- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਕੇਂਦਰ ਸਰਕਾਰ ਨੇ ਸੂਬੇ ਦੀਆਂ ਕੁੱਝ ਮੰਡੀਆਂ ਵਿਚੋਂ ਕਣਕ ਚੁੱਕ ਕੇ ਸਪੈਸ਼ਲ ਗੱਡੀਆਂ ਰਾਹੀਂ ਦੂਜੇ ਰਾਜਾਂ ਨੂੰ ਭੇਜਣ ਦੀ ਹਰੀ ਝੰਡੀ ਦੇ ਦਿੱਤੀ ਹੈ। ਕੇਂਦਰ ਦੇ ਇਸ ਫੈਸਲੇ ਨਾਲ ਜਿੱਥੇ ਕਿਸਾਨਾਂ ਖਾਸ ਕਰਕੇ ਵੱਖ-ਵੱਖ ਖਰੀਦ ਏਜੰਸੀਆਂ ਨੂੰ ਵੱਡੀ ਰਾਹਤ ਮਿਲੇਗੀ, ਉਥੇ ਸਰਕਾਰ ’ਤੇ ਢੋਆ-ਢੁਆਈ ਦਾ ਪੈਣ ਵਾਲਾ ਖਰਚਾ ਵੀ ਬਚ ਜਾਵੇਗਾ।

ਜੈ ਸਿੰਘ ਛਿੱਬਰ, ਪੰਜਾਬੀ ਜਾਗਰਣ ਬਿਊਰੋ, ਚੰਡੀਗੜ੍ਹ : ਸਟੋਰੇਜ ਅਤੇ ਲਿਫਟਿੰਗ ਦੀ ਸਮੱਸਿਆ ਨਾਲ ਜੂਝ ਰਹੀ ਪੰਜਾਬ ਸਰਕਾਰ ਨੂੰ ਕੇਂਦਰ ਸਰਕਾਰ ਨੇ ਵੱਡੀ ਰਾਹਤ ਦਿੱਤੀ ਹੈ। ਚੌਲਾਂ ਨਾਲ ਗੁਦਾਮ ਭਰੇ ਹੋਣ ਕਰਕੇ ਅਤੇ ਕਣਕ ਰੱਖਣ ਲਈ ਢੁਕਵੀਂ ਥਾਂ ਨਾ ਹੋਣ ਕਰ ਕੇ ਕਣਕ ਦੀ ਲਿਫਟਿੰਗ ਨਹੀਂ ਹੋ ਰਹੀ ਜਿਸ ਕਰਕੇ ਮੰਡੀਆਂ ਵਿਚ ਕਣਕ ਦੇ ਅੰਬਾਰ ਲੱਗੇ ਹੋਏ ਹਨ। ਅੰਕੜੇ ਦੱਸਦੇ ਹਨ ਕਿ ਸੂਬੇ ਦੀਆਂ ਮੰਡੀਆਂ ਵਿਚ 4580640.86 ਮੀਟ੍ਰਿਕ ਟਨ ਖੁੱਲ੍ਹੇ ਅਸਮਾਨ ਹੇਠਾਂ ਪਈ ਹੈ। ਇਸ ਸਥਿਤੀ ਵਿਚ ਕੇਂਦਰ ਸਰਕਾਰ ਨੇ ਪੰਜਾਬ ਦੀ ਬਾਂਹ ਫੜ੍ਹੀ ਹੈ।
ਕੇਂਦਰ ਸਰਕਾਰ ਨੇ ਸੂਬੇ ਦੀਆਂ ਕੁੱਝ ਮੰਡੀਆਂ ਵਿਚੋਂ ਕਣਕ ਚੁੱਕ ਕੇ ਸਪੈਸ਼ਲ ਗੱਡੀਆਂ ਰਾਹੀਂ ਦੂਜੇ ਰਾਜਾਂ ਨੂੰ ਭੇਜਣ ਦੀ ਹਰੀ ਝੰਡੀ ਦੇ ਦਿੱਤੀ ਹੈ। ਕੇਂਦਰ ਦੇ ਇਸ ਫੈਸਲੇ ਨਾਲ ਜਿੱਥੇ ਕਿਸਾਨਾਂ ਖਾਸ ਕਰਕੇ ਵੱਖ-ਵੱਖ ਖਰੀਦ ਏਜੰਸੀਆਂ ਨੂੰ ਵੱਡੀ ਰਾਹਤ ਮਿਲੇਗੀ, ਉਥੇ ਸਰਕਾਰ ’ਤੇ ਢੋਆ-ਢੁਆਈ ਦਾ ਪੈਣ ਵਾਲਾ ਖਰਚਾ ਵੀ ਬਚ ਜਾਵੇਗਾ। ਇੱਥੇ ਦੱਸਿਆ ਜਾਂਦਾ ਹੈ ਕਿ ਬੇਮੌਸਮੇ ਮੀਂਹ ਅਤੇ ਗੜੇਮਾਰੀ ਨਾਲ ਬਦਰੰਗ ਹੋਈ ਕਣਕ ਅਤੇ ਸੂੰਗੜੇ ਹੋਏ ਦਾਣੇ ਖਰੀਦਣ ਲਈ ਪਹਿਲਾਂ ਹੀ ਨਿਯਮਾਂ ਵਿਚ 70 ਫ਼ੀਸਦੀ ਤੱਕ ਦੀ ਢਿੱਲ ਦੇ ਦਿੱਤੀ ਹੈ।
ਜਾਣਕਾਰੀ ਅਨੁਸਾਰ ਸਰਹਿੰਦ, ਮਲੌਦ, ਟਾਂਡਾ, ਖਾਸਾ, ਪੱਟੀ, ਚਮਕੌਰ ਸਾਹਿਬ-ਰੋਪੜ੍ਹ, ਤਪਾ, ਜੈਤੋ (ਭਗਤਾ ਭਾਈਕਾ) ਅਤੇ ਬਿਆਸ ਦੀ ਮੰਡੀ ਵਿਚ ਸਾਰੀ ਕਣਕ ਟਰੇਨ ਰਾਹੀਂ ਦੂਜੇ ਰਾਜਾਂ ਨੂੰ ਭੇਜੀ ਜਾਵੇਗੀ। ਇਹਨਾਂ ਮੰਡੀਆਂ ਵਿਚ ਕਣਕ ਚੁੱਕੇ ਜਾਣ ਨਾਲ ਲਿਫਟਿੰਗ ਦੀ ਸਮੱਸਿਆ ਹੱਲ ਹੋ ਜਾਵੇਗੀ।
ਵਿੱਤੀ ਸਾਲ 2023-24 ਦੌਰਾਨ ਖਰੀਦ ਕੀਤੇ ਗਏ ਝੋਨੇ ਦੀ ਕਟਾਈ ਕੀਤੇ ਜਾਣ ਨਾਲ ਬਹੁਤੇ ਜ਼ਿਲ੍ਹਿਆਂ ਵਿਚ ਗੁਦਾਮ ਚੌਲਾਂ ਨਾਲ ਭਰੇ ਪਏ ਹਨ। ਸੂਬਾ ਸਰਕਾਰ ਕਈ ਵਾਰ ਕੇਂਦਰ ਸਰਕਾਰ ਨੂੰ ਗੁਦਾਮਾਂ ਵਿਚ ਚੌਲ ਚੁੱਕਣ ਦੀ ਮੰਗ ਕਰ ਚੁੱਕੀ ਹੈ ਤਾਂ ਜੋ ਗੁਦਾਮ ਖਾਲੀ ਕੀਤੇ ਜਾ ਸਕਣ। ਮੁੱਖ ਮੰਤਰੀ ਭਗਵੰਤ ਮਾਨ ਨੇ ਗੁਦਾਮਾਂ ਵਿਚ ਪਏ ਕਰੀਬ 155 ਲੱਖ ਮੀਟ੍ਰਿਕ ਟਨ ਚੌਲਾਂ ਦੀ ਚੁਕਾਈ ਲਈ 10 ਅਪ੍ਰੈਲ ਨੂੰ ਕੇਂਦਰੀ ਮੰਤਰੀ ਪ੍ਰਲਾਦ ਜੋਸ਼ੀ ਨਾਲ ਮੁਲਾਕਾਤ ਕੀਤੀ ਸੀ। ਜੋਸ਼ੀ ਨੇ ਮੁੱਖ ਮੰਤਰੀ ਨੂੰ 100 ਸਪੈਸ਼ਲ ਗੱਡੀਆਂ ਰਾਹੀ ਚੌਲ ਚੁੱਕਣ ਦਾ ਭਰੋਸਾ ਦਿੱਤਾ ਸੀ। ਹੁਣ ਕੇਂਦਰ ਸਰਕਾਰ ਨੇ ਵਿੱਤੀ ਸਾਲ 2023-24 ਸੀਜ਼ਨ ਦੇ ਛਿਟਾਈ ਕੀਤੇ ਸਾਰੇ ਚੌਲ ਲਹਿਰਾਗਾਗਾ, ਅਹਿਮਗੜ੍ਹ, ਸੁਨਾਮ, ਕੋਟਕਪੁਰਾ, ਤਲਵੰਡੀ ਭਾਈ ਅਤੇ ਸੰਗਰੂਰ ਦੇ ਗੁਦਾਮਾਂ ਵਿਚ ਸਪੈਸ਼ਲ ਗੱਡੀਆਂ ਰਾਹੀ ਸਾਰਾ ਚੌਲ ਚੁੱਕਿਆ ਜਾਵੇਗਾ।
---
ਇਨ੍ਹਾਂ ਜ਼ਿਲ੍ਹਿਆਂ ਦੀਆਂ ਮੰਡੀਆਂ ’ਚ ਲੱਗੇ ਕਣਕ ਦੇ ਅੰਬਾਰ
ਅੰਮ੍ਰਿਤਸਰ ਜ਼ਿਲ੍ਹੇ ਵਿਚ 227541.85 ਮੀਟ੍ਰਿਕ ਟਨ, ਬਰਨਾਲਾ 159512.25, ਬਠਿੰਡਾ 231398.50, ਫਰੀਦਕੋਟ 194471.80, ਫਤਿਹਗੜ੍ਹ ਸਾਹਿਬ 111424.95 , ਫਾਜ਼ਿਲਕਾ 218822.70, ਫਿਰੋਜ਼ਪੁਰ 390665.70, ਗੁਰਦਾਸਪੁਰ 149303.60, ਹੁਸ਼ਿਆਰਪੁਰ 79506.41, ਜਲੰਧਰ 165744.50, ਕਪੂਰਥਲਾ 132487.30, ਲੁਧਿਆਣਾ 115539.20 ਪੂਰਬੀ, ਲੁਧਿਆਣਾ ਪੱਛਮੀ 108250.95, ਮਾਲੇਰਕੋਟਲਾ 76955.95 , ਮਾਨਸਾ 198802.05, ਮੋਗਾ 253139.40, ਸ੍ਰੀ ਮੁਕਤਸਰ ਸਾਹਿਬ 226699.20, ਪਠਾਨਕੋਟ 14560.70, ਪਟਿਆਲਾ 529539.35, ਰੂਪਨਗਰ 63476.85, ਸੰਗਰੂਰ 433328.75, ਮੋਹਾਲੀ 85503.90, ਨਵਾਂਸ਼ਹਿਰ 69554.80 ਅਤੇ ਤਰਨਤਾਰਨ ਵਿਖੇ 344410.20 ਮੀਟ੍ਰਿਕ ਟਨ ਕਣਕ ਦੀ ਲਿਫਟਿੰਗ ਨਹੀਂ ਹੋ ਸਕੀ। ਇਹ ਅੰਕੜਾ ਕੱਲ੍ਹ ਮੰਗਲਵਾਰ ਸ਼ਾਮ ਤੱਕ ਦਾ ਹੈ।
ਜਾਣਕਾਰੀ ਅਨੁਸਾਰ ਮੰਗਲਵਾਰ ਸ਼ਾਮ ਤੱਕ ਮੰਡੀਆਂ ਵਿਚ 6148780.56 ਮੀਟ੍ਰਿਕ ਟਨ ਕਣਕ ਦੀ ਆਮਦ ਹੋਈ ਹੈ ਅਤੇ ਵੱਖ-ਵੱਖ ਖਰੀਦ ਏਜੰਸੀਆਂ ਨੇ 5697578.46 ਮੀਟ੍ਰਿਕ ਟਨ ਕਣਕ ਖਰੀਦ ਕੀਤੀ ਹੈ ਜਿਸ ਵਿਚੋਂ 8876.80 ਮੀਟ੍ਰਿਕ ਟਨ ਵਪਾਰੀਆਂ ਨੇ ਖਰੀਦੀ ਹੈ।