ਮੰਨਿਆ ਜਾ ਰਿਹਾ ਹੈ ਕਿ ‘ਆਪ’ ਵਿਧਾਇਕ ਕੁਲਵੰਤ ਸਿੰਘ ਦਾ ਪ੍ਰਭਾਵ ਖੇਤਰ ਵਿਚ ਹੋਰ ਵਧੇਗਾ। ਪ੍ਰਸ਼ਾਸਨਿਕ ਫ਼ੈਸਲਿਆਂ ਵਿਚ ਉਨ੍ਹਾਂ ਦੀ ਸਿੱਧੀ ਭੂਮਿਕਾ ਪਹਿਲਾਂ ਨਾਲੋਂ ਕਿਤੇ ਜ਼ਿਆਦਾ ਮਜ਼ਬੂਤ ਹੋ ਸਕਦੀ ਹੈ, ਜਿਸ ਨਾਲ ਵਿਕਾਸ ਕਾਰਜਾਂ ਨੂੰ ਨਵੀਂ ਗਤੀ ਮਿਲਣ ਦੀ ਉਮੀਦ ਜਤਾਈ ਜਾ ਰਹੀ ਹੈ।

ਦਰਸ਼ਨ ਸਿੰਘ ਸੋਢੀ, ਪੰਜਾਬੀ ਜਾਗਰਣ, ਐੱਸਏਐੱਸ ਨਗਰ : ਪੰਜਾਬ ਸਰਕਾਰ ਵੱਲੋਂ ਮੁਹਾਲੀ ਨਗਰ ਨਿਗਮ ਦਾ ਕਾਰਜਕਾਲ ਖ਼ਤਮ ਹੋਣ ’ਤੇ ਪ੍ਰਬੰਧ ਸੰਭਾਲਣ ਵਾਲੇ ਅਧਿਕਾਰੀ ਬਾਰੇ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਹੈ। ਤਾਜ਼ਾ ਨੋਟੀਫਿਕੇਸ਼ਨ ਅਨੁਸਾਰ ਨਗਰ ਨਿਗਮ ਦੇ ਮੇਅਰ ਅਮਰਜੀਤ ਸਿੰਘ ਜੀਤੀ ਸਿੱਧੂ, ਸੀਨੀਅਰ ਡਿਪਟੀ ਮੇਅਰ ਅਮਰੀਕ ਸਿੰਘ ਸੋਮਲ ਅਤੇ ਡਿਪਟੀ ਮੇਅਰ ਕੁਲਜੀਤ ਸਿੰਘ ਬੇਦੀ ਸਮੇਤ ਬਾਕੀ ਸਾਰੇ ਚੁਣੇ ਹੋਏ ਕੌਂਸਲਰਾਂ ਦਾ ਮੌਜੂਦਾ ਕਾਰਜਕਾਲ 11 ਅਪ੍ਰੈਲ ਨੂੰ ਖ਼ਤਮ ਹੋ ਜਾਵੇਗਾ। ਇਸ ਤੋਂ ਬਾਅਦ ਮੁਹਾਲੀ ਨਿਗਮ ਦੇ ਕਮਿਸ਼ਨਰ ਪ੍ਰਬੰਧਕ ਵਜੋਂ ਕੰਮ ਸੰਭਾਲਣਗੇ, ਜੋ ਨਿਗਮ ਚੋਣਾਂ ਤੋਂ ਬਾਅਦ ਨਵੇਂ ਚੁਣੇ ਜਾਣ ਵਾਲੇ ਮੇਅਰ ਦੀ ਚੋਣ ਤੱਕ ਬਤੌਰ ਪ੍ਰਬੰਧਕ ਦਫ਼ਤਰੀ ਕੰਮ ਦੇਖਣਗੇ।
ਸਰਕਾਰ ਦੇ ਤਾਜ਼ਾ ਫ਼ੈਸਲੇ ਨਾਲ ਸ਼ਹਿਰ ਦੀ ਪ੍ਰਸ਼ਾਸਨਿਕ ਵਿਵਸਥਾ ਵਿਚ ਇਕ ਵੱਡੀ ਤਬਦੀਲੀ ਦੇਖਣ ਨੂੰ ਮਿਲੇਗੀ ਅਤੇ ਮੌਜੂਦਾ ਸਿਆਸੀ ਸਮੀਕਰਨ ਵੀ ਬਦਲੇ ਹੋਏ ਨਜ਼ਰ ਆਉਣਗੇ। ਸਰਕਾਰ ਨੇ ਸਪੱਸ਼ਟ ਕੀਤਾ ਹੈ ਕਿ ਜਦੋਂ ਤੱਕ ਨਵੀਆਂ ਚੋਣਾਂ ਨਹੀਂ ਹੁੰਦੀਆਂ, ਉਦੋਂ ਤੱਕ ਨਗਰ ਨਿਗਮ ਦਾ ਸਾਰਾ ਕੰਮਕਾਜ ਕਮਿਸ਼ਨਰ ਦੇ ਹੱਥਾਂ ਵਿਚ ਰਹੇਗਾ।
ਇੱਥੇ ਜ਼ਿਕਰਯੋਗ ਹੈ ਕਿ ਮੁਹਾਲੀ ਨਗਰ ਨਿਗਮ ਦੀ ਚੋਣ ਲਈ 12 ਫਰਵਰੀ 2021 ਨੂੰ ਵੋਟਾਂ ਪਾਈਆਂ ਗਈਆਂ ਸਨ, ਜਿਨ੍ਹਾਂ ਦਾ ਨਤੀਜਾ 18 ਫਰਵਰੀ ਨੂੰ ਐਲਾਨਿਆ ਗਿਆ ਸੀ। ਚੋਣਾਂ ਤੋਂ ਬਾਅਦ ਚੁਣੇ ਹੋਏ ਨੁਮਾਇੰਦਿਆਂ ਨੂੰ 12 ਅਪ੍ਰੈਲ ਨੂੰ ਸਹੁੰ ਚੁਕਾਈ ਗਈ ਸੀ। ਉਸੇ ਦਿਨ ਮੁਹਾਲੀ ਦੇ ਮੇਅਰ, ਸੀਨੀਅਰ ਡਿਪਟੀ ਮੇਅਰ ਅਤੇ ਡਿਪਟੀ ਮੇਅਰ ਦੀ ਚੋਣ ਪ੍ਰਕਿਰਿਆ ਮੁਕੰਮਲ ਕੀਤੀ ਗਈ ਸੀ। ਉਸ ਹਿਸਾਬ ਮੁਤਾਬਕ ਹੀ ਮੰਗਲਵਾਰ ਨੂੰ ਸੂਬਾ ਸਰਕਾਰ ਵੱਲੋਂ ਨਗਰ ਨਿਗਮ ਵਿਚ ਪ੍ਰਸ਼ਾਸਕ ਦੀ ਨਿਯੁਕਤੀ ਬਾਰੇ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਹੈ। ਇਸ ਤਰ੍ਹਾਂ ਹੁਣ ‘ਆਪ’ ਵਿਧਾਇਕ ਕੁਲਵੰਤ ਸਿੰਘ ਦੀ ਪੂਰੀ ਚੜ੍ਹਤ ਰਹੇਗੀ ਕਿਉਂਕਿ ਮੁਹਾਲੀ ਨਗਰ ਨਿਗਮ ’ਤੇ ਕਾਂਗਰਸ ਦਾ ਕਬਜ਼ਾ ਰਿਹਾ ਹੈ। ਜਿਸ ਕਾਰਨ ਅਧਿਕਾਰੀ ਵੀ ਸ਼ਸ਼ੋਪੰਜ ਵਿਚ ਰਹਿੰਦੇ ਸਨ।
ਇਸ ਨੋਟੀਫਿਕੇਸ਼ਨ ਜਾਰੀ ਹੋਣ ਤੋਂ ਬਾਅਦ ਮੁਹਾਲੀ ਵਿਚ ਨਗਰ ਨਿਗਮ ਚੋਣਾਂ ਵਾਲੇ ਕਿਆਸਅਰਾਈਆਂ ਦਾ ਦੌਰ ਮੁੜ ਭਖ ਗਿਆ ਹੈ। ਹਾਲਾਂਕਿ ਇਸ ਗੱਲ ਦੇ ਵੀ ਚਰਚੇ ਪੂਰੇ ਜ਼ੋਰਾਂ ’ਤੇ ਹਨ ਕਿ ‘ਆਪ’ ਸਰਕਾਰ ਸੂਬੇ ਵਿਚ ਨਗਰ ਨਿਗਮ ਚੋਣਾਂ ਕਰਵਾਉਣ ਦੀ ਫਿਲਹਾਲ ਚਾਹਵਾਨ ਨਹੀਂ ਹੈ ਕਿਉਂਕਿ ਨਿਗਮ ਚੋਣਾਂ ਨੂੰ ਅਗਲੇ ਵਰ੍ਹੇ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਨਾਲ ਜੋੜ ਕੇ ਦੇਖਿਆ ਜਾ ਰਿਹਾ ਹੈ। ਸਿਆਸੀ ਮਾਹਰਾਂ ਦਾ ਮੰਨਣਾ ਹੈ ਕਿ ਖ਼ੁਦਾ-ਨਾ-ਖਾਦਸਾ ਜੇਕਰ ਨਿਗਮ ਚੋਣਾਂ ਵਿਚ ਹੁਕਮਰਾਨ ਪਾਰਟੀ ਨੂੰ ਬਹੁਮਤ ਨਹੀਂ ਮਿਲਦਾ ਤਾਂ ਮਿਸ਼ਨ-2027 ’ਤੇ ਇਸ ਦਾ ਮਾੜਾ ਅਸਰ ਪੈ ਸਕਦਾ ਹੈ। ਕੁੱਲ ਮਿਲਾ ਕੇ ਰਾਜ ਸਰਕਾਰ ਆਪਣੇ ਕਾਰਜਕਾਲ ਦੇ ਅਖੀਰਲੇ ਸਾਲ ਵਿਚ ਇਸ ਸਥਿਤੀ ਤੋਂ ਬਚਨਾ ਚਾਹੁੰਦੀ ਹੈ।
ਪੰਜਾਬ ਸਰਕਾਰ ਦੇ ਇਸ ਤਾਜ਼ਾ ਫ਼ੈਸਲੇ ਤੋਂ ਬਾਅਦ ਮੁਹਾਲੀ ਸ਼ਹਿਰ ਦੀ ਸਿਆਸਤ ਵਿਚ ਵੱਡੇ ਬਦਲਾਅ ਦੀ ਸੰਭਾਵਨਾ ਹੈ। ਮੰਨਿਆ ਜਾ ਰਿਹਾ ਹੈ ਕਿ ‘ਆਪ’ ਵਿਧਾਇਕ ਕੁਲਵੰਤ ਸਿੰਘ ਦਾ ਪ੍ਰਭਾਵ ਖੇਤਰ ਵਿਚ ਹੋਰ ਵਧੇਗਾ। ਪ੍ਰਸ਼ਾਸਨਿਕ ਫ਼ੈਸਲਿਆਂ ਵਿਚ ਉਨ੍ਹਾਂ ਦੀ ਸਿੱਧੀ ਭੂਮਿਕਾ ਪਹਿਲਾਂ ਨਾਲੋਂ ਕਿਤੇ ਜ਼ਿਆਦਾ ਮਜ਼ਬੂਤ ਹੋ ਸਕਦੀ ਹੈ, ਜਿਸ ਨਾਲ ਵਿਕਾਸ ਕਾਰਜਾਂ ਨੂੰ ਨਵੀਂ ਗਤੀ ਮਿਲਣ ਦੀ ਉਮੀਦ ਜਤਾਈ ਜਾ ਰਹੀ ਹੈ।
ਵਿਕਾਸ ਕਾਰਜਾਂ ਨੂੰ ਮਿਲੇਗੀ ਰਫ਼ਤਾਰ
ਸ਼ਹਿਰ ਵਿਚ ਲੰਮੇ ਸਮੇਂ ਤੋਂ ਰੁਕੇ ਹੋਏ ਵਿਕਾਸ ਕਾਰਜ ਹੁਣ ਤੇਜ਼ ਹੋਣ ਦੀ ਆਸ ਬੱਝ ਗਈ ਹੈ। ਖ਼ਾਸ ਕਰਕੇ ਟੁੱਟੀਆਂ ਸੜਕਾਂ ਦੀ ਮੁਰੰਮਤ, ਸੀਵਰੇਜ ਪ੍ਰਣਾਲੀ ’ਚ ਸੁਧਾਰ, ਪਾਰਕਾਂ, ਬੁਨਿਆਦੀ ਢਾਂਚੇ ਨਾਲ ਜੁੜੇ ਅਹਿਮ ਪ੍ਰੋਜੈਕਟ ਅਤੇ ਅਧੂਰੇ ਪਏ ਕੰਮ ਪ੍ਰਗਤੀ ਅਧੀਨ ਹੋ ਸਕਣਗੇ। ਜਾਣਕਾਰੀ ਅਨੁਸਾਰ ਕਈ ਮਹੱਤਵਪੂਰਨ ਟੈਂਡਰ ਜੋ ਹੁਣ ਤੱਕ ਸਿਆਸੀ ਖਿੱਚੋਤਾਣ ਕਾਰਨ ਅਟਕੇ ਹੋਏ ਸਨ, ਉਨ੍ਹਾਂ ਨੂੰ ਜਲਦੀ ਹੀ ਪ੍ਰਵਾਨਗੀ ਮਿਲ ਸਕਦੀ ਹੈ।
‘ਆਪ’ ਵਲੰਟੀਅਰਾਂ ਨੂੰ ਉਮੀਦ ਹੈ ਕਿ ਇਸ ਬਦਲਾਅ ਨਾਲ ਮੁਹਾਲੀ ਵਿਚ ਵਿਕਾਸ ਦੀ ਰਫ਼ਤਾਰ ਵਧੇਗੀ। ਹੁਣ ਸਾਰਿਆਂ ਦੀਆਂ ਨਜ਼ਰਾਂ ਆਉਣ ਵਾਲੀਆਂ ਨਗਰ ਨਿਗਮ ਚੋਣਾਂ 'ਤੇ ਟਿਕੀਆਂ ਹੋਈਆਂ ਹਨ, ਜਿਸ ਤੋਂ ਬਾਅਦ ਹੀ ਸ਼ਹਿਰ ਦੀ ਕਮਾਨ ਨਵੀਂ ਚੁਣੀ ਹੋਈ ਟੀਮ ਦੇ ਹੱਥਾਂ ਵਿਚ ਆਵੇਗੀ।