- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਸ਼ਿਕਾਇਤ ਵਿੱਚ ਅੱਗੇ ਦੱਸਿਆ ਗਿਆ ਕਿ ਆਤਿਸ਼ੀ ਦੀ ਸਪੀਚ (ਭਾਸ਼ਣ) ਦਾ ਅਸਲ ਵੀਡੀਓ, ਜੋ ਬਾਅਦ ਵਿੱਚ ਉਨ੍ਹਾਂ ਦੇ ਅਧਿਕਾਰਤ ਸੋਸ਼ਲ ਮੀਡੀਆ ਅਕਾਊਂਟ ''ਤੇ ਅਪਲੋਡ ਕੀਤਾ ਗਿਆ ਸੀ, ਵਿੱਚ ਅਜਿਹੀ ਕੋਈ ਟਿੱਪਣੀ ਨਹੀਂ ਹੈ, ਜਿਸ ਤੋਂ ਇਹ ਸਾਫ਼ ਪਤਾ ਚਲਦਾ ਹੈ ਕਿ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਅਤੇ ਫਿਰਕੂ ਸਦਭਾਵਨਾ ਨੂੰ ਭੰਗ ਕਰਨ ਦੇ ਇਰਾਦੇ ਨਾਲ ਉਕਤ ਵੀਡੀਓ ਕਲਿੱਪਾਂ ਨੂੰ ਐਡਿਟਿੰਗ ਅਤੇ ਛੇੜਛਾੜ ਕਰਕੇ ਪ੍ਰਸਾਰਿਤ ਕੀਤਾ ਗਿਆ।

ਪੰਜਾਬੀ ਜਾਗਰਣ ਬਿਊਰੋ, ਚੰਡੀਗੜ੍ਹ : ਦਿੱਲੀ ਵਿਧਾਨ ਸਭਾ ’ਚ ਵਿਰੋਧੀ ਧਿਰ ਦੀ ਆਗੂ ਆਤਿਸ਼ੀ ਨਾਲ ਜੁੜੇ ਕਥਿਤ ਵੀਡੀਓ ਮਾਮਲੇ ’ਚ ਪੰਜਾਬ ਦੇ ਡੀਜੀਪੀ ਗੌਰਵ ਯਾਦਵ ਨੇ ਦਿੱਲੀ ਵਿਧਾਨ ਸਭਾ ਦੇ ਸਪੀਕਰ ਨੂੰ ਵਿਸਥਾਰਤ ਜਵਾਬ ਸੌਂਪ ਦਿੱਤਾ ਹੈ। ਇਸ ’ਚ ਕਿਹਾ ਗਿਆ ਹੈ ਕਿ ਫੋਰੈਂਸਿਕ ਰਿਪੋਰਟ ਤੋਂ ਸਪੱਸ਼ਟ ਰੂਪ ਨਾਲ ਸਥਾਪਿਤ ਹੁੰਦਾ ਹੈ ਕਿ ਆਤਿਸ਼ੀ ਨੇ ਵੀਡੀਓ ’ਚ ‘ਗੁਰੂ’ ਸ਼ਬਦ ਦੀ ਵਰਤੋਂ ਨਹੀਂ ਕੀਤੀ ਸੀ ਤੇ ਇਹ ਸ਼ਬਦ ਵੀਡੀਓ ’ਚ ਬਾਅਦ ’ਚ ਜੋੜਿਆ ਗਿਆ ਸੀ ਤਾਂ ਜੋ ਪੰਜਾਬ ’ਚ ਭਾਵਨਾਵਾਂ ਭੜਕਾਈਆਂ ਜਾ ਸਕਣ। ਡੀਜੀਪੀ ਨੇ ਆਪਣੇ ਪੱਤਰ ’ਚ ਕਿਹਾ ਕਿ ਪੁਲਿਸ ਨੇ ਕਾਨੂੰਨ ਮੁਤਾਬਕ ਹੀ ਕੰਮ ਕੀਤਾ ਹੈ। ਇਹ ਸਥਾਪਿਤ ਕਾਨੂੰਨੀ ਸਿਧਾਂਤ ਹੈ ਕਿ ਅਪਰਾਧ ਦੀ ਜਾਣਕਾਰੀ ਮਿਲਣ ’ਤੇ ਐੱਫਆਈਆਰ ਦਰਜ ਕੀਤੀ ਜਾਣੀ ਚਾਹੀਦੀ ਹੈ। ਨਾਲ ਹੀ ਇਹ ਵੀ ਕਿਹਾ ਗਿਆ ਕਿ ਪੁਲਿਸ ਜਾਂਚ ਦੀ ਨਿਗਰਾਨੀ ਸਿਰਫ਼ ਸਮਰੱਥ ਮੈਜਿਸਟ੍ਰੇਟ ਤੇ ਅਦਾਲਤ ਕਰਦੇ ਹਨ, ਕਿਸੇ ਵੀ ਵਿਧਾਨ ਸਭਾ ਨੂੰ ਵਿਸ਼ੇਸ਼ ਕਰ ਕੇ ਕਿਸੇ ਹੋਰ ਸੂਬੇ ਦੀ ਜਾਂਚ ’ਤੇ ਕੋਈ ਅਧਿਕਾਰ ਜਾਂ ਨਿਯੰਤਰਨ ਨਹੀਂ ਹੈ।
ਡੀਜੀਪੀ ਨੇ ਕਿਹਾ ਕਿ ਸਬੰਧਤ ਵੀਡੀਓ ਕਲਿਪ ਦਿੱਲੀ ਵਿਧਾਨ ਸਭਾ ਦੇ ਬਾਹਰ ਐਡਿਟ ਤੇ ਸਰਕੁਲੇਟ ਕੀਤੇ ਗਏ ਸਨ ਤੇ ਉਨ੍ਹਾਂ ਨੂੰ ਸੋਸ਼ਲ ਮੀਡੀਆ ਪਲੇਟਫਾਰਮ ਤੋਂ ਲਿਆ ਗਿਆ ਸੀ। ਕਿਉਂਕਿ ਇਹ ਕਲਿਪ ਨਾ ਤਾਂ ਸਦਨ ਵੱਲੋਂ ਪ੍ਰਸਾਰਿਤ ਕੀਤੇ ਗਏ ਸਨ ਤੇ ਨਾ ਹੀ ਸਦਨ ਦੇ ਅਧਿਕਾਰ ਖੇਤਰ ’ਚ ਸਨ, ਇਸ ਲਈ ਇਸ ਮਾਮਲੇ ’ਚ ਵਿਧਾਨਕ ਵਿਸ਼ੇਸ਼ ਅਧਿਕਾਰ ਲਾਗੂ ਨਹੀਂ ਹੁੰਦਾ। ਪੱਤਰ ’ਚ ਇਹ ਵੀ ਸਪੱਸ਼ਟ ਕੀਤਾ ਗਿਆ ਹੈ ਕਿ ਆਤਿਸ਼ੀ ਖ਼ਿਲਾਫ਼ ਸਦਨ ਦੇ ਅੰਦਰ ਦਿੱਤੇ ਗਏ ਉਨ੍ਹਾਂ ਦੇ ਭਾਸ਼ਣ ਨੂੰ ਲੈ ਕੇ ਕੋਈ ਐੱਫਆਈਆਰ ਦਰਜ ਨਹੀਂ ਕੀਤੀ ਗਈ ਹੈ ਤੇ ਜਾਂਚ ਸਿਰਫ਼ ਅਣਪਛਾਤੇ ਵਿਅਕਤੀਆਂ ਵੱਲੋਂ ਵੀਡੀਓ ਨੂੰ ਕਲਿਪ, ਕ੍ਰਾਪ ਤੇ ਡਿਜੀਟਲ ਰੂਪ ਨਾਲ ਮੈਨੂਪਲੇਟ ਕਰਨ ਤੱਕ ਸੀਮਤ ਹੈ। ਜਲੰਧਰ ਪੁਲਿਸ ਕਮਿਸ਼ਨਰੇਟ ਵੱਲੋਂ ਉਠਾਏ ਗਏ ਸਾਰੇ ਕਦਮ ਕਾਨੂੰਨੀ ਹਨ, ਰਿਕਾਰਡ ’ਤੇ ਉਪਲੱਬਧ ਸਮੱਗਰੀ ’ਤੇ ਆਧਾਰਿਤ ਹਨ ਤੇ ਜਨਤਕ ਸ਼ਾਂਤੀ ਤੇ ਸਥਿਰਤਾ ਬਣਾਈ ਰੱਖਣ ਦੇ ਟੀਚੇ ਨਾਲ ਕੀਤੇ ਗਏ ਹਨ।
ਇਹ ਮਾਮਲਾ 7 ਜਨਵਰੀ ਨੂੰ ਜਲੰਧਰ ਦੇ ਸਾਈਬਰ ਕ੍ਰਾਈਮ ਪੁਲਿਸ ਸਟੇਸ਼ਨ ’ਚ ਪ੍ਰਾਪਤ ਇਕ ਲਿਖਤੀ ਸ਼ਿਕਾਇਤ ਨਾਲ ਸਾਹਮਣੇ ਆਇਆ ਸੀ। ਸ਼ਿਕਾਇਤ ’ਚ ਕਿਹਾ ਗਿਆ ਸੀ ਕਿ ਸੋਸ਼ਲ ਮੀਡੀਆ ਪਲੇਟਫਾਰਮ ’ਤੇ ਕੁਝ ਵੀਡੀਓ ਕਲਿਪ ਵਾਇਰਲ ਹੋ ਰਹੇ ਹਨ ਜਿਨ੍ਹਾਂ ’ਚ ਅਜਿਹਾ ਪ੍ਰਤੀਤ ਕਰਵਾਇਆ ਗਿਆ ਹੈ ਕਿ ਆਤਿਸ਼ੀ ਨੇ ਗੁਰੂਆਂ ਖ਼ਿਲਾਫ਼ ਇਤਰਾਜ਼ਯੋਗ ਟਿੱਪਣੀ ਕੀਤੀ ਹੈ। ਸ਼ਿਕਾਇਤ ’ਚ ਇਹ ਵੀ ਕਿਹਾ ਗਿਆ ਕਿ ਆਤਿਸ਼ੀ ਵੱਲੋਂ ਬਾਅਦ ’ਚ ਆਪਣੇ ਅਧਿਕਾਰਕ ਸੋਸ਼ਲ ਮੀਡੀਆ ਅਕਾਊਂਟ ’ਤੇ ਅਪਲੋਡ ਕੀਤੇ ਗਏ ਮੂਲ ਭਾਸ਼ਣ ਦੇ ਵੀਡੀਓ ’ਚ ਅਜਿਹੀ ਕੋਈ ਟਿੱਪਣੀ ਨਹੀਂ ਸੀ, ਜਿਸ ਨਾਲ ਇਹ ਸੰਕੇਤ ਮਿਲਦਾ ਹੈ ਕਿ ਵੀਡੀਓ ਨੂੰ ਜਾਣਬੁੱਝ ਕੇ ਐਡਿਟ ਤੇ ਮੈਨੂਪੁਲੇਟ ਕੀਤਾ ਗਿਆ ਤਾਂ ਜੋ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਈ ਜਾ ਸਕੇ ਤੇ ਫ਼ਿਰਕੂ ਭਾਈਚਾਰੇ ਨੂੰ ਵਿਗਾੜਿਆ ਜਾ ਸਕੇ। ਸ਼ਿਕਾਇਤ ਦੇ ਆਧਾਰ ’ਤੇ ਜਲੰਧਰ ਸਾਈਬਰ ਪੁਲਿਸ ਨੇ ਵਾਇਰਲ ਵੀਡੀਓ ਕਲਿਪ ਨੂੰ ਸੂਬਾਈ ਫੋਰੈਂਸਿਕ ਸਾਇੰਸ ਲੈਬਾਰਟਰੀ, ਐੱਸਏਐੱਸ ਨਗਰ (ਮੋਹਾਲੀ) ਭੇਜਿਆ। ਫੋਰੈਂਸਿਕ ਰਿਪੋਰਟ ’ਚ ਸਪੱਸ਼ਟ ਰੂਪ ਨਾਲ ਕਿਹਾ ਗਿਆ ਹੈ ਕਿ ਜਾਂਚ ਕੀਤੇ ਗਏ ਵੀਡੀਓ ਤੋਂ ਕੱਢੇ ਗਏ ਆਡੀਓ ’ਚ ਬੁਲਾਰੇ ਵੱਲੋਂ ‘ਗੁਰੂ’ ਸ਼ਬਦ ਨਹੀਂ ਬੋਲਿਆ ਗਿਆ। ਇਸ ਤੋਂ ਬਾਅਦ ਪੁਲਿਸ ਨੇ ਦਿੱਲੀ ਦੇ ਕਾਨੂੰਨ ਮੰਤਰੀ ਕਪਿਲ ਮਿਸ਼ਰਾ ਤੇ ਹੋਰ ਲੋਕਾਂ ਖ਼ਿਲਾਫ਼ ਐੱਫਆਈਆਰ ਦਰਜ ਕੀਤੀ।