- ਇਲਾਜ ਅਧੂਰਾ ਛੱਡ

- ਇਲਾਜ ਅਧੂਰਾ ਛੱਡ ਕੇ ਭੱਜਦੇ ਰਹੇ ਮਰੀਜ਼, ਰਿਕਾਰਡ ਤੱਕ ਨਹੀਂ ਸੰਭਾਲ ਸਕਿਆ ਪੀਜੀਆਈ
- 2018 ਤੋਂ ਬਾਅਦ ਨਹੀਂ ਹੋਈ ਸਮੀਖਿਆ ਬੈਠਕ, ਆਡਿਟ ਰਿਪੋਰਟ ਨੇ ਖੋਲੀ ਪੋਲ
ਮੋਹਿਤ ਪਾਂਡੇ, ਜਾਗਰਣ
ਚੰਡੀਗੜ੍ਹ : ਆਮ ਤੌਰ ’ਤੇ ਅਸੀਂ ਸੁਣਦੇ ਹਾਂ ਕਿ ਹਸਪਤਾਲ ਤੋਂ ਡਾਕਟਰ ਗਾਇਬ ਹਨ, ਪਰ ਪੀਜੀਆਈ ਦਾ ਗਣਿਤ ਇਸ ਮਾਮਲੇ ਵਿਚ ਬਿਲਕੁਲ ਉਲਟ ਹੈ। ਇਸ ਹਸਪਤਾਲ ਤੋਂ ਡਾਕਟਰ ਨਹੀਂ, ਸਗੋਂ ਮਰੀਜ਼ ਗਾਇਬ ਹੋ ਰਹੇ ਹਨ। ਪਿਛਲੇ ਚਾਰ ਸਾਲਾਂ ਵਿਚ 2812 ਮਰੀਜ਼ ਇਲਾਜ ਦੌਰਾਨ ਵਾਰਡਾਂ ਤੋਂ ਭੱਜ ਗਏ। ਇੰਨਾ ਹੀ ਨਹੀਂ ਹੈਰਾਨ ਕਰਨ ਵਾਲੀ ਗੱਲ ਇਹ ਹੈ ਕਿ ਇਨ੍ਹਾਂ ਮਰੀਜ਼ਾਂ ਤੋਂ ਵਸੂਲ ਕੀਤੇ ਜਾਣ ਵਾਲੇ ਹਸਪਤਾਲ ਦੇ ਖਰਚੇ, ਦਵਾਈਆਂ, ਜਾਂਚਾਂ ਅਤੇ ਹੋਰ ਖਰਚੇ ਦਾ ਪੂਰਾ ਰਿਕਾਰਡ ਤੱਕ ਪੀਜੀਆਈ ਦੇ ਕੋਲ ਉਪਲਬਧ ਨਹੀਂ ਹੈ। ਹਸਪਤਾਲ ਦੀ ਇਸ ਲਚਕਦਾਰ ਪ੍ਰਬੰਧਕੀ ਦੀ ਪੋਲ ਆਡਿਟ ਰਿਪੋਰਟ ਵਿਚ ਖੁੱਲ੍ਹੀ ਹੈ।
ਜਾਣਕਾਰੀ ਦੇ ਤੌਰ ’ਤੇ ਪੀਜੀਆਈ ਵਿਚ ਹਰ ਦਿਨ ਇਲਾਜ ਲਈ ਪੰਜਾਬ, ਹਰਿਆਣਾ, ਹਿਮਾਚਲ, ਜੰਮੂ-ਕਸ਼ਮੀਰ ਸਮੇਤ ਹੋਰ ਸੂਬਿਆਂ ਤੋਂ 10,000 ਤੋਂ ਵੱਧ ਮਰੀਜ਼ ਆਉਂਦੇ ਹਨ। ਹਸਪਤਾਲ ਪ੍ਰਸ਼ਾਸਨ ਹਰ ਮਰੀਜ਼ ਦੀ ਸਰਗਰਮੀ ’ਤੇ ਨਜ਼ਰ ਰੱਖਣ ਦਾ ਦਾਅਵਾ ਕਰਦਾ ਹੈ, ਪਰ ਆਡਿਟ ਰਿਪੋਰਟ ਮੁਤਾਬਿਕ ਸਾਲ 2021-22 ਤੋਂ 2024-25 ਦੇ ਵਿਚਕਾਰ ਪੀਜੀਆਈ ਦੇ ਵੱਖ-ਵੱਖ ਵਾਰਡਾਂ ਤੋਂ ਹਜ਼ਾਰਾਂ ਮਰੀਜ਼ ਇਲਾਜ ਅਧੂਰਾ ਛੱਡ ਕੇ ਚਲੇ ਗਏ। ਇਨ੍ਹਾਂ ਵਿੱਚੋਂ ਕਈ ਮਰੀਜ਼ ਅਜਿਹੇ ਸਨ ਜਿਨ੍ਹਾਂ ’ਤੇ ਹਸਪਤਾਲ ਦਾ ਬਕਾਇਆ ਵੀ ਸੀ। ਇਸ ਦੇ ਬਾਵਜੂਦ ਹਸਪਤਾਲ ਪ੍ਰਸ਼ਾਸਨ ਨਾ ਤਾਂ ਸਮੇਂ ’ਤੇ ਉਨ੍ਹਾਂ ਦੀ ਨਿਗਰਾਨੀ ਕਰ ਸਕਿਆ ਅਤੇ ਨਾ ਹੀ ਬਕਾਇਆ ਰਕਮ ਦੀ ਪ੍ਰਭਾਵਸ਼ਾਲੀ ਵਸੂਲੀ ਯਕੀਨੀ ਬਣਾਈ। ਨਤੀਜੇ ਵਜੋਂ ਸੰਸਥਾ ਨੂੰ ਕਰੋੜਾਂ ਰੁਪਏ ਦਾ ਸੰਭਾਵਿਤ ਮਾਲੀਆ ਨੁਕਸਾਨ ਦਾ ਸਾਹਮਣਾ ਕਰਨਾ ਪਿਆ।
-----
- ਹਰ ਸਾਲ ਵਧਦੀ ਗਈ ਗਿਣਤੀ, ਪਰ ਸਿਸਟਮ ਸੌਂਦਾ ਰਿਹਾ
ਆਡਿਟ ਰਿਪੋਰਟ ਮੁਤਾਬਿਕ ਭੱਜੇ ਮਰੀਜ਼ਾਂ ਦੀ ਗਿਣਤੀ ਲਗਾਤਾਰ ਵਧਦੀ ਰਹੀ
ਸਾਲ---------------ਭੱਜੇ ਮਰੀਜ਼
2021-22------477
2022-23--------710
2023-24--------761
2024-25---------864
ਕੁੱਲ------------- 2812
-----
- ਸੱਤ ਸਾਲ ਤੋਂ ਨਹੀਂ ਬੈਠੀ ਮੈਡੀਕਲ ਰਿਕਾਰਡਜ਼ ਕਮੇਟੀ
ਆਡਿਟ ਵਿਚ ਸਾਹਮਣੇ ਆਇਆ ਕਿ ਮੈਡੀਕਲ ਰਿਕਾਰਡਜ਼ ਕਮੇਟੀ ਦੀ ਆਖਰੀ ਬੈਠਕ ਸਾਲ 2018 ਵਿਚ ਹੋਈ ਸੀ। ਇਸ ਤੋਂ ਬਾਅਦ ਮਰੀਜ਼ਾਂ ਦੇ ਬਕਾਇਆ ਬਿੱਲ, ਰਿਕਵਰੀ ਪ੍ਰਕਿਰਿਆ, ਐਡਵਾਂਸ ਭੁਗਤਾਨ ਅਤੇ ਭੱਜੇ ਮਰੀਜ਼ਾਂ ਨਾਲ ਜੁੜੇ ਮਾਮਲਿਆਂ ਦੀ ਨਿਯਮਿਤ ਸਮੀਖਿਆ ਨਹੀਂ ਕੀਤੀ ਗਈ। ਇਸ ਦਾ ਮਤਲਬ ਹੈ ਕਿ ਜਿਸ ਕਮੇਟੀ ਨੂੰ ਹਸਪਤਾਲ ਦੇ ਵਿੱਤੀ ਅਨੁਸ਼ਾਸਨ ਅਤੇ ਰਿਕਾਰਡ ਮੈਨੇਜਮੈਂਟ ’ਤੇ ਨਜ਼ਰ ਰੱਖਣੀ ਸੀ, ਉਹ ਸਾਲਾਂ ਤੱਕ ਨਿਸ਼ਕ੍ਰਿਯ ਰਹੀ। ਇਸ ਕਰ ਕੇ ਬਕਾਇਆ ਰਕਮ ਵਧਦੀ ਗਈ ਅਤੇ ਜਵਾਬਦੇਹੀ ਨਿਰਧਾਰਿਤ ਨਹੀਂ ਹੋ ਸਕੀ।
-----
- ਨਿਰਦੇਸ਼ ਕਾਗਜ਼ਾਂ ਤੱਕ ਸੀਮਿਤ
ਰਿਪੋਰਟ ਮੁਤਾਬਿਕ ਪਹਿਲਾਂ ਕਮੇਟੀ ਨੇ ਕਈ ਮਹੱਤਵਪੂਰਨ ਨਿਰਦੇਸ਼ ਦਿੱਤੇ ਸਨ। ਇਨ੍ਹਾਂ ਵਿਚ ਭਰਤੀ ਮਰੀਜ਼ਾਂ ਦੇ ਐਡਵਾਂਸ ਭੁਗਤਾਨ ਦੀ ਹਫਤਾਵਾਰੀ ਸਮੀਖਿਆ, ਇਕ ਹਫ਼ਤੇ ਤੋਂ ਵੱਧ ਭਰਤੀ ਰਹਿਣ ਵਾਲੇ ਮਰੀਜ਼ਾਂ ਲਈ ਹਸਪਤਾਲ ਜਾਣਕਾਰੀ ਪ੍ਰਣਾਲੀ (ਐੱਚਆਈਐੱਸ) ਵਿਚ ਅਲਰਟ ਅਤੇ ਭੱਜੇ ਮਰੀਜ਼ਾਂ ਦੇ ਬਿੱਲ ਸੁਰੱਖਿਆ ਵਿਭਾਗ ਦੀ ਮਦਦ ਨਾਲ ਤਿਆਰ ਕਰਨ ਜਿਹੇ ਪ੍ਰਵਧਾਨ ਸ਼ਾਮਲ ਸਨ, ਪਰ ਆਡਿਟ ਮੁਤਾਬਕ ਇਨ੍ਹਾਂ ਨਿਰਦੇਸ਼ਾਂ ਦਾ ਪ੍ਰਭਾਵਸ਼ਾਲੀ ਪਾਲਣਾ ਨਹੀਂ ਹੋਈ। ਨਾ ਤਾਂ ਨਿਗਰਾਨੀ ਮਜ਼ਬੂਤ ਕੀਤੀ ਗਈ ਅਤੇ ਨਾ ਹੀ ਬਕਾਇਆ ਵਸੂਲੀ ਦੀ ਪ੍ਰਕਿਰਿਆ ਨੂੰ ਵਿਵਸਥਿਤ ਕੀਤਾ ਗਿਆ।
-----
ਪੀਜੀਆਈ ਤੋਂ 2812 ਮਰੀਜ਼ਾਂ ਦੇ ਭੱਜਣ ਦਾ ਮਾਮਲਾ ਬਹੁਤ ਗੰਭੀਰ ਹੈ। ਇਹ ਜਾਂਚ ਦਾ ਵਿਸ਼ਾ ਹੈ ਕਿ ਮਰੀਜ਼ ਆਰਥਿਕ ਤੰਗੀ, ਇਲਾਜ ਵਿਚ ਕਮੀ, ਲੰਬੀਆਂ ਪ੍ਰਕਿਰਿਆਵਾਂ ਜਾਂ ਕਿਸੇ ਹੋਰ ਕਾਰਨ ਕਰ ਕੇ ਹਸਪਤਾਲ ਛੱਡ ਕੇ ਗਏ। ਪੂਰੇ ਮਾਮਲੇ ਦੀ ਸੁਤੰਤਰ ਜਾਂਚ ਕਰ ਕੇ ਕਾਰਨਾਂ ਦੀ ਸਮੀਖਿਆ ਕੀਤੀ ਜਾਵੇ ਅਤੇ ਸੰਸਥਾ ਨੂੰ ਹੋਏ ਨੁਕਸਾਨ ਅਤੇ ਪ੍ਰਸ਼ਾਸਨਿਕ ਚੂਕਾਂ ਲਈ ਜਵਾਬਦੇਹੀ ਵੀ ਨਿਰਧਾਰਿਤ ਕੀਤੀ ਜਾਵੇ।
- ਆਰਕੇ ਗਰਗ, ਪ੍ਰਧਾਨ, ਸੈਕਿੰਡ ਇਨਿੰਗਸ ਐਸੋਸੀਏਸ਼ਨ।