ਮੁਹਾਲੀ 'ਚ ਪੈਟਰੋਲ, ਡੀਜ਼ਲ ਤੇ LPG ਦੀ ਕੋਈ ਘਾਟ ਨਹੀਂ, ਡੀਸੀ ਨੇ ਲੋਕਾਂ ਨੂੰ ਜਮ੍ਹਾਂਖੋਰੀ ਤੋਂ ਬਚਣ ਦੀ ਕੀਤੀ ਅਪੀਲ
ਮੁਹਾਲੀ ਦੇ ਡਿਪਟੀ ਕਮਿਸ਼ਨਰ ਕੋਮਲ ਮਿੱਤਲ ਨੇ ਸਪੱਸ਼ਟ ਕੀਤਾ ਕਿ ਜ਼ਿਲ੍ਹਾ ਮੁਹਾਲੀ ’ਚ ਪੈਟਰੋਲੀਅਮ ਉਤਪਾਦਾਂ ਅਤੇ ਘਰੇਲੂ ਐੱਲਪੀਜੀ ਗੈਸ ਦੀ ਕੋਈ ਘਾਟ ਨਹੀਂ ਹੈ ਅਤੇ ਲੋਕਾਂ ਨੂੰ ਘਬਰਾਹਟ ਵਿਚ ਆ ਕੇ ਬੇਲੋੜੀ ਖ਼ਰੀਦਦਾਰੀ ਜਾਂ ਤੇਲ/ਗੈਸ ਦੀ ਜਮ੍ਹਾਂਖੋਰੀ ਨਾ ਕਰਨ ਦੀ ਅਪੀਲ ਕੀਤੀ।
Publish Date: Fri, 22 May 2026 12:08 PM (IST)
Updated Date: Fri, 22 May 2026 12:13 PM (IST)
ਦਰਸ਼ਨ ਸਿੰਘ ਸੋਢੀ, ਪੰਜਾਬੀ ਜਾਗਰਣ, ਮੁਹਾਲੀ। ਮੁਹਾਲੀ ਦੇ ਡਿਪਟੀ ਕਮਿਸ਼ਨਰ ਕੋਮਲ ਮਿੱਤਲ ਨੇ ਸਪੱਸ਼ਟ ਕੀਤਾ ਕਿ ਜ਼ਿਲ੍ਹਾ ਮੁਹਾਲੀ ’ਚ ਪੈਟਰੋਲੀਅਮ ਉਤਪਾਦਾਂ ਅਤੇ ਘਰੇਲੂ ਐੱਲਪੀਜੀ ਗੈਸ ਦੀ ਕੋਈ ਘਾਟ ਨਹੀਂ ਹੈ ਅਤੇ ਲੋਕਾਂ ਨੂੰ ਘਬਰਾਹਟ ਵਿਚ ਆ ਕੇ ਬੇਲੋੜੀ ਖ਼ਰੀਦਦਾਰੀ ਜਾਂ ਤੇਲ/ਗੈਸ ਦੀ ਜਮ੍ਹਾਂਖੋਰੀ ਨਾ ਕਰਨ ਦੀ ਅਪੀਲ ਕੀਤੀ।
ਵੀਰਵਾਰ ਨੂੰ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਪੈਟਰੋਲ ਪੰਪ ਡੀਲਰਾਂ ਅਤੇ ਘਰੇਲੂ ਗੈਸ ਕੰਪਨੀਆਂ ਦੇ ਨੁਮਾਇੰਦਿਆਂ ਅਤੇ ਸੇਲਜ਼ ਮੈਨੇਜਰਾਂ ਨਾਲ ਬੈਠਕ ਦੀ ਅਗਵਾਈ ਕਰਦਿਆਂ ਡੀ.ਸੀ. ਕੋਮਲ ਮਿੱਤਲ ਨੇ ਜ਼ਿਲ੍ਹੇ ’ਚ ਪੈਟਰੋਲ, ਡੀਜ਼ਲ ਅਤੇ ਐੱਲਪੀਜੀ ਸਿਲੰਡਰਾਂ ਦੀ ਉਪਲਬੱਧਤਾ ਅਤੇ ਸਪਲਾਈ ਸਥਿਤੀ ਦਾ ਜਾਇਜ਼ਾ ਲਿਆ।
ਉਨ੍ਹਾਂ ਦੱਸਿਆ ਕਿ ਪੈਟਰੋਲ, ਡੀਜ਼ਲ ਅਤੇ ਐੱਲਪੀਜੀ ਦੇ ਲੋੜੀਂਦੇ ਸਟਾਕ ਉਪਲਬੱਧ ਹਨ ਅਤੇ ਜ਼ਿਲ੍ਹੇ ਦੇ ਸਾਰੇ ਹਿੱਸਿਆਂ ਵਿਚ ਨਿਯਮਿਤ ਸਪਲਾਈ ਜਾਰੀ ਹੈ। ਉਨ੍ਹਾਂ ਸਬੰਧਤ ਕੰਪਨੀਆਂ ਅਤੇ ਡੀਲਰਾਂ ਨੂੰ ਨਿਰਵਿਘਨ ਸਪਲਾਈ ਯਕੀਨੀ ਬਣਾਉਣ ਅਤੇ ਕਿਸੇ ਵੀ ਤਰ੍ਹਾਂ ਦੀ ਬਣਾਵਟੀ ਕਮੀ ਜਾਂ ਕਾਲਾਬਾਜ਼ਾਰੀ ’ਤੇ ਸਖ਼ਤ ਨਿਗਰਾਨੀ ਰੱਖਣ ਦੇ ਨਿਰਦੇਸ਼ ਦਿੱਤੇ।
ਮਿੱਤਲ ਨੇ ਲੋਕਾਂ ਨੂੰ ਤੇਲ/ਗੈਸ ਦੀ ਸੂਝਬੂਝ ਨਾਲ ਅਤੇ ਲੋੜ ਅਨੁਸਾਰ ਵਰਤੋਂ ਕਰਨ ਅਤੇ ਪੈਟਰੋਲ ਪੰਪਾਂ ਅਤੇ ਗੈਸ ਏਜੰਸੀਆਂ ’ਤੇ ਬੇਲੋੜੀ ਭੀੜ ਨਾ ਕਰਨ ਦੀ ਅਪੀਲ ਕੀਤੀ। ਉਨ੍ਹਾਂ ਕਿਹਾ ਕਿ ਤੇਲ/ਗੈਸ ਦੀ ਘਾਟ ਸਬੰਧੀ ਅਫ਼ਵਾਹਾਂ ’ਤੇ ਵਿਸ਼ਵਾਸ ਨਾ ਕੀਤਾ ਜਾਵੇ ਅਤੇ ਨਾ ਹੀ ਉਨ੍ਹਾਂ ਨੂੰ ਫ਼ੈਲਾਇਆ ਜਾਵੇ, ਕਿਉਂਕਿ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਸਥਿਤੀ ’ਤੇ ਲਗਾਤਾਰ ਨਿਗਰਾਨੀ ਰੱਖੀ ਜਾ ਰਹੀ ਹੈ।
ਡੀ.ਸੀ. ਨੇ ਦੱਸਿਆ ਕਿ ਸਾਰੇ ਪੈਟਰੋਲ ਪੰਪਾਂ ਅਤੇ ਗੈਸ ਏਜੰਸੀਆਂ ਨੂੰ ਸੁਚਾਰੂ ਵੰਡ ਯਕੀਨੀ ਬਣਾਉਣ ਅਤੇ ਸਪਲਾਈ ਜਾਂ ਸਟਾਕਿੰਗ ਨਾਲ ਸਬੰਧਤ ਕਿਸੇ ਵੀ ਸਮੱਸਿਆ ਦੀ ਤੁਰੰਤ ਜਾਣਕਾਰੀ ਦੇਣ ਦੇ ਨਿਰਦੇਸ਼ ਜਾਰੀ ਕੀਤੇ ਗਏ ਹਨ। ਬੈਠਕ ਵਿਚ ਡੀ.ਐੱਫ਼.ਐੱਸ.ਸੀ. ਵਰਿੰਦਰ ਕੁਮਾਰ ਅਤੇ ਵੱਖ-ਵੱਖ ਪੈਟਰੋਲੀਅਮ ਅਤੇ ਗੈਸ ਕੰਪਨੀਆਂ ਦੇ ਨੁਮਾਇੰਦੇ ਵੀ ਹਾਜ਼ਰ ਸਨ।