ਦਰਦਨਾਕ ਹਾਦਸਾ: ਚੰਡੀਗੜ੍ਹ 'ਚ ਬੇਕਾਬੂ ਬਾਈਕ ਡਿਵਾਈਡਰ ਨਾਲ ਟਕਰਾਈ; 28 ਸਾਲਾ ਡਿਲੀਵਰੀ ਬੁਆਏ ਦੀ ਮੌਤ
ਪੁਲਿਸ ਤੋਂ ਮਿਲੀ ਜਾਣਕਾਰੀ ਅਨੁਸਾਰ ਅਕਸ਼ੇ ਬਲਿੰਕਿਟ ਵਿਚ ਡਿਲੀਵਰੀ ਦਾ ਕੰਮ ਕਰਦਾ ਸੀ। ਮੰਗਲਵਾਰ ਰਾਤ ਕਰੀਬ 2 ਵਜੇ ਉਹ ਕਜਹੇੜੀ ਵੱਲੋਂ ਆਪਣੇ ਘਰ ਵਾਪਸ ਆ ਰਿਹਾ ਸੀ। ਜਿਵੇਂ ਹੀ ਉਹ ਸੈਕਟਰ-43 ਸਥਿਤ ਜ਼ਿਲ੍ਹਾ ਅਦਾਲਤ ਦੀ ਪਿਛਲੀ ਸਾਈਡ ’ਤੇ ਪਹੁੰਚਿਆ, ਅਚਾਨਕ ਉਸ ਦੀ ਬਾਈਕ ਬੇਕਾਬੂ ਹੋ ਗਈ
Publish Date: Thu, 26 Feb 2026 12:13 PM (IST)
Updated Date: Thu, 26 Feb 2026 12:16 PM (IST)
ਸਟਾਫ ਰਿਪੋਰਟਰ, ਪੰਜਾਬੀ ਜਾਗਰਣ, ਚੰਡੀਗੜ੍ਹ : ਮੰਗਲਵਾਰ ਦੇਰ ਰਾਤ ਸੈਕਟਰ-42/43 ਡਿਵਾਈਡਿੰਗ ਰੋਡ ’ਤੇ ਹੋਏ ਇਕ ਦਰਦਨਾਕ ਸੜਕ ਹਾਦਸੇ ਵਿਚ 28 ਸਾਲਾ ਨੌਜਵਾਨ ਦੀ ਮੌਤ ਹੋ ਗਈ। ਮ੍ਰਿਤਕ ਦੀ ਪਛਾਣ ਅਕਸ਼ੇ ਵਜੋਂ ਹੋਈ ਹੈ, ਜੋ ਇਕ ਨਿੱਜੀ ਡਿਲੀਵਰੀ ਕੰਪਨੀ ’ਚ ਕੰਮ ਕਰਦਾ ਸੀ। ਸੈਕਟਰ-36 ਥਾਣਾ ਪੁਲਿਸ ਨੇ ਬੁੱਧਵਾਰ ਨੂੰ ਸਰਕਾਰੀ ਮਲਟੀਸਪੈਸ਼ਲਟੀ ਹਸਪਤਾਲ-16 ਵਿੱਚ ਪੋਸਟਮਾਰਟਮ ਕਰਵਾ ਕੇ ਲਾਸ਼ ਪਰਿਵਾਰਕ ਮੈਂਬਰਾਂ ਨੂੰ ਸੌਂਪ ਦਿੱਤੀ।
ਪੁਲਿਸ ਤੋਂ ਮਿਲੀ ਜਾਣਕਾਰੀ ਅਨੁਸਾਰ ਅਕਸ਼ੇ ਬਲਿੰਕਿਟ ਵਿਚ ਡਿਲੀਵਰੀ ਦਾ ਕੰਮ ਕਰਦਾ ਸੀ। ਮੰਗਲਵਾਰ ਰਾਤ ਕਰੀਬ 2 ਵਜੇ ਉਹ ਕਜਹੇੜੀ ਵੱਲੋਂ ਆਪਣੇ ਘਰ ਵਾਪਸ ਆ ਰਿਹਾ ਸੀ। ਜਿਵੇਂ ਹੀ ਉਹ ਸੈਕਟਰ-43 ਸਥਿਤ ਜ਼ਿਲ੍ਹਾ ਅਦਾਲਤ ਦੀ ਪਿਛਲੀ ਸਾਈਡ ’ਤੇ ਪਹੁੰਚਿਆ, ਅਚਾਨਕ ਉਸ ਦੀ ਬਾਈਕ ਬੇਕਾਬੂ ਹੋ ਗਈ। ਸੰਤੁਲਨ ਗੁਆ ਬੈਠਣ ਕਾਰਨ ਉਹ ਬਾਈਕ ਸਮੇਤ ਸੜਕ ’ਤੇ ਡਿੱਗ ਪਿਆ। ਡਿੱਗਦੇ ਸਮੇਂ ਉਸਦਾ ਸਿਰ ਡਿਵਾਈਡਰ ਨਾਲ ਜਾ ਟਕਰਾਇਆ, ਜਿਸ ਨਾਲ ਉਸ ਦੇ ਸਿਰ ਵਿਚ ਗੰਭੀਰ ਸੱਟ ਲੱਗੀ।
ਹਾਦਸੇ ਤੋਂ ਬਾਅਦ ਨੇੜੇ ਮੌਜੂਦ ਲੋਕਾਂ ਨੇ ਪੁਲਿਸ ਨੂੰ ਸੂਚਨਾ ਦਿੱਤੀ। ਮੌਕੇ ’ਤੇ ਪਹੁੰਚੀ ਪੁਲਿਸ ਟੀਮ ਨੇ ਜ਼ਖ਼ਮੀ ਅਕਸ਼ੇ ਨੂੰ ਤੁਰੰਤ ਸੈਕਟਰ-16 ਸਥਿਤ ਜੀਐੱਮਐੱਸਐੱਚ ਪਹੁੰਚਾਇਆ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਪੁਲਿਸ ਦੇ ਮੁਤਾਬਕ ਮੌਕੇ ਤੋਂ ਹੈਲਮੈਟ ਬਰਾਮਦ ਨਹੀਂ ਹੋਇਆ। ਮੁੱਢਲੀ ਜਾਂਚ ਵਿਚ ਖਦਸ਼ਾ ਪ੍ਰਗਟਾਇਆ ਜਾ ਰਿਹਾ ਹੈ ਕਿ ਨੌਜਵਾਨ ਨੇ ਹੈਲਮੈਟ ਨਹੀਂ ਪਾਇਆ ਹੋਇਆ ਸੀ, ਜਿਸ ਕਾਰਨ ਸਿਰ ’ਤੇ ਗੰਭੀਰ ਸੱਟ ਆਈ।
ਅਕਸ਼ੇ ਦਾ ਵਿਆਹ ਨਹੀਂ ਹੋਇਆ ਸੀ ਅਤੇ ਉਹ ਆਪਣੇ ਪਰਿਵਾਰ ਦਾ ਸਹਾਰਾ ਸੀ। ਉਸ ਦੀ ਅਚਾਨਕ ਮੌਤ ਨਾਲ ਪਰਿਵਾਰ ਵਿੱਚ ਸੋਗ ਦੀ ਲਹਿਰ ਦੌੜ ਗਈ ਹੈ। ਪੁਲਿਸ ਨੇ ਮਾਮਲਾ ਦਰਜ ਕਰਕੇ ਅੱਗੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਅਧਿਕਾਰੀਆਂ ਨੇ ਵਾਹਨ ਚਾਲਕਾਂ ਨੂੰ ਅਪੀਲ ਕੀਤੀ ਹੈ ਕਿ ਰਾਤ ਦੇ ਸਮੇਂ ਵਿਸ਼ੇਸ਼ ਸਾਵਧਾਨੀ ਵਰਤਣ ਅਤੇ ਹਮੇਸ਼ਾਂ ਹੈਲਮੈਟ ਦੀ ਵਰਤੋਂ ਕਰਨ, ਤਾਂ ਜੋ ਅਜਿਹੇ ਹਾਦਸਿਆਂ ਤੋਂ ਬਚਿਆ ਜਾ ਸਕੇ।