ਚੋਰੀ ਦੇ 11 ਮੋਟਰਸਾਈਕਲਾਂ ਸਮੇਤ ਦੋ ਕਾਬੂ
ਚੋਰੀ ਦੇ 11 ਮੋਟਰਸਾਈਕਲਾਂ ਸਮੇਤ ਦੋ ਕਾਬੂ
Publish Date: Mon, 04 May 2026 07:05 PM (IST)
Updated Date: Mon, 04 May 2026 07:08 PM (IST)

ਰਣਜੀਤ ਸਿੰਘ ਰਾਣਾ, ਪੰਜਾਬੀ ਜਾਗਰਣ ਮੁਹਾਲੀ : ਮੁਹਾਲੀ ਪੁਲਿਸ ਵੱਲੋਂ ਮਾੜੇ ਅਨਸਰਾਂ ਨੂੰ ਕਾਬੂ ਕਰਨ ਦੀ ਚਲਾਈ ਗਈ ਮੁਹਿੰਮ ਦੌਰਾਨ ਦੋ ਚੋਰਾਂ ਨੂੰ 11 ਮੋਟਰਸਾਈਕਲਾਂ ਸਮੇਤ ਕਾਬੂ ਕੀਤਾ ਹੈ। ਫੜੇ ਗਏ ਚੋਰਾਂ ਬਾਰੇ ਜਾਣਕਾਰੀ ਦਿੰਦੇ ਹੋਏ ਡੀਐੱਸਪੀ ਸਿਟੀ-2 ਹਰਸਿਮਰਨ ਸਿੰਘ ਬੱਲ ਨੇ ਦੱਸਿਆ ਕਿ ਸਤਨਾਮ ਸਿੰਘ ਮੁੱਖ ਅਫ਼ਸਰ ਥਾਣਾ ਫੇਜ਼-8 ਦੀ ਨਿਗਰਾਨੀ ਹੇਠ ਹੌਲਦਾਰ ਸੁਰਿੰਦਰ ਸਿੰਘ ਜੋ ਕਿ ਸਮੇਤ ਪੁਲਿਸ ਪਾਰਟੀ ਦੇ ਕੁੰਬੜਾ ਚੌਕ ਵਿਖੇ ਮੌਜੂਦ ਸੀ ਤਾਂ ਖੁਸ਼ਪ੍ਰੀਤ ਸਿੰਘ ਵਾਸੀ ਫੇਜ਼-9 ਮੁਹਾਲੀ ਵੱਲੋਂ ਇਤਲਾਹ ਮਿਲੀ ਕਿ ਰਾਤ ਨੂੰ ਉਸ ਦਾ ਬੁਲੇਟ ਮੋਟਰਸਾਈਕਲ ਕਿਸੇ ਨੇ ਚੋਰੀ ਕਰ ਲਿਆ ਹੈ। ਜਿਸ ਦੇ ਆਧਾਰ ’ਤੇ ਮੁਕੱਦਮਾ ਦਰਜ ਕਰ ਕੇ ਤਫਤੀਸ਼ ਸ਼ੁਰੂ ਕੀਤੀ ਗਈ ਅਤੇ ਤਫਤੀਸ਼ੀ ਹੌਲਦਾਰ ਸੁਰਿੰਦਰ ਸਿੰਘ ਨੇ ਅਮਰਿੰਦਰ ਸਿੰਘ ਉਰਫ਼ ਬਿੱਟੂ ਵਾਸੀ ਸੈਕਟਰ 50 ਚੰਡੀਗੜ੍ਹ ਅਤੇ ਅਰਜਣ ਵਾਸੀ ਪਿੰਡ ਨੂਜਾ ਕਾਲੋਨੀ ਪਟਿਆਲਾ ਨੂੰ ਗ੍ਰਿਫ਼ਤਾਰ ਕਰ ਕੇ ਉਨ੍ਹਾਂ ਦੀ ਪੁੱਛਗਿੱਛ ਦੇ ਆਧਾਰ ’ਤੇ ਮੁਹਾਲੀ ਤੋਂ ਚੋਰੀ ਕੀਤਾ ਬੁਲੇਟ ਮੋਟਰਸਾਈਕਲ ਬਰਾਮਦ ਕਰਵਾਇਆ। ਡੀਐੱਸਪੀ ਹਰਸਿਮਰਨ ਬੱਲ ਨੇ ਹੋਰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਤਫਤੀਸ਼ ਦੌਰਾਨ ਮੁਲਜ਼ਮਾਂ ਵੱਲੋਂ ਚੰਡੀਗੜ੍ਹ ਅਤੇ ਮੁਹਾਲੀ ਦੇ ਅਲੱਗ-ਅਲੱਗ ਜਗ੍ਹਾ ਤੋਂ ਚੋਰੀ ਕੀਤੇ 8 ਬੁਲੇਟ ਮੋਟਰਸਾਈਕਲ ਅਤੇ 2 ਸਪਲੈਂਡਰ ਮੋਟਰਸਾਈਕਲ (ਕੁੱਲ 11 ਮੋਟਰਸਾਈਕਲ) ਮੁਲਜ਼ਮਾਂ ਦੀ ਨਿਸ਼ਾਨਦੇਹੀ ’ਤੇ ਬਰਾਮਦ ਕਰਵਾਏ ਗਏ। ਜਿਨ੍ਹਾਂ ਵਿਚੋਂ 6 ਬੁਲੇਟ ਮੋਟਰਸਾਈਕਲ ਲਖਨਊ ਯੂਪੀ ਜਾ ਕੇ ਬਰਾਮਦ ਕਰਵਾਏ ਗਏ ਹਨ। ਡੀਐੱਸਪੀ ਬੱਲ ਨੇ ਦੱਸਿਆ ਕਿ ਜੇਕਰ ਦੌਰਾਨੇ ਤਫਤੀਸ਼ ਹੋਰ ਵੀ ਵਿਅਕਤੀ ਦੀ ਸ਼ਮੂਲੀਅਤ ਸਾਹਮਣੇ ਆਉਂਦੀ ਹੈ ਤਾਂ ਉਸ ਨੂੰ ਵੀ ਮੁਕੱਦਮਾ ਉਕਤ ਵਿਚ ਮੁਲਜ਼ਮ ਨਾਮਜ਼ਦ ਕਰ ਕੇ ਅਗਲੀ ਤਫਤੀਸ਼ ਅਮਲ ਵਿਚ ਲਿਆਂਦੀ ਜਾਵੇਗੀ।