- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਘਟਨਾ ਤੋਂ ਬਾਅਦ ਸੋਸ਼ਲ ਮੀਡੀਆ ’ਤੇ ਇਕ ਕਥਿਤ ਵਾਇਸ ਸੁਨੇਹਾ ਵਾਇਰਲ ਹੋਇਆ ਸੀ, ਜਿਸ ਵਿਚ ਰਾਜੂ ਬਸੋਦੀ ਨੇ ਬਿਸ਼ਨੋਈ ਗੈਂਗ ਵੱਲੋਂ ਜ਼ਿੰਮੇਵਾਰੀ ਲੈਣ ਦਾ ਦਾਅਵਾ ਕੀਤਾ ਸੀ। ਅਪਰਾਧ ਸ਼ਾਖਾ ਨੇ ਜਾਂਚ ਤੋਂ ਬਾਅਦ ਲਾਰੈਂਸ ਬਿਸ਼ਨੋਈ ਸਮੇਤ ਅੱਠ ਲੋਕਾਂ ਖ਼ਿਲਾਫ਼ ਚਾਰਜਸ਼ੀਟ ਦਾਇਰ ਕੀਤੀ ਸੀ।

ਤਰੁਣ ਭਜਨੀ, ਪੰਜਾਬੀ ਜਾਗਰਣ, ਚੰਡੀਗੜ੍ਹ : ਸੱਤ ਸਾਲ ਪੁਰਾਣੇ ਬਹੁਚਰਚਿਤ ਸੋਨੂ ਸ਼ਾਹ ਕਤਲ ਮਾਮਲੇ ਵਿਚ ਵਧੀਕ ਸੈਸ਼ਨ ਅਦਾਲਤ ਨੇ ਤਿੰਨ ਦੋਸ਼ੀਆਂ ਸ਼ੁਭਮ ਉਰਫ਼ ਬਿਗਨੀ, ਮੰਜੀਤ ਉਰਫ਼ ਮੋਟਾ ਅਤੇ ਰਾਜਨ ਉਰਫ਼ ਜਾਟ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਹੈ। ਅਦਾਲਤ ਨੇ ਕਤਲ ਅਤੇ ਕਤਲ ਦੀ ਕੋਸ਼ਿਸ਼ ਦੇ ਦੋਸ਼ਾਂ ਤਹਿਤ ਹਰ ਇਕ ’ਤੇ 10 ਹਜ਼ਾਰ ਰੁਪਏ ਜੁਰਮਾਨਾ ਵੀ ਲਗਾਇਆ। ਇਸੇ ਦੌਰਾਨ ਅਦਾਲਤ ਨੇ ਗੈਂਗਸਟਰ ਲਾਰੈਂਸ ਬਿਸ਼ਨੋਈ ਸਮੇਤ ਪੰਜ ਮੁਲਜ਼ਮਾਂ ਨੂੰ ਸਬੂਤਾਂ ਦੀ ਘਾਟ ਕਾਰਨ ਬਰੀ ਕਰ ਦਿੱਤਾ। ਬਰੀ ਕੀਤੇ ਗਏ ਹੋਰ ਮੁਲਜ਼ਮਾਂ ਵਿਚ ਧਰਮਿੰਦਰ ਸਿੰਘ, ਅਭਿਸ਼ੇਕ ਉਰਫ਼ ਬੰਟੀ, ਰਾਜੂ ਬਸੋਦੀ ਅਤੇ ਦੀਪਕ ਰੰਗਾ ਸ਼ਾਮਲ ਹਨ।
ਮਾਮਲੇ ਦਾ ਪਿਛੋਕੜ
28 ਸਤੰਬਰ 2019 ਨੂੰ ਬੁੜੈਲ ਪਿੰਡ, ਸੈਕਟਰ-45 ਸਥਿਤ ਆਪਣੇ ਦਫ਼ਤਰ ਵਿਚ ਪ੍ਰਾਪਰਟੀ ਡੀਲਰ ਰਾਜਵੀਰ ਸਿੰਘ ਉਰਫ਼ ਸੋਨੂ ਸ਼ਾਹ ਦੀ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ ਗਈ ਸੀ। ਇਸ ਹਮਲੇ ਦੌਰਾਨ ਜੋਗਿੰਦਰ ਸਿੰਘ ਅਤੇ ਪਰਮਿੰਦਰ ਜ਼ਖ਼ਮੀ ਹੋਏ ਸਨ। ਹਮਲਾਵਰਾਂ ਵੱਲੋਂ ਲਗਪਗ 14 ਰਾਊਂਡ ਫਾਈਰਿੰਗ ਕੀਤੀ ਗਈ ਸੀ। ਘਟਨਾ ਤੋਂ ਬਾਅਦ ਸੋਸ਼ਲ ਮੀਡੀਆ ’ਤੇ ਇਕ ਕਥਿਤ ਵਾਇਸ ਸੁਨੇਹਾ ਵਾਇਰਲ ਹੋਇਆ ਸੀ, ਜਿਸ ਵਿਚ ਰਾਜੂ ਬਸੋਦੀ ਨੇ ਬਿਸ਼ਨੋਈ ਗੈਂਗ ਵੱਲੋਂ ਜ਼ਿੰਮੇਵਾਰੀ ਲੈਣ ਦਾ ਦਾਅਵਾ ਕੀਤਾ ਸੀ। ਅਪਰਾਧ ਸ਼ਾਖਾ ਨੇ ਜਾਂਚ ਤੋਂ ਬਾਅਦ ਲਾਰੈਂਸ ਬਿਸ਼ਨੋਈ ਸਮੇਤ ਅੱਠ ਲੋਕਾਂ ਖ਼ਿਲਾਫ਼ ਚਾਰਜਸ਼ੀਟ ਦਾਇਰ ਕੀਤੀ ਸੀ। ਦੋਸ਼ ਸੀ ਕਿ ਕਤਲ ਜੇਲ੍ਹ ਤੋਂ ਚਲਾਏ ਜਾ ਰਹੇ ਨੈੱਟਵਰਕ ਰਾਹੀਂ ਯੋਜਨਾਬੱਧ ਢੰਗ ਨਾਲ ਕਰਵਾਇਆ ਗਿਆ।
ਮੁਕੱਦਮੇ ਦੌਰਾਨ ਕੀ ਸਾਹਮਣੇ ਆਇਆ
ਮੁੱਖ ਗਵਾਹਾਂ ਦੀ ਸਥਿਤੀ
ਜ਼ਖ਼ਮੀ ਗਵਾਹ ਜੋਗਿੰਦਰ ਸਿੰਘ ਦਾ ਮੌਤ ਪ੍ਰਮਾਣ ਪੱਤਰ ਪ੍ਰਾਪਤ ਨਹੀਂ ਹੋ ਸਕਿਆ। ਉਸ ਦੀ ਪਤਨੀ ਸੁਨੀਤਾ ਨੇ ਅਦਾਲਤ ਨੂੰ ਦੱਸਿਆ ਕਿ ਉਹ ਪਿਛਲੇ 12-13 ਸਾਲਾਂ ਤੋਂ ਵੱਖ ਰਹਿ ਰਹੀ ਹੈ ਅਤੇ ਉਸਨੂੰ ਪਤੀ ਦੇ ਜਿਊਂਦੇ ਜਾਂ ਮ੍ਰਿਤ ਹੋਣ ਬਾਰੇ ਕੋਈ ਜਾਣਕਾਰੀ ਨਹੀਂ ਹੈ। ਉਸਦੇ ਜੱਦੀ ਪਿੰਡ ਜੀੰਦ ਤੋਂ ਵੀ ਕੋਈ ਢੁੱਕਵੀਂ ਜਾਣਕਾਰੀ ਨਹੀਂ ਮਿਲੀ।
ਦੂਜੇ ਜ਼ਖ਼ਮੀ ਗਵਾਹ ਪਰਮਿੰਦਰ ਦੀ ਮੌਤ ਰਿਪੋਰਟ 19 ਜਨਵਰੀ 2026 ਨੂੰ ਆਈ, ਜਿਸ ਤੋਂ ਬਾਅਦ ਉਸਦਾ ਨਾਮ ਗਵਾਹਾਂ ਦੀ ਸੂਚੀ ਤੋਂ ਹਟਾ ਦਿੱਤਾ ਗਿਆ। ਇਨ੍ਹਾਂ ਹਾਲਾਤ ਵਿਚ ਅਦਾਲਤ ਨੇ ਸਰਕਾਰੀ ਪੱਖ ਦੇ ਸਬੂਤ ਬੰਦ ਕਰ ਦਿੱਤੇ।
ਦੋ ਗਵਾਹ ਮੁਕਰ ਗਏ
ਹੋਟਲ ਮੈਨੇਜਰ ਵਿਪਿਨ ਨੇ ਧਰਮਿੰਦਰ ਨੂੰ ਪਛਾਣਣ ਤੋਂ ਇਨਕਾਰ ਕਰ ਦਿੱਤਾ। ਹੋਰ ਗਵਾਹ ਚੰਦਨ ਨੇ ਵੀ ਕਿਸੇ ਦੋਸ਼ੀ ਦੀ ਪਛਾਣ ਨਹੀਂ ਕੀਤੀ।
ਜਾਂਚ ’ਚ ਖਾਮੀਆਂ
ਘਟਨਾ ਵਾਲੇ ਦਿਨ ਦੀ ਸੀਸੀਟੀਵੀ ਫੁਟੇਜ ਜ਼ਬਤ ਨਹੀਂ ਕੀਤੀ ਗਈ।
ਕਥਿਤ ਵਾਇਸ ਸੁਨੇਹੇ ਲਈ ਆਵਾਜ਼ ਦੇ ਨਮੂਨੇ ਲਏ ਗਏ ਪਰ ਫੋਰੈਂਸਿਕ ਲੈਬ ਨੂੰ ਨਹੀਂ ਭੇਜੇ ਗਏ।
ਮੋਹਾਲੀ ਸੈਕਟਰ-80 ਦੇ ਹੋਟਲ ਰਜਿਸਟਰ ਵਿਚ ਧਰਮਿੰਦਰ ਦੇ ਦਸਤਖ਼ਤ ਅਤੇ ਆਧਾਰ ਕਾਰਡ ਦੀ ਐਂਟਰੀ ਦਰਜ ਸੀ। ਹੈਂਡਰਾਈਟਿੰਗ ਰਿਪੋਰਟ ਸਕਾਰਾਤਮਕ ਆਈ, ਪਰ ਰਜਿਸਟਰ ਪੁਲਿਸ ਰਿਕਾਰਡ ਤੋਂ ਗਾਇਬ ਹੋ ਗਿਆ।
ਬਚਾਅ ਪੱਖ ਦੇ ਵਕੀਲ ਅਮਿਤ ਖੈਰਵਾਲ ਦੇ ਮੁਤਾਬਕ, ਸ਼ਿਕਾਇਤਕਰਤਾ ਅਤੇ ਮ੍ਰਿਤਕ ਦੇ ਭਰਾ ਪ੍ਰਵੀਣ ਸ਼ਾਹ ਨੇ ਕੇਵਲ ਰਾਜਨ, ਮੰਜੀਤ ਅਤੇ ਸ਼ੁਭਮ ਦੀ ਹੀ ਪਛਾਣ ਕੀਤੀ ਸੀ। ਹੋਰ ਦੋਸ਼ੀਆਂ ਖ਼ਿਲਾਫ਼ ਪੁਲਿਸ ਕੋਈ ਢੁੱਕਵਾਂ ਸਬੂਤ ਪੇਸ਼ ਨਹੀਂ ਕਰ ਸਕੀ।
ਜੇਲ੍ਹਾਂ ’ਚ ਬੰਦ ਦੋਸ਼ੀ
ਦੋਸ਼ੀ ਕਰਾਰ ਦਿੱਤੇ ਅਤੇ ਬਰੀ ਕੀਤੇ ਗਏ ਮੁਲਜ਼ਮ ਚੰਡੀਗੜ੍ਹ, ਦਿੱਲੀ, ਅੰਬਾਲਾ ਅਤੇ ਗੁਜਰਾਤ ਦੀਆਂ ਵੱਖ-ਵੱਖ ਜੇਲ੍ਹਾਂ ਵਿਚ ਬੰਦ ਦੱਸੇ ਜਾਂਦੇ ਹਨ। ਅਦਾਲਤ ਦੇ ਇਸ ਫ਼ੈਸਲੇ ਨਾਲ ਸੱਤ ਸਾਲ ਪੁਰਾਣੇ ਬਹੁਚਰਚਿਤ ਕਤਲ ਮਾਮਲੇ ਵਿਚ ਨਿਆਂ ਪ੍ਰਕਿਰਿਆ ਪੂਰੀ ਹੋਈ ਹੈ, ਹਾਲਾਂਕਿ ਜਾਂਚ ਦੌਰਾਨ ਸਾਹਮਣੇ ਆਈਆਂ ਖਾਮੀਆਂ ਨੇ ਕਈ ਸਵਾਲ ਵੀ ਖੜ੍ਹੇ ਕਰ ਦਿੱਤੇ ਹਨ।
ਲਾਰੈਂਸ ਬਿਸ਼ਨੋਈ ਦੇ ਅਦਾਲਤ ’ਚ ਦੋਸ਼
ਸੋਨੂ ਸ਼ਾਹ ਕਤਲ ਮਾਮਲੇ ਵਿਚ ਬਰੀ ਹੋਣ ਤੋਂ ਬਾਅਦ ਲਾਰੈਂਸ ਬਿਸ਼ਨੋਈ ਨੇ ਵੀਡੀਓ ਕਾਨਫਰੰਸਿੰਗ ਰਾਹੀਂ 16 ਫਰਵਰੀ ਨੂੰ ਅਦਾਲਤ ਵਿਚ ਪੇਸ਼ ਹੋ ਕੇ ਗੰਭੀਰ ਦੋਸ਼ ਲਗਾਏ।
ਉਸਨੇ ਕਿਹਾ ਕਿ ਉਸਨੂੰ ਝੂਠੇ ਮਾਮਲਿਆਂ ਵਿਚ ਫਸਾਇਆ ਜਾ ਰਿਹਾ ਹੈ ਅਤੇ ਇਸ ਦੇ ਪਿੱਛੇ ਅਦਾਕਾਰ ਸਲਮਾਨ ਖਾਨ ਅਤੇ ਸਰਕਾਰ ਦੀ ਮਿਲੀਭੁਗਤ ਹੈ। ਉਸਦਾ ਦਾਅਵਾ ਸੀ ਕਿ ਉਸਨੇ ਸਲਮਾਨ ਖਾਨ ਬਾਰੇ “ਸਚ ਉਜਾਗਰ” ਕੀਤਾ ਸੀ, ਜਿਸ ਕਾਰਨ ਉਸਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਹੈ। ਲਾਰੈਂਸ ਨੇ ਕਿਹਾ ਕਿ ਉਹ ਮ੍ਰਿਤਕ ਰਾਜਵੀਰ ਸਿੰਘ ਉਰਫ਼ ਸੋਨੂ ਸ਼ਾਹ ਨੂੰ ਨਹੀਂ ਜਾਣਦਾ ਸੀ। ਉਸਦਾ ਮ੍ਰਿਤਕ ਜਾਂ ਉਸਦੇ ਪਰਿਵਾਰ ਨਾਲ ਕੋਈ ਵਿਵਾਦ ਨਹੀਂ ਸੀ। ਉਹ ਕਥਿਤ ਸ਼ੂਟਰਾਂ ਜਾਂ ਸਹਿ-ਦੋਸ਼ੀ ਰਾਜੂ ਬਸੋਦੀ ਨੂੰ ਨਹੀਂ ਜਾਣਦਾ। ਉਸਨੇ ਕਤਲ ਦਾ ਕੋਈ ਹੁਕਮ ਨਹੀਂ ਦਿੱਤਾ। ਧਾਰਾ 315 ਅਧੀਨ ਬਿਆਨ ਦਿੰਦਿਆਂ ਉਸਨੇ ਕਿਹਾ ਕਿ ਉਸਨੇ ਕਦੇ ਕਿਸੇ ਨਿੱਜੀ ਵਿਅਕਤੀ ਜਾਂ ਸਹਿ-ਦੋਸ਼ੀ ਨਾਲ ਸੰਪਰਕ ਨਹੀਂ ਕੀਤਾ ਅਤੇ ਉਸਦੇ ਕੋਲ ਕਦੇ ਕੋਈ ਮੋਬਾਈਲ ਜਾਂ ਸੰਚਾਰ ਸਾਧਨ ਨਹੀਂ ਸੀ। ਉਸਨੇ ਦੱਸਿਆ ਕਿ ਉਹ 28 ਅਗਸਤ 2023 ਤੋਂ ਸਾਬਰਮਤੀ ਜੇਲ੍ਹ ਵਿਚ ਬੰਦ ਹੈ ਅਤੇ ਪਿਛਲੇ 12 ਸਾਲਾਂ ਤੋਂ ਲਗਾਤਾਰ ਜੇਲ੍ਹ ਵਿਚ ਰਹਿ ਰਿਹਾ ਹੈ।
ਜੇਲ੍ਹ ਅਧਿਕਾਰੀ ਦਾ ਬਿਆਨ
ਗੁਜਰਾਤ ਦੀ ਸਾਬਰਮਤੀ ਜੇਲ੍ਹ ਦੇ ਡੀਐੱਸਪੀ ਜਿਗਨੇਸ਼ ਐੱਸ ਚਾਵਲਾ ਨੇ ਅਦਾਲਤ ਵਿਚ ਗਵਾਹੀ ਦਿੰਦਿਆਂ ਕਿਹਾ ਕਿ 28 ਅਗਸਤ 2023 ਨੂੰ ਬਿਸ਼ਨੋਈ ਨੂੰ ਬਠਿੰਡਾ ਜੇਲ੍ਹ ਤੋਂ ਇੱਥੇ ਤਬਦੀਲ ਕਰ ਕੇ ਲਿਆਂਦਾ ਗਿਆ ਸੀ। ਤਲਾਸ਼ੀ ਦੌਰਾਨ ਉਸਦੇ ਕੋਲ ਕੋਈ ਸੰਚਾਰ ਸਾਧਨ ਨਹੀਂ ਮਿਲਿਆ ਅਤੇ ਜੇਲ੍ਹ ਵਿਚ ਰਹਿੰਦੇ ਹੋਏ ਉਸਨੇ ਕਿਸੇ ਬਾਹਰੀ ਵਿਅਕਤੀ ਨਾਲ ਸੰਪਰਕ ਨਹੀਂ ਕੀਤਾ।