ਡੇਰਾਬੱਸੀ 'ਚ ਪ੍ਰਗਟ ਹੋਏ ਸਾਖਸ਼ਾਤ ਮਹਾਦੇਵ! ਮੰਦਰ ਦੀ ਖੁਦਾਈ ਦੌਰਾਨ ਨਿਕਲਿਆ ਪ੍ਰਾਚੀਨ ਸ਼ਿਵਲਿੰਗ, ਦਰਸ਼ਨਾਂ ਲਈ ਸ਼ਰਧਾਲੂਆਂ ਦਾ ਲੱਗਾ ਤਾਂਤਾ
ਮੰਦਰ ਕਮੇਟੀ ਅਤੇ ਪ੍ਰਬੰਧਕ ਤੁਸ਼ਾਰ ਕੌਸ਼ਿਕ ਨੇ ਦੱਸਿਆ ਕਿ ਉਨ੍ਹਾਂ ਵੱਲੋਂ ਮੰਦਰ ਦੀ ਬੇਸਮੈਂਟ ਦੀ ਪੁਟਾਈ ਕਰਵਾਈ ਜਾ ਰਹੀ ਸੀ। ਇਸ ਦੌਰਾਨ ਮੰਦਰ ਦੀ ਕੰਧ ਵਿਚ ਤਰੇੜ ਆ ਗਈ। ਜਦੋਂ ਉਨ੍ਹਾਂ ਥੱਲੇ ਉਤਰ ਕੇ ਦੇਖਿਆ ਤਾਂ ਮਿੱਟੀ ਵਿਚ ਕੋਈ ਪੱਥਰ ਦਿਸਿਆ, ਜਦੋਂ ਉਨ੍ਹਾਂ ਮਿੱਟੀ ਨੂੰ ਹਟਾਇਆ ਤਾਂ ਉਸ ਵਿੱਚੋਂ ਸ਼ਿਵਲਿੰਗ ਦੇ ਦਰਸ਼ਨ ਹੋਏ।
Publish Date: Mon, 09 Mar 2026 09:43 AM (IST)
Updated Date: Mon, 09 Mar 2026 09:46 AM (IST)
ਸੁਨੀਲ ਕੁਮਾਰ ਭੱਟੀ, ਪੰਜਾਬੀ ਜਾਗਰਣ, ਡੇਰਾਬੱਸੀ : ਤਹਿਸੀਲ ਕੰਪਲੈਕਸ ਡੇਰਾਬੱਸੀ ਨੇੜੇ ਸਥਿਤ ਸ੍ਰੀ ਸ਼ਾਰਦਾ ਮਾਤਾ ਮੰਦਰ ਵਿਚ ਐਤਵਾਰ ਨੂੰ ਉਸ ਸਮੇਂ ਸ਼ਰਧਾ ਦਾ ਸੈਲਾਬ ਉਮੜ ਪਿਆ, ਜਦੋਂ ਮੰਦਰ ਦੀ ਬੇਸਮੈਂਟ ਦੀ ਪੁਟਾਈ ਦੌਰਾਨ ਇਕ ਸ਼ਿਵਲਿੰਗ ਪ੍ਰਗਟ ਹੋਇਆ। ਇਸ ਖ਼ਬਰ ਫ਼ੈਲਦੇ ਹੀ ਸ਼ਰਧਾਲੂਆਂ ਵਿਚ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਹੈ ਅਤੇ ਉਹ ਦੂਰੋਂ-ਦੂਰੋਂ ਦਰਸ਼ਨਾਂ ਲਈ ਪਹੁੰਚ ਰਹੇ ਹਨ।
ਮੰਦਰ ਕਮੇਟੀ ਅਤੇ ਪ੍ਰਬੰਧਕ ਤੁਸ਼ਾਰ ਕੌਸ਼ਿਕ ਨੇ ਦੱਸਿਆ ਕਿ ਉਨ੍ਹਾਂ ਵੱਲੋਂ ਮੰਦਰ ਦੀ ਬੇਸਮੈਂਟ ਦੀ ਪੁਟਾਈ ਕਰਵਾਈ ਜਾ ਰਹੀ ਸੀ। ਇਸ ਦੌਰਾਨ ਮੰਦਰ ਦੀ ਕੰਧ ਵਿਚ ਤਰੇੜ ਆ ਗਈ। ਜਦੋਂ ਉਨ੍ਹਾਂ ਥੱਲੇ ਉਤਰ ਕੇ ਦੇਖਿਆ ਤਾਂ ਮਿੱਟੀ ਵਿਚ ਕੋਈ ਪੱਥਰ ਦਿਸਿਆ, ਜਦੋਂ ਉਨ੍ਹਾਂ ਮਿੱਟੀ ਨੂੰ ਹਟਾਇਆ ਤਾਂ ਉਸ ਵਿੱਚੋਂ ਸ਼ਿਵਲਿੰਗ ਦੇ ਦਰਸ਼ਨ ਹੋਏ। ਇਸ ਤੋਂ ਬਾਅਦ ਉਨ੍ਹਾਂ ਮਜ਼ਦੂਰਾਂ ਦੀ ਮਦਦ ਨਾਲ ਸ਼ਿਵਲਿੰਗ ਨੂੰ ਮਿੱਟੀ ਵਿੱਚੋਂ ਬਾਹਰ ਕੱਢ ਲਿਆ। ਇਸ ਤੋਂ ਬਾਅਦ ਸ਼ਿਵਲਿੰਗ ਨੂੰ ਮੰਦਰ ਵਿਚ ਸੰਗਤਾਂ ਦੇ ਦਰਸ਼ਨ ਲਈ ਰੱਖ ਦਿੱਤਾ ਹੈ। ਉਨ੍ਹਾਂ ਦੱਸਿਆ ਕਿ ਇਸ ਮੌਕੇ 'ਤੇ ਖ਼ਾਸ ਸਮਾਗਮ ਦਾ ਪ੍ਰੋਗਰਾਮ ਉਲੀਕਿਆ ਜਾਵੇਗਾ। ਇਸ ਤੋਂ ਪਹਿਲਾਂ ਸੋਮਵਾਰ ਨੂੰ ਪਵਿੱਤਰ ਸ਼ਿਵਲਿੰਗ ਦਾ ਵਿਧੀ-ਵਿਧਾਨ ਨਾਲ ਜਲ ਅਭਿਸ਼ੇਕ ਕੀਤਾ ਜਾਵੇਗਾ। ਉਸ ਤੋਂ ਬਾਅਦ ਪੰਡਿਤ ਜੀ ਨੇ ਸ਼ੁਭ ਮਹੂਰਤ ਦੇਖ ਕੇ ਜਲਦ ਹੀ ਪ੍ਰਾਣ ਪ੍ਰਤਿਸ਼ਠਾ ਦੀ ਤਰੀਕ ਤੈਅ ਕੀਤੀ ਜਾਵੇਗੀ ਅਤੇ ਮੂਰਤੀ ਸਥਾਪਨਾ ਤੋਂ ਪਹਿਲਾਂ ਸ਼ਹਿਰ ਵਿਚ ਵਿਸ਼ਾਲ ਸ਼ੋਭਾ ਯਾਤਰਾ ਕੱਢੀ ਜਾਵੇਗੀ। ਇਸ ਪਵਿੱਤਰ ਕਾਰਜ ਦੀ ਖੁਸ਼ੀ ਵਿਚ ਸ਼ਰਧਾਲੂਆਂ ਲਈ ਅਤੁੱਟ ਲੰਗਰ ਲਾਇਆ ਜਾਵੇਗਾ।
ਸ਼੍ਰੀ ਸ਼ਾਰਦਾ ਮਾਤਾ ਮੰਦਰ ਕਮੇਟੀ ਦੇ ਮੈਂਬਰਾਂ ਨੇ ਦੱਸਿਆ ਕਿ ਇਹ ਪਰਮਾਤਮਾ ਦੀ ਅਪਾਰ ਕਿਰਪਾ ਹੈ ਕਿ ਇਸ ਪਵਿੱਤਰ ਅਸਥਾਨ ਤੋਂ ਸ਼ਿਵਲਿੰਗ ਪ੍ਰਗਟ ਹੋਇਆ ਹੈ। ਉਹ ਸਾਰੀਆਂ ਤਿਆਰੀਆਂ ਮਰਿਆਦਾ ਅਨੁਸਾਰ ਕਰ ਰਹੇ ਹਨ। ਇਸ ਮੌਕੇ ਇਲਾਕੇ ਵਿਚ ਭਗਤੀ ਦਾ ਮਾਹੌਲ ਬਣਿਆ ਹੋਇਆ ਹੈ।