- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਮਰਹੂਮ ਪ੍ਰਕਾਸ਼ ਸਿੰਘ ਬਾਦਲ ਦੀ ਅਗਵਾਈ ਹੇਠ ਤਿੰਨ ਵਾਰ ਸੂਬੇ ਵਿਚ ਅਕਾਲੀ-ਭਾਜਪਾ ਗਠਜੋੜ ਦੀ ਸਰਕਾਰ ਰਹੀ, ਪਰ ਤਿੰਨ ਖੇਤੀ ਕਾਨੂੰਨਾਂ ਦੇ ਮੁੱਦੇ ’ਤੇ ਗਠਜੋੜ ਟੁੱਟ ਗਿਆ ਸੀ। ਜੇਕਰ ਹੁਣ ਦੁਬਾਰਾ ਗਠਜੋੜ ਹੋ ਜਾਂਦਾ ਹੈ ਤਾਂ ਸੂਬੇ ਦੇ ਸਿਆਸੀ ਸਮੀਕਰਨ ਬਦਲ ਜਾਣਗੇ। ਚੇਤੇ ਰਹੇ ਕਿ ਭਾਜਪਾ ਦੇ ਕੌਮੀ ਪ੍ਰਧਾਨ ਨਿਤਿਨ ਨਬੀਨ ਦੇ ਬਿਆਨ ਬਾਅਦ ਗਠਜੋੜ ਦੀਆਂ ਅਟਕਲਾਂ ਨੇ ਜ਼ੋਰ ਫੜ੍ਹਿਆ ਹੈ।

ਜੈ ਸਿੰਘ ਛਿੱਬਰ, ਪੰਜਾਬੀ ਜਾਗਰਣ, ਚੰਡੀਗੜ੍ਹ : ਅਗਾਮੀ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਸੂਬੇ ਵਿਚ ਸ਼੍ਰੋਮਣੀ ਅਕਾਲੀ ਦਲ ਅਤੇ ਭਾਰਤੀ ਜਨਤਾ ਪਾਰਟੀ ਦਰਮਿਆਨ ਦੁਬਾਰਾ ਗਠਜੋੜ ਹੋਣ ਦੀਆਂ ਚੱਲ ਰਹੀਆਂ ਅਟਕਲਾਂ ਨਾਲ ਸੂਬੇ ਦੀ ਸਿਆਸਤ ਭਖ਼ ਗਈ ਹੈ। ਅਕਾਲੀ ਦਲ ਅਤੇ ਭਾਜਪਾ ਦਾ ਸੂਬੇ ਵਿਚ ਲੰਬਾਂ ਸਮਾਂ ਗਠਜੋੜ ਰਿਹਾ ਹੈ। ਮਰਹੂਮ ਪ੍ਰਕਾਸ਼ ਸਿੰਘ ਬਾਦਲ ਦੀ ਅਗਵਾਈ ਹੇਠ ਤਿੰਨ ਵਾਰ ਸੂਬੇ ਵਿਚ ਅਕਾਲੀ-ਭਾਜਪਾ ਗਠਜੋੜ ਦੀ ਸਰਕਾਰ ਰਹੀ, ਪਰ ਤਿੰਨ ਖੇਤੀ ਕਾਨੂੰਨਾਂ ਦੇ ਮੁੱਦੇ ’ਤੇ ਗਠਜੋੜ ਟੁੱਟ ਗਿਆ ਸੀ। ਜੇਕਰ ਹੁਣ ਦੁਬਾਰਾ ਗਠਜੋੜ ਹੋ ਜਾਂਦਾ ਹੈ ਤਾਂ ਸੂਬੇ ਦੇ ਸਿਆਸੀ ਸਮੀਕਰਨ ਬਦਲ ਜਾਣਗੇ। ਚੇਤੇ ਰਹੇ ਕਿ ਭਾਜਪਾ ਦੇ ਕੌਮੀ ਪ੍ਰਧਾਨ ਨਿਤਿਨ ਨਬੀਨ ਦੇ ਬਿਆਨ ਬਾਅਦ ਗਠਜੋੜ ਦੀਆਂ ਅਟਕਲਾਂ ਨੇ ਜ਼ੋਰ ਫੜ੍ਹਿਆ ਹੈ।
ਗਠਜੋੜ ਹੋਣ ਦੀਆਂ ਕਨਸੋਆਂ ਮਿਲਣ ’ਤੇ ਸਿਆਸੀ ਸ਼ਰੀਕਾਂ ਖਾਸ ਕਰਕੇ ਆਮ ਆਦਮੀ ਪਾਰਟੀ ਦੇ ਕਨਵੀਨਰ ਅਰਵਿੰਦ ਕੇਜਰੀਵਾਲ ਨੇ ਭਾਜਪਾ ਅਤੇ ਅਕਾਲੀ ਦਲ ਦੀ ਲੀਡਰਸ਼ਿਪ ਨੂੰ ਨਿਸ਼ਾਨੇ ’ਤੇ ਲਿਆ ਹੈ। ਕੇਜਰੀਵਾਲ ਦਾ ਕਹਿਣਾ ਹੈ ਕਿ ਈਡੀ ਪਾਰਟੀ, ਚਿੱਟਾ ਪਾਰਟੀ ਨਾਲ ਮਿਲਣ ਲਈ ਬੇਚੈਨ ਹੈ। ਉਧਰ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਭਾਜਪਾ ਨਾਲ ਸਮਝੌਤੇ ਹੋਣ ਬਾਰੇ ਤਰਕ ਦਿੰਦਿਆਂ ਕਿਹਾ ਕਿ ਉਹ ਅਜੇ ਪਾਰਟੀ ਨੂੰ ਮਜ਼ਬੂਤ ਕਰਨ ਵਿਚ ਲੱਗੇ ਹੋਏ ਹਨ। ਅਜੇ ਇਸ ’ਤੇ ਗੱਲ ਕਰਨ ਦਾ ਸਮਾਂ ਨਹੀਂ ਹੈ, ਪਰ ਨਾਲ ਹੀ ਉਨ੍ਹਾਂ ਕਿਹਾ ਕਿ ਅਕਾਲੀ ਦਲ ਦੀ ਚੜ੍ਹਤ ਹੋਣ ਕਰਕੇ ਅਰਵਿੰਦ ਕੇਜਰੀਵਾਲ ਘਬਰਾਹਟ ਵਿਚ ਹਨ। ਸਿਆਸੀ ਮਾਹਿਰਾਂ ਦਾ ਮੰਨਣਾ ਹੈ ਕਿ ਜੇਕਰ ਅਕਾਲੀ-ਭਾਜਪਾ ਗੱਠਜੋੜ ਹੁੰਦਾ ਹੈ ਤਾਂ ਸੂਬੇ ਦੀ ਸਿਆਸਤ ਦੇ ਸਮੀਕਰਨ ਬਦਲ ਜਾਣਗੇ।
ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ, ਪੰਜਾਬ ਭਾਜਪਾ ਦੇ ਸਾਬਕਾ ਪ੍ਰਧਾਨ ਸੁਨੀਲ ਜਾਖੜ ਕਈ ਵਾਰ ਅਕਾਲੀ ਦਲ ਨਾਲ ਸਮਝੌਤਾ ਕਰਨ ਦੀ ਖੁੱਲ੍ਹੇਆਮ ਦਲੀਲਾਂ ਦੇ ਚੁੱਕੇ ਹਨ। ਜਾਖੜ ਤਾਂ ਇੱਥੋਂ ਤੱਕ ਕਹਿ ਚੁੱਕੇ ਹਨ ਕਿ ਸੂਬੇ ਦੇ ਭਵਿੱਖ ਲਈ ਖੇਤਰੀ ਪਾਰਟੀ ਦਾ ਮਜ਼ਬੂਤ ਹੋਣਾ ਬਹੁਤ ਜ਼ਰੂਰੀ ਹੈ। ਇਸੇ ਤਰ੍ਹਾਂ ਭਾਜਪਾ ਦੇ ਸਥਾਨਕ ਆਗੂ ਵੀ ਦੱਬੀ ਆਵਾਜ਼ ਵਿਚ ਅਕਾਲੀ ਦਲ ਨਾਲ ਮਿਲ ਕੇ ਚੋਣਾਂ ਲੜਨ ਦੀ ਦਲੀਲ ਦਿੰਦੇ ਹਨ, ਪਰ ਕੇਂਦਰੀ ਲੀਡਰਸ਼ਿਪ ਇਕੱਲੇ ਚੋਣ ਲੜਨ ਦੀ ਗੱਲ ਆਖ ਰਹੀ ਹੈ। ਅਕਾਲੀ ਨੇਤਾ ਸਿਕੰਦਰ ਸਿੰਘ ਮਲੂਕਾ ਸਮੇਤ ਕਈ ਅਕਾਲੀ ਆਗੂ ਵੀ ਭਾਜਪਾ ਨਾਲ ਗਠਜੋੜ ਦੀਆਂ ਦਲੀਲਾਂ ਦਿੰਦੇ ਹਨ। ਸੀਨੀਅਰ ਨੇਤਾ ਕੈਪਟਨ ਅਮਰਿੰਦਰ ਸਿੰਘ ਦੀ ਦਿੱਲੀ ’ਚ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨਾਲ ਪਿਛਲੇ ਦਿਨ ਮੁਲਾਕਾਤ ਕਰਨ ਤੋਂ ਬਾਅਦ ਭਾਜਪਾ ਦੇ ਕੌਮੀ ਪ੍ਰਧਾਨ ਨਿਤਿਨ ਨਬੀਨ ਦਾ ਇਹ ਬਿਆਨ ਆਉਣਾ ਕਿ ਗਠਜੋੜ ਲਈ ਅਜੇ ਰਸਤਾ ਬੰਦ ਨਹੀਂ ਹੋਇਆ। ਇਹ ਸੰਕੇਤ ਦਿੰਦਾ ਹੈ ਕਿ ਦੋਵਾਂ ਪਾਰਟੀਆਂ ਵਿਚ ਚੋਣਾਂ ਨੂੰ ਲੈ ਕੇ ਸਿਆਸੀ ਖਿੱਚੜੀ ਪੱਕ ਰਹੀ ਹੈ।
ਸਰਕਾਰ ਕੋਲ ਹਨ ਸਿਆਸੀ ਸਮੀਕਰਣ ਬਦਲਣ ਦੀਆਂ ਖੁਫ਼ੀਆਂ ਰਿਪੋਰਟਾਂ!
ਸਿਆਸੀ ਮਾਹਿਰਾ ਅਨੁਸਾਰ ਪਿਛਲੇ ਕੁੱਝ ਮਹੀਨਿਆਂ ਤੋਂ ਆਪ ਲੀਡਰਸ਼ਿਪ ਨੇ ਅਕਾਲੀ ਲੀਡਰਸ਼ਿਪ ਨੂੰ ਨਿਸ਼ਾਨੇ ’ਤੇ ਲਿਆ ਹੋਇਆ ਹੈ। ਮੁੱਖ ਮੰਤਰੀ ਭਗਵੰਤ ਮਾਨ ਲਗਾਤਾਰ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ, ਬਿਕਰਮ ਸਿੰਘ ਮਜੀਠੀਆ, ਹਰਸਿਮਰਤ ਕੌਰ ਬਾਦਲ ’ਤੇ ਸਿਆਸੀ ਟਿਪਣੀਆਂ ਕਰ ਕੇ ਘੇਰ ਰਹੇ ਹਨ। ਇਸ ਤੋਂ ਸਪੱਸ਼ਟ ਹੁੰਦਾ ਹੈ ਕਿ ਸਰਕਾਰ ਨੂੰ ਸਿਆਸੀ ਸਮੀਕਰਣ ਬਦਲਣ ਦੀਆਂ ਖੁਫ਼ੀਆਂ ਰਿਪੋਰਟਾਂ ਮਿਲ ਰਹੀਆਂ ਹਨ। ਇਹੀ ਕਾਰਨ ਹੈ ਕਿ ਆਪ ਮੁਖੀ ਅਰਵਿੰਦ ਕੇਜਰੀਵਾਲ ਨੇ ਭਾਜਪਾ ਅਤੇ ਅਕਾਲੀ ਦਲ ’ਤੇ ਤਿੱਖੀ ਟਿੱਪਣੀ ਕੀਤੀ ਹੈ। ਅਕਾਲੀ-ਭਾਜਪਾ ਗਠਜੋੜ ਹੁੰਦਾ ਜਾਂ ਨਹੀ ਇਹ ਸਮੇਂ ਦੇ ਗਰਭ ਵਿਚ ਹੈ, ਪਰ ਭਾਜਪਾ ਪ੍ਰਧਾਨ ਦੇ ਬਿਆਨ ਨਾਲ ਦੋਵਾਂ ਧਿਰਾਂ ਦੇ ਵਰਕਰਾਂ ’ਚ ਨਵੀਂ ਰੂਹ ਫੂਕੀ ਗਈ ਹੈ।