ਮੁਹਾਲੀ ਪੁਲਿਸ ਨੂੰ ਮਿਲੀ ਵੱਡੀ ਸਫ਼ਲਤਾ, ਲੁੱਟਾਂ-ਖੋਹਾਂ ਕਰਨ ਵਾਲੇ ਤਿੰਨ ਮੁਲਜ਼ਮ ਗ੍ਰਿਫ਼ਤਾਰ
ਮੁਹਾਲੀ ਪੁਲਿਸ ਨੂੰ ਵੱਡੀ ਸਫ਼ਲਤਾ: ਲੁੱਟ-ਖੋਹ ਦੇ ਤਿੰਨ ਮੁਲਜ਼ਮ ਗ੍ਰਿਫ਼ਤਾਰ
Publish Date: Mon, 15 Sep 2025 07:20 PM (IST)
Updated Date: Mon, 15 Sep 2025 07:20 PM (IST)

ਜੀਐੱਸ ਸੰਧੂ, ਪੰਜਾਬੀ ਜਾਗਰਣ ਐੱਸਏਐੱਸ ਨਗਰ : ਜ਼ਿਲ੍ਹਾ ਮੁਹਾਲੀ ਪੁਲਿਸ ਵੱਲੋਂ ਮਾੜੇ ਅਨਸਰਾਂ ਵਿਰੁੱਧ ਚਲਾਈ ਮੁਹਿੰਮ ਤਹਿਤ ਪਿੰਡ ਸੇਖਣ ਮਾਜਰਾ ਵਿਖੇ ਘਰ ਅੰਦਰ ਵੜ ਕੇ ਲੁੱਟ ਦੀ ਵਾਰਦਾਤ ਨੂੰ ਅੰਜਾਮ ਦੇਣ ਵਾਲੇ ਤਿੰਨ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰਨ ਵਿਚ ਸਫ਼ਲਤਾ ਹਾਸਲ ਕੀਤੀ ਗਈ ਹੈ। ਇਹ ਕਾਰਵਾਈ ਇੰਸਪੈਕਟਰ ਹਰਮਿੰਦਰ ਸਿੰਘ, ਇੰਚਾਰਜ ਸੀਆਈਏ ਸਟਾਫ਼ ਦੀ ਟੀਮ ਵੱਲੋਂ ਕੀਤੀ ਗਈ ਹੈ। ਕਪਤਾਨ ਪੁਲਿਸ ਸੌਰਵ ਜਿੰਦਲ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ 6-7 ਸਤੰਬਰ 2025 ਦੀ ਰਾਤ ਨੂੰ ਚਾਰ ਅਣਪਚਾਤੇ ਮੋਟਰਸਾਈਕਲ ਸਵਾਰਾਂ ਨੇ ਪਿੰਡ ਸੇਖਣ ਮਾਜਰਾ ਦੇ ਵਸਨੀਕ ਕੁਲਵੰਤ ਸਿੰਘ ਦੇ ਘਰ ਅੰਦਰ ਦਾਖ਼ਲ ਹੋ ਕੇ ਪਰਿਵਾਰਕ ਮੈਂਬਰਾਂ ਨੂੰ ਤੇਜ਼ਧਾਰ ਹਥਿਆਰਾਂ ਨਾਲ ਜ਼ਖ਼ਮੀ ਕਰ ਦਿੱਤਾ। ਮੁਲਜ਼ਮਾਂ ਨੇ ਲੁੱਟ ਦੀ ਵਾਰਦਾਤ ਨੂੰ ਅੰਜਾਮ ਦਿੰਦਿਆਂ ਘਰ ਵਿਚੋਂ ਸੋਨੇ ਦੇ ਗਹਿਣੇ ਅਤੇ ਨਕਦੀ ਲੁੱਟ ਲਈ। ਇਸ ਦੌਰਾਨ ਕੁਲਵੰਤ ਸਿੰਘ ਦੇ ਪੁੱਤਰ ਲਖਵਿੰਦਰ ਸਿੰਘ ਦੇ ਸਿਰ ਅਤੇ ਬਾਹਾਂ ’ਤੇ ਗੰਭੀਰ ਸੱਟਾਂ ਲੱਗੀਆਂ, ਜਿਸ ਕਾਰਨ ਉਸ ਨੂੰ ਕਈ ਦਿਨਾਂ ਤਕ ਹਸਪਤਾਲ ਵਿਚ ਦਾਖ਼ਲ ਰਹਿਣਾ ਪਿਆ। ਇਸ ਸੰਗੀਨ ਅਪਰਾਧ ਨੂੰ ਦੇਖਦੇ ਹੋਏ ਸੀਨੀਅਰ ਕਪਤਾਨ ਪੁਲਿਸ ਐੱਸਏਐੱਸ ਨਗਰ ਦੇ ਹੁਕਮਾਂ ’ਤੇ ਇਸ ਕੇਸ ਦੀ ਜਾਂਚ ਸੀਆਈਏ ਸਟਾਫ਼ ਨੂੰ ਸੌਂਪੀ ਗਈ। ਇੰਸਪੈਕਟਰ ਹਰਮਿੰਦਰ ਸਿੰਘ ਅਤੇ ਉਨ੍ਹਾਂ ਦੀ ਟੀਮ ਨੇ ਤਕਨੀਕੀ ਅਤੇ ਮਨੁੱਖੀ ਸਰੋਤਾਂ ਦੀ ਮਦਦ ਨਾਲ ਕਾਰਵਾਈ ਕਰਦੇ ਹੋਏ ਚਾਰ ਵਿਚੋਂ ਤਿੰਨ ਮੁਲਜ਼ਮਾਂ ਨੂੰ ਲੁਧਿਆਣਾ ਤੋਂ ਗ੍ਰਿਫ਼ਤਾਰ ਕਰ ਲਿਆ। ਇਨ੍ਹਾਂ ਮੁਲਜ਼ਮਾਂ ਦੀ ਪਛਾਣ ਗੁਰਿੰਦਰ ਸਿੰਘ ਉਰਫ਼ ਬੋਪਾਰਾਏ (41), ਤੇਜਿੰਦਰ ਸਿੰਘ ਉਰਫ਼ ਪ੍ਰਿੰਸ (39) ਅਤੇ ਨਿਤੇਸ਼ ਕੁਮਾਰ (43) ਵਜੋਂ ਹੋਈ ਹੈ, ਜਦਕਿ ਇਕ ਮੁਲਜ਼ਮਾ ਮਨਵਿੰਦਰ ਸਿੰਘ ਉਰਫ਼ ਬੱਬੂ ਦੀ ਗ੍ਰਿਫ਼ਤਾਰੀ ਹਾਲੇ ਬਾਕੀ ਹੈ। ਪੁਲਿਸ ਨੇ ਗ੍ਰਿਫ਼ਤਾਰ ਮੁਲਜ਼ਮਾਂ ਪਾਸੋਂ ਵਾਰਦਾਤ ਵਿਚ ਵਰਤੇ ਗਏ ਦੋ ਮੋਟਰਸਾਈਕਲ, ਇਕ ਲੋਹੇ ਦਾ ਦਾਤਰ, ਇਕ ਡੰਮੀ ਪਿਸਤੌਲ, ਸੋਨੇ ਦੀ ਅੰਗੂਠੀ ਅਤੇ ਆਰਟੀਫੀਸ਼ੀਅਲ ਸੋਨੇ ਦੇ ਗਹਿਣੇ ਬਰਾਮਦ ਕੀਤੇ ਹਨ। ਇਸ ਸਫ਼ਲ ਕਾਰਵਾਈ ਨਾਲ ਮੁਹਾਲੀ ਪੁਲਿਸ ਨੇ ਅਪਰਾਧੀਆਂ ਵਿਰੁੱਧ ਆਪਣੀ ਸਖ਼ਤ ਕਾਰਵਾਈ ਦਾ ਸੰਦੇਸ਼ ਦਿੱਤਾ ਹੈ।