਨਸ਼ਾ ਤਸਕਰਾਂ ਦਾ ਲੱਕ ਤੋੜਨਗੇ। ਵਿਦਿਆਰਥੀ ਆਪਣੀ ਪਛਾਣ ਗੁਪਤ ਰੱਖ ਕੇ ਨਸ਼ਾ ਵੇਚਣ ਵਾਲਿਆਂ ਜਾਂ ਭ੍ਰਿਸ਼ਟ ਅਧਿਕਾਰੀਆਂ ਦੀ ਜਾਣਕਾਰੀ ਸਿੱਧੀ ਸਰਕਾਰ ਤੱਕ ਪਹੁੰਚਾ ਸਕਣਗੇ।
ਅਧਿਆਪਕਾਂ ਦੀ ਸਿਖਲਾਈ : ਅਧਿਆਪਕਾਂ ਨੂੰ ‘ਮਨੋਵਿਗਿਆਨਕ ਮਾਹਰਾਂ’ ਵਜੋਂ ਤਿਆਰ ਕੀਤਾ ਜਾ ਰਿਹਾ ਹੈ ਤਾਂ ਜੋ ਉਹ ਬੱਚਿਆਂ ਵਿਚ ਨਸ਼ੇ ਦੇ ਸ਼ੁਰੂਆਤੀ ਲੱਛਣਾਂ ਨੂੰ ਪਛਾਣ ਸਕਣ।
ਸੂਬਾ ਪੱਧਰੀ ਨਿਗਰਾਨੀ : ਹਰ ਸ਼ਿਕਾਇਤ ਦਾ ਵਿਸ਼ਲੇਸ਼ਣ ਸੂਬਾ ਪੱਧਰ ’ਤੇ ਹੋਵੇਗਾ ਤਾਂ ਜੋ ਕਿਸੇ ਵੀ ਦੋਸ਼ੀ ਨੂੰ ਬਖਸ਼ਿਆ ਨਾ ਜਾ ਸਕੇ।