ਵੀਆਰ ਪੰਜਾਬ ਮਾਲ ਬੰਦ ਹੋਣ ਨਾਲ ਸੈਂਕੜੇ ਮੁਲਾਜ਼ਮਾਂ ਅਤੇ ਹਿੱਸੇਦਾਰਾਂ ਦਾ ਭਵਿੱਖ ਦਾਅ ’ਤੇ ਲੱਗਾ,

- ਗਾਹਕਾਂ ਦੀ ਘਟਦੀ ਗਿਣਤੀ, ਘਾਟਾ ਤੇ ਆਸ-ਪਾਸ ਖੁੱਲ੍ਹੇ ਹੋਰ ਨਵੇਂ ਬਦਲ ਕਾਰਨ ਬੰਦ ਹੋਣ ਦਾ ਖ਼ਦਸ਼ਾ
- ਮਾਲ ਨੂੰ ਬੰਦ ਕਰਨ ਦੇ ਫ਼ੈਸਲੇ ’ਤੇ ਵਿਵਾਦ ਡੂੰਘਾ ਹੋਇਆ, ਪ੍ਰਬੰਧਕਾਂ ਨੇ ਵੀਆਰ ਮਾਲ ਦੇ ਮੁੱਖ ਗੇਟ ’ਤੇ ਜੜਿਆ ਤਾਲਾ, ਮੁਲਾਜ਼ਮਾਂ ਦੀ ਐਂਟਰੀ ਪਿਛਲੇ ਰਸਤੇ ਤੋਂ
ਦਰਸ਼ਨ ਸਿੰਘ ਸੋਢੀ, ਪੰਜਾਬੀ ਜਾਗਰਣ
ਮੁਹਾਲੀ : ਮੁਹਾਲੀ ਨੈਸ਼ਨਲ ਹਾਈਵੇ-21 ’ਤੇ ਸਥਿਤ ਇੱਕ ਮਾਲ ਅਚਾਨਕ ਤੁਰੰਤ ਪ੍ਰਭਾਵ ਨਾਲ ਬੰਦ ਕਰ ਦੇਣ ਨਾਲ ਇੱਥੇ ਕੰਮ ਕਰਦੇ ਸੈਂਕੜੇ ਕਰਮਚਾਰੀਆਂ ਅਤੇ ਹਿੱਸੇਦਾਰਾਂ ਦਾ ਭਵਿੱਖ ਦਾਅ ’ਤੇ ਲੱਗ ਗਿਆ ਹੈ। ਨਿੱਜੀ ਕੰਪਨੀ ਦਾ ਕਹਿਣਾ ਹੈ ਕਿ ਤਿੰਨ ਅਪ੍ਰੈਲ ਨੂੰ ਆਏ ਭੂਚਾਲ ਦੇ ਅਣਕਿਆਸੇ ਪ੍ਰਭਾਵ ਕਾਰਨ ਇਸ ਆਲੀਸ਼ਾਨ ਇਮਾਰਤ ਦਾ ਢਾਂਚਾ ਅਸੁਰੱਖਿਅਤ ਪਾਇਆ ਗਿਆ ਹੈ, ਜਿਸ ਕਾਰਨ ਮਾਲ ਨੂੰ ਬੰਦ ਕਰਨ ਦਾ ਫ਼ੈਸਲਾ ਲਿਆ ਗਿਆ। ਦੂਜੇ ਪਾਸੇ ਮਾਹਰਾਂ ਦਾ ਮੰਨਣਾ ਹੈ ਕਿ ਕਥਿਤ ਤੌਰ ’ਤੇ ਗਾਹਕਾਂ ਦੀ ਘਟਦੀ ਗਿਣਤੀ, ਘਾਟਾ ਅਤੇ ਆਸ-ਪਾਸ ਖੁੱਲ੍ਹੇ ਕਈ ਹੋਰ ਨਵੇਂ ਬਦਲ ਵੀ ਇਸ ਦੇ ਬੰਦ ਹੋਣ ਦਾ ਕਾਰਨ ਹੋ ਸਕਦੇ ਹਨ। ਇਹ ਮਾਲ ਸੋਮਵਾਰ 20 ਅਪ੍ਰੈਲ ਤੋਂ ਬੰਦ ਕਰਨ ਦੇ ਪ੍ਰਬੰਧਕਾਂ ਦੇ ਫ਼ੈਸਲੇ ਨੇ ਵੱਡਾ ਵਿਵਾਦ ਖੜ੍ਹਾ ਕਰ ਦਿੱਤਾ ਹੈ। ਜਿੱਥੇ ਪ੍ਰਬੰਧਕ ਭੂਚਾਲ ਕਾਰਨ ਇਮਾਰਤ ਨੂੰ ਖ਼ਤਰਾ ਦੱਸ ਰਹੇ ਹਨ, ਉੱਥੇ ਹੀ ਦੁਕਾਨਦਾਰਾਂ (ਆਊਟਲੈੱਟ ਸੰਚਾਲਕਾਂ) ਨੇ ਇਸ ਨੂੰ ਇਕ ਬਹਾਨਾ ਕਰਾਰ ਦਿੱਤਾ ਹੈ।
ਸੋਮਵਾਰ ਨੂੰ ਮਾਲ ਪ੍ਰਬੰਧਕਾਂ ਨੇ ਮੁੱਖ ਪ੍ਰਵੇਸ਼ ਦੁਆਰ ਨੂੰ ਪੂਰੀ ਤਰ੍ਹਾਂ ਬੰਦ ਕਰ ਕੇ ਤਾਲਾ ਲਗਾ ਦਿੱਤਾ ਹੈ। ਗਾਹਕਾਂ ਦੇ ਅੰਦਰ ਜਾਣ ’ਤੇ ਪਾਬੰਦੀ ਲਗਾ ਦਿੱਤੀ ਗਈ ਹੈ। ਹਾਲਾਂਕਿ ਵੱਖ-ਵੱਖ ਕੰਪਨੀਆਂ ਦੇ ਕਰਮਚਾਰੀਆਂ ਨੂੰ ਗੇਟ ਨੰਬਰ-2 ਰਾਹੀਂ ਅੰਦਰ ਜਾਣ ਦੀ ਇਜਾਜ਼ਤ ਦਿੱਤੀ ਗਈ। ਮਾਲ ਬੰਦ ਹੋਣ ਦੇ ਬਾਵਜੂਦ ਕਈ ਆਊਟਲੈੱਟ ਖੁੱਲ੍ਹੇ ਰਹੇ, ਪਰ ਗਾਹਕ ਨਾ ਹੋਣ ਕਾਰਨ ਕਾਰੋਬਾਰ ਪੂਰੀ ਤਰ੍ਹਾਂ ਠੱਪ ਰਿਹਾ ਅਤੇ ਮਾਲ ਵਿਚ ਸਨਾਟਾ ਪਸਰਿਆ ਹੋਇਆ ਸੀ। ਆਊਟਲੈੱਟ ਸੰਚਾਲਕਾਂ ਨੇ ਪ੍ਰਬੰਧਕਾਂ ਦੇ ਇਸ ਅਚਾਨਕ ਫ਼ੈਸਲੇ ਦਾ ਸਖ਼ਤ ਵਿਰੋਧ ਕੀਤਾ ਹੈ। ਉਨ੍ਹਾਂ ਦਾ ਕਹਿਣਾ ਹੈ ਕਿ 18 ਅਪ੍ਰੈਲ ਨੂੰ ਨੋਟਿਸ ਜਾਰੀ ਕਰ ਕੇ 20 ਅਪ੍ਰੈਲ ਨੂੰ ਮਾਲ ਬੰਦ ਕਰਨਾ ਗ਼ਲਤ ਹੈ। ਤਿਆਰੀ ਲਈ ਬਹੁਤ ਘੱਟ ਸਮਾਂ ਦਿੱਤਾ ਗਿਆ ਹੈ, ਜਿਸ ਨਾਲ ਕਰੋੜਾਂ ਦਾ ਨੁਕਸਾਨ ਹੋ ਰਿਹਾ ਹੈ। ਕਈ ਕੰਪਨੀਆਂ ਹੁਣ ਮਾਲ ਪ੍ਰਬੰਧਨ ਤੋਂ ਭਾਰੀ ਮੁਆਵਜ਼ੇ ਦੀ ਮੰਗ ਕਰ ਰਹੀਆਂ ਹਨ ਅਤੇ ਕਾਨੂੰਨੀ ਕਾਰਵਾਈ ਦੀ ਤਿਆਰੀ ਵਿਚ ਹਨ।
ਮਾਲ ਪ੍ਰਬੰਧਕਾਂ ਅਨੁਸਾਰ 3 ਅਪ੍ਰੈਲ 2026 ਨੂੰ ਆਏ ਭੂਚਾਲ ਕਾਰਨ ਇਮਾਰਤ ਦੇ ਢਾਂਚੇ (ਸਟਰੱਕਚਰ) ਨੂੰ ਨੁਕਸਾਨ ਪਹੁੰਚਿਆ ਹੈ ਪਰ ਇਸ ਦਾਅਵੇ ’ਤੇ ਸਵਾਲ ਉੱਠ ਰਹੇ ਹਨ। ਮਾਹਰਾਂ ਅਨੁਸਾਰ 3 ਅਪ੍ਰੈਲ ਦੇ ਭੂਚਾਲ ਦੀ ਤੀਬਰਤਾ 3.5 ਤੋਂ 4.0 ਦੇ ਵਿਚਕਾਰ ਸੀ। ਚੰਡੀਗੜ੍ਹ ਪ੍ਰਸ਼ਾਸਨ ਦੇ ਇੱਕ ਸੇਵਾਮੁਕਤ ਮੁੱਖ ਇੰਜੀਨੀਅਰ ਐੱਸਕੇ ਚੱਢਾ ਮੁਤਾਬਿਕ ਆਧੁਨਿਕ ਇਮਾਰਤਾਂ 5 ਤੋਂ 6 ਤੀਬਰਤਾ ਵਾਲੇ ਭੂਚਾਲ ਨੂੰ ਆਸਾਨੀ ਨਾਲ ਸਹਿ ਸਕਦੀਆਂ ਹਨ। ਇੰਨੀ ਘੱਟ ਤੀਬਰਤਾ ’ਤੇ ਇਮਾਰਤ ਅਸੁਰੱਖਿਅਤ ਹੋਣਾ ਸ਼ੱਕ ਪੈਦਾ ਕਰਦਾ ਹੈ। ਸੂਤਰਾਂ ਅਨੁਸਾਰ ਮਾਲ ਦੀ ਇਮਾਰਤ ਵਿਚ ਕਈ ਥਾਵਾਂ 'ਤੇ ਵੱਡੀਆਂ ਦਰਾਰਾਂ ਜ਼ਰੂਰ ਦੇਖੀਆਂ ਗਈਆਂ ਹਨ, ਜੋ ਸਿਰਫ਼ 15 ਸਾਲ ਪੁਰਾਣੀ ਇਮਾਰਤ ਲਈ ਚਿੰਤਾ ਦਾ ਵਿਸ਼ਾ ਹਨ। ਇਸ ਨਾਲ ਨਿਰਮਾਣ ਸਮੱਗਰੀ ਦੀ ਗੁਣਵੱਤਾ 'ਤੇ ਵੀ ਸਵਾਲ ਉੱਠ ਰਹੇ ਹਨ। ਦੂਜੇ ਪਾਸੇ, ਇਹ ਚਰਚਾ ਵੀ ਹੈ ਕਿ ਮਾਲ ਨੂੰ ਖਾਲੀ ਕਰਵਾ ਕੇ ਇੱਥੇ ਮੁੜ-ਨਿਰਮਾਣ ਕੀਤਾ ਜਾਵੇਗਾ ਅਤੇ ਇਸ ਜਗ੍ਹਾ ਨੂੰ ਕਿਸੇ ਵੱਡੇ ਹਸਪਤਾਲ ਨੂੰ ਸੌਂਪਣ ਦੀ ਤਿਆਰੀ ਕੀਤੀ ਜਾ ਰਹੀ ਹੈ। ਫਿਲਹਾਲ, ਮਾਲ ਪ੍ਰਬੰਧਕਾਂ ਅਤੇ ਆਊਟਲੈੱਟ ਸੰਚਾਲਕਾਂ ਵਿਚਕਾਰ ਬੈਠਕਾਂ ਦਾ ਦੌਰ ਜਾਰੀ ਹੈ, ਪਰ ਗਾਹਕਾਂ ਲਈ ਮਾਲ ਦੇ ਦਰਵਾਜ਼ੇ ਫਿਲਹਾਲ ਬੰਦ ਹਨ। ਮੈਨੇਜਮੈਂਟ ਅਨੁਸਾਰ, ਤਕਨੀਕੀ ਟੀਮ ਵੱਲੋਂ ਕੀਤੇ ਗਏ ਮੁਲਾਂਕਣ ਵਿਚ ਇਮਾਰਤ ਦੇ ਢਾਂਚੇ ਵਿਚ ਗੰਭੀਰ ਜੋਖ਼ਮ ਪਾਏ ਗਏ ਹਨ, ਜਿਸ ਕਰ ਕੇ ਜਨਤਕ ਸੁਰੱਖਿਆ ਨੂੰ ਮੁੱਖ ਰੱਖਦਿਆਂ ਇਸ ਨੂੰ ਬੰਦ ਕੀਤਾ ਗਿਆ ਹੈ। ਇਸ ਫ਼ੈਸਲੇ ਬਾਰੇ ਸਥਾਨਕ ਅਧਿਕਾਰੀਆਂ, ਦੁਕਾਨਦਾਰਾਂ ਅਤੇ ਸਪਲਾਇਰਾਂ ਨੂੰ ਜਾਣਕਾਰੀ ਦੇ ਦਿੱਤੀ ਗਈ ਹੈ। ਕੰਪਨੀ ਨੇ ਸਪੱਸ਼ਟ ਕੀਤਾ ਹੈ ਕਿ ਮਾਲ ਨੂੰ ਉਦੋਂ ਹੀ ਦੁਬਾਰਾ ਖੋਲ੍ਹਿਆ ਜਾਵੇਗਾ, ਜਦੋਂ ਇਮਾਰਤ ਪੂਰੀ ਤਰ੍ਹਾਂ ਸੁਰੱਖਿਅਤ ਅਤੇ ਵਰਤੋਂ ਦੇ ਯੋਗ ਹੋਵੇਗੀ। ਜ਼ਿਕਰਯੋਗ ਹੈ ਕਿ ਪਿਛਲੇ ਕੁਝ ਸਮੇਂ ਤੋਂ ਇਸ ਨੂੰ ਹਸਪਤਾਲ ਵਿਚ ਤਬਦੀਲ ਕਰਨ ਦੀਆਂ ਚਰਚਾਵਾਂ ਵੀ ਚੱਲ ਰਹੀਆਂ ਸਨ। ਮੁਹਾਲੀ ਵਿਚ ਪਿਛਲੇ ਕੁਝ ਸਾਲਾਂ ਵਿਚ ਕਈ ਨਵੇਂ ਮਾਲ ਖੁੱਲ੍ਹਣ ਕਾਰਨ ਪੁਰਾਣੇ ਮਾਲਾਂ ਦੀ ਚਮਕ ਫਿੱਕੀ ਪੈ ਰਹੀ ਹੈ, ਜਿਸ ਕਾਰਨ ਏਅਰਪੋਰਟ ਰੋਡ 'ਤੇ ਸਥਿਤ ਇਕ ਹੋਰ ਮਾਲ ਵੀ ਬੰਦ ਹੋਣ ਦੀ ਕਗਾਰ ’ਤੇ ਹੈ।