ਸੰਯੁਕਤ ਕਿਸਾਨ ਮੋਰਚੇ ਨੇ ਵਿਧਾਇਕ ਦਾ ਪੁਤਲਾ ਸਾੜਿਆ,

- ਜਨਤਕ ਤੌਰ ’ਤੇ ਮਾਫ਼ੀ ਨਾ ਮੰਗਣ ’ਤੇ ਵੱਡੇ ਇਕੱਠ ਦਾ ਕੀਤਾ ਐਲਾਨ
ਸੁਰਜੀਤ ਸਿੰਘ ਕੁਹਾੜ, ਪੰਜਾਬੀ ਜਾਗਰਣ
ਲਾਲੜੂ : ਸੰਯੁਕਤ ਕਿਸਾਨ ਮੋਰਚੇ (ਐੱਸਕੇਐੱਮ) ਦੇ ਸੱਦੇ ’ਤੇ ਸੋਮਵਾਰ ਨੂੰ ਲਾਲੜੂ ਦੇ ਦੱਪਰ ਟੋਲ ਪਲਾਜ਼ਾ ਵਿਖੇ ਹਲਕਾ ਡੇਰਾਬੱਸੀ ਦੇ ਵਿਧਾਇਕ ਕੁਲਜੀਤ ਸਿੰਘ ਰੰਧਾਵਾ ਦੇ ਖ਼ਿਲਾਫ਼ ਰੋਸ ਪ੍ਰਦਰਸ਼ਨ ਕਰਦਿਆਂ ਉਨ੍ਹਾਂ ਦਾ ਪੁਤਲਾ ਸਾੜਿਆ ਅਤੇ ਨਾਅਰੇਬਾਜ਼ੀ ਕੀਤੀ ਗਈ। ਭਾਰਤੀ ਕਿਸਾਨ ਯੂਨੀਅਨ (ਲੱਖੋਵਾਲ) ਬਲਾਕ ਡੇਰਾਬੱਸੀ ਅਤੇ ਕੁੱਲ ਹਿੰਦ ਕਿਸਾਨ ਸਭਾ ਡੇਰਾਬੱਸੀ ਵੱਲੋਂ ਸੂਬਾ ਮੀਤ ਪ੍ਰਧਾਨ ਮਨਪ੍ਰੀਤ ਸਿੰਘ ਅਮਲਾਲਾ ਅਤੇ ਗੁਰਵਿੰਦਰ ਸਿੰਘ ਚਾਂਦਹੇੜੀ ਦੀ ਸਾਂਝੀ ਅਗਵਾਈ ਹੇਠ ਇਕੱਠੇ ਹੋਏ ਸੈਂਕੜੇ ਕਿਸਾਨਾਂ ਨੇ ਦੱਸਿਆ ਕਿ ਪਿਛਲੇ ਦਿਨੀਂ ਐੱਸਡੀਐੱਮ ਦਫ਼ਤਰ ਡੇਰਾਬੱਸੀ ਨਜ਼ਦੀਕ ਐੱਮਸੀ ਉਮੀਦਵਾਰਾਂ ਦੇ ਪੇਪਰ ਭਰਨ ਸਮੇਂ ਇਕ ਜਨਤਕ ਇਕੱਠ ਨੂੰ ਸੰਬੋਧਨ ਕਰਦਿਆਂ ਵਿਧਾਇਕ ਕੁਲਜੀਤ ਸਿੰਘ ਰੰਧਾਵਾ ਨੇ ਕਿਸਾਨ ਆਗੂਆਂ ਪ੍ਰਤੀ ਬੇਹੱਦ ਅਪਮਾਨਜਨਕ ਸ਼ਬਦਾਵਲੀ ਵਰਤੀ ਸੀ। ਵਿਧਾਇਕ ਨੇ ਕਿਹਾ ਸੀ ਕਿ ਹਲਕੇ ਦੇ ਕੁਝ ਕਿਸਾਨ ਲੀਡਰਾਂ ਦਾ ਘਰ ਦਾ ਤੋਰੀ-ਫੁਲਕਾ ਅਤੇ ਖ਼ਰਚਾ-ਪਾਣੀ ਇਨ੍ਹਾਂ ਯੂਨੀਅਨਾਂ ਸਿਰ ਹੀ ਚੱਲ ਰਿਹਾ ਹੈ ਅਤੇ ਜੇਕਰ ਇਹ ਲਾਂਭੇ ਹੋ ਜਾਣ ਤਾਂ ਇਨ੍ਹਾਂ ਦੇ ਘਰਾਂ ਵਿਚ ਚੂਹੇ ਕੁੱਦਣਗੇ। ਵਿਧਾਇਕ ਦੇ ਇਸ ਬਿਆਨ ਕਾਰਨ ਇਲਾਕੇ ਦੀਆਂ ਸਮੁੱਚੀਆਂ ਕਿਸਾਨ ਜਥੇਬੰਦੀਆਂ ਵਿਚ ਭਾਰੀ ਰੋਸ ਪਾਇਆ ਜਾ ਰਿਹਾ ਹੈ। ਕਿਸਾਨ ਆਗੂਆਂ ਨੇ ਪੰਜਾਬ ਸਰਕਾਰ ਅਤੇ ਮੁੱਖ ਮੰਤਰੀ ਤੋਂ ਮੰਗ ਕੀਤੀ ਕਿ ਕਿਸਾਨਾਂ ਦਾ ਅਪਮਾਨ ਕਰਨ ਵਾਲੇ ਹਲਕਾ ਵਿਧਾਇਕ ਖ਼ਿਲਾਫ਼ ਤੁਰੰਤ ਸਖ਼ਤ ਕਾਰਵਾਈ ਕੀਤੀ ਜਾਵੇ। ਜਥੇਬੰਦੀਆਂ ਨੇ ਐਲਾਨ ਕੀਤਾ ਕਿ ਜੇਕਰ ਵਿਧਾਇਕ ਰੰਧਾਵਾ ਨੇ ਜਨਤਕ ਤੌਰ ’ਤੇ ਲੋਕਾਂ ਦੇ ਸਨਮੁੱਖ ਆ ਕੇ ਆਪਣੀ ਗ਼ਲਤੀ ਦੀ ਮਾਫ਼ੀ ਨਾ ਮੰਗੀ ਤਾਂ ਆਉਣ ਵਾਲੀ 28 ਮਈ ਨੂੰ ਡੇਰਾਬੱਸੀ ਬੱਸ ਸਟੈਂਡ ’ਤੇ ਇਕ ਵਿਸ਼ਾਲ ਇਕੱਠ ਕਰ ਕੇ ਵਿਧਾਇਕ ਦਾ ਦੁਬਾਰਾ ਪੁਤਲਾ ਸਾੜਿਆ ਜਾਵੇਗਾ ਅਤੇ ਵਿਧਾਨ ਸਭਾ ਚੋਣਾਂ ਤੱਕ ਹਲਕੇ ਅੰਦਰ ਉਨ੍ਹਾਂ ਦਾ ਲਗਾਤਾਰ ਬਾਈਕਾਟ ਤੇ ਵਿਰੋਧ ਜਾਰੀ ਰਹੇਗਾ।
ਇਸ ਰੋਸ ਪ੍ਰਦਰਸ਼ਨ ਵਿਚ ਰਣਜੀਤ ਸਿੰਘ ਰਾਣਾ ਬਲਾਕ ਪ੍ਰਧਾਨ ਬੀਕੇਯੂ ਲੱਖੋਵਾਲ ਡੇਰਾਬੱਸੀ, ਵਿਨੋਦ ਚੁੱਘ ਮੀਤ ਪ੍ਰਧਾਨ ਪੰਜਾਬ ਏਟਕ, ਬਲਜੀਤ ਸਿੰਘ ਭਾਊ, ਜਗਤਾਰ ਸਿੰਘ ਝਾਰਮੜੀ, ਕੁਲਦੀਪ ਸਿੰਘ ਸਰਸੀਣੀ, ਹਰੀ ਸਿੰਘ ਬੋਹੋੜਾ, ਹਰੀ ਸਿੰਘ ਚਡਿਆਲਾ, ਨਾਨੂ ਸਿੰਘ ਜਨੇਤਪੁਰ, ਗੁਰਪ੍ਰੀਤ ਸਿੰਘ ਜਾਸਤਨਾ, ਨਿਰਮਲ ਸਿੰਘ, ਅਵਤਾਰ ਸਿੰਘ ਨਾਭਾ ਸਾਹਿਬ, ਜਿੰਦਰ ਸਿੰਘ, ਜਗਦੇਵ ਸਿੰਘ ਤਸਿੰਬਲੀ, ਬਲਵੀਰ ਸਿੰਘ ਅਮਲਾਲਾ, ਅਵਤਾਰ ਸਿੰਘ ਜਵਾਹਰਪੁਰ, ਸੁਰਿੰਦਰ ਸਿੰਘ, ਬਲਵਿੰਦਰ ਸਿੰਘ ਜੜੌਤ, ਅਵਤਾਰ ਸਿੰਘ ਦੱਪਰ ਆਗੂ ਕੁੱਲ ਹਿੰਦ ਕਿਸਾਨ ਸਭਾ, ਪਰਵਿੰਦਰ ਸਿੰਘ ਜੌਲਾ ਖੁਰਦ, ਬਖ਼ਸ਼ੀਸ਼ ਸਿੰਘ ਭੱਟੀ, ਹਰਪਾਲ ਸਿੰਘ, ਸੁਰਜਨ ਸਿੰਘ ਚਾਂਦਹੇੜੀ, ਮੋਹਨ ਸਿੰਘ ਕਸੌਲੀ, ਬੇਅੰਤ ਸਿੰਘ ਬਸੌਲੀ, ਪਰਮਜੀਤ ਸਿੰਘ ਬਸੌਲੀ, ਭਾਗ ਸਿੰਘ ਖੇੜੀ, ਗੁਰਮੁਖ ਸਿੰਘ, ਕੇਹਰ ਸਿੰਘ ਚਡਿਆਲਾ, ਦਰਬਾਰਾ ਸਿੰਘ ਹਸਨਪੁਰ ਅਤੇ ਗੁਰਪਾਲ ਸਿੰਘ ਦੱਪਰ ਸਮੇਤ ਵੱਡੀ ਗਿਣਤੀ ’ਚ ਕਿਸਾਨ ਹਾਜ਼ਰ ਸਨ।
ਫੋਟੋ ਕੈਪਸ਼ਨ : ਦੱਪਰ ਟੋਲ ਪਲਾਜ਼ਾ ਵਿਖੇ ਰੋਸ ਪ੍ਰਦਰਸ਼ਨ ਕਰਦੇ ਹੋਏ ਕਿਸਾਨ ਆਗੂ। 5ਪੀ