ਪੁਲਿਸ ਦੀ ਸਾਈਬਰ ਸੈੱਲ ਈਮੇਲ ਭੇਜਣ ਵਾਲੇ ਦੀ ਪਛਾਣ ਕਰਨ ਵਿੱਚ ਜੁਟੀ ਹੋਈ ਹੈ। ਅਧਿਕਾਰੀਆਂ ਨੇ ਮਾਪਿਆਂ ਅਤੇ ਆਮ ਨਾਗਰਿਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਅਫ਼ਵਾਹਾਂ ’ਤੇ ਧਿਆਨ ਨਾ ਦੇਣ ਅਤੇ ਕਿਸੇ ਵੀ ਸ਼ੱਕੀ ਜਾਣਕਾਰੀ ਦੀ ਤੁਰੰਤ ਪੁਲਿਸ ਨੂੰ ਸੂਚਨਾ ਦੇਣ।

ਤਰੁਣ ਭਜਨੀ, ਚੰਡੀਗੜ੍ਹ : ਸ਼ੁੱਕਰਵਾਰ ਸਵੇਰੇ ਚੰਡੀਗੜ੍ਹ ਸ਼ਹਿਰ ਵਿੱਚ ਉਸ ਸਮੇਂ ਤਰਥੱਲੀ ਮਚ ਗਈ ਜਦੋਂ ਈਮੇਲ ਰਾਹੀਂ ਕਈ ਸ਼ਿਖਿਆ ਸੰਸਥਾਵਾਂ ਅਤੇ ਇੱਕ ਸਰਕਾਰੀ ਇਮਾਰਤ ਨੂੰ ਬੰਬ ਨਾਲ ਉਡਾਉਣ ਦੀ ਧਮਕੀ ਦਿੱਤੀ ਗਈ। ਧਮਕੀ ਭਰੇ ਮੇਲ ਵਿੱਚ ਡੀਪੀਐਸ ਸਕੂਲ, ਸੰਤ ਕਬੀਰ ਸਕੂਲ, ਵਿਵੇਕ ਹਾਈ ਸਕੂਲ ਸੈਕਟਰ-38 ਦੇ ਨਾਲ-ਨਾਲ ਪੰਜਾਬ ਸਕੱਤਰੇਤ ਨੂੰ ਨਿਸ਼ਾਨਾ ਬਣਾਉਣ ਦੀ ਗੱਲ ਕਹੀ ਗਈ ਹੈ। ਮੇਲ ਵਿੱਚ ਅਗਲੇ ਦੋ ਦਿਨਾਂ ਅੰਦਰ ਬੰਬ ਧਮਾਕੇ ਕਰਨ ਦੀ ਚਿਤਾਵਨੀ ਵੀ ਦਿੱਤੀ ਗਈ ਹੈ।
ਧਮਕੀ ਮਿਲਦੇ ਹੀ ਸੰਬੰਧਤ ਸਕੂਲ ਪ੍ਰਸ਼ਾਸਨ ਨੇ ਤੁਰੰਤ ਪੁਲਿਸ ਨੂੰ ਸੂਚਨਾ ਦਿੱਤੀ, ਜਿਸ ਤੋਂ ਬਾਅਦ ਸੁਰੱਖਿਆ ਏਜੰਸੀਆਂ ਹਰਕਤ ਵਿੱਚ ਆ ਗਈਆਂ। ਇਹਤਿਆਤ ਵਜੋਂ ਸਕੂਲ ਕੈਂਪਸ ਖਾਲੀ ਕਰਵਾ ਲਏ ਗਏ। ਮੌਕੇ ’ਤੇ ਪੁਲਿਸ ਦੇ ਸੀਨੀਅਰ ਅਧਿਕਾਰੀ, ਬੰਬ ਨਿਰੋਧਕ ਦਸਤਾ ਅਤੇ ਡਾਗ ਸਕਵਾਡ ਦੀਆਂ ਟੀਮਾਂ ਪਹੁੰਚੀਆਂ। ਸੁਰੱਖਿਆ ਬਲਾਂ ਵੱਲੋਂ ਸਕੂਲ ਕੈਂਪਸਾਂ ਅਤੇ ਆਸ-ਪਾਸ ਦੇ ਇਲਾਕਿਆਂ ਵਿੱਚ ਤਲਾਸ਼ੀ ਮੁਹਿੰਮ ਚਲਾਈ ਗਈ।
ਜਾਂਚ ਵਿੱਚ ਕਿਸੇ ਵੀ ਕਿਸਮ ਦੀ ਸ਼ੱਕੀ ਵਸਤੂ ਬਰਾਮਦ ਨਹੀਂ ਹੋਈ ਹੈ। ਪੁਲਿਸ ਅਧਿਕਾਰੀਆਂ ਅਨੁਸਾਰ ਫਿਲਹਾਲ ਸਥਿਤੀ ਕਾਬੂ ਵਿੱਚ ਹੈ, ਪਰ ਸੁਰੱਖਿਆ ਪ੍ਰਬੰਧ ਸਖ਼ਤ ਕਰ ਦਿੱਤੇ ਗਏ ਹਨ। ਸਕੱਤਰੇਤ ਕੰਪਲੈਕਸ ਵਿੱਚ ਵੀ ਸੁਰੱਖਿਆ ਵਧਾ ਦਿੱਤੀ ਗਈ ਹੈ ਅਤੇ ਆਉਣ-ਜਾਣ ਵਾਲਿਆਂ ਦੀ ਸਖ਼ਤੀ ਨਾਲ ਜਾਂਚ ਕੀਤੀ ਜਾ ਰਹੀ ਹੈ।
ਪੁਲਿਸ ਦੀ ਸਾਈਬਰ ਸੈੱਲ ਈਮੇਲ ਭੇਜਣ ਵਾਲੇ ਦੀ ਪਛਾਣ ਕਰਨ ਵਿੱਚ ਜੁਟੀ ਹੋਈ ਹੈ। ਅਧਿਕਾਰੀਆਂ ਨੇ ਮਾਪਿਆਂ ਅਤੇ ਆਮ ਨਾਗਰਿਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਅਫ਼ਵਾਹਾਂ ’ਤੇ ਧਿਆਨ ਨਾ ਦੇਣ ਅਤੇ ਕਿਸੇ ਵੀ ਸ਼ੱਕੀ ਜਾਣਕਾਰੀ ਦੀ ਤੁਰੰਤ ਪੁਲਿਸ ਨੂੰ ਸੂਚਨਾ ਦੇਣ।
ਜ਼ਿਕਰਯੋਗ ਹੈ ਕਿ ਕਰੀਬ ਇੱਕ ਮਹੀਨਾ ਪਹਿਲਾਂ ਵੀ ਸ਼ਹਿਰ ਦੇ ਲਗਪਗ 30 ਸਕੂਲਾਂ ਨੂੰ ਇਸੇ ਤਰ੍ਹਾਂ ਈਮੇਲ ਰਾਹੀਂ ਬੰਬ ਨਾਲ ਉਡਾਉਣ ਦੀ ਧਮਕੀ ਮਿਲੀ ਸੀ। ਉਸ ਵੇਲੇ ਵੀ ਤਲਾਸ਼ੀ ਮੁਹਿੰਮ ਚਲਾਈ ਗਈ ਸੀ, ਪਰ ਕੋਈਸੱਕੀ ਵਸਤੂ ਬਰਾਮਦ ਨਹੀਂ ਹੋਈ ਸੀ।
ਲਗਾਤਾਰ ਮਿਲ ਰਹੀਆਂ ਅਜਿਹੀਆਂ ਧਮਕੀਆਂ ਕਾਰਨ ਮਾਪਿਆਂ ਅਤੇ ਸਕੂਲ ਪ੍ਰਬੰਧਕਾਂ ਵਿੱਚ ਚਿੰਤਾ ਦਾ ਮਾਹੌਲ ਹੈ। ਪੁਲਿਸ ਪਿਛਲੇ ਮਾਮਲਿਆਂ ਦੀ ਵੀ ਜਾਂਚ ਕਰ ਰਹੀ ਹੈ ਤਾਂ ਜੋ ਇਹ ਸਪੱਸ਼ਟ ਹੋ ਸਕੇ ਕਿ ਇਨ੍ਹਾਂ ਘਟਨਾਵਾਂ ਦੇ ਪਿੱਛੇ ਕਿਸੇ ਇਕ ਵਿਅਕਤੀ ਜਾਂ ਗਿਰੋਹ ਦਾ ਹੱਥ ਤਾਂ ਨਹੀਂ ਹੈ। ਪ੍ਰਸ਼ਾਸਨ ਨੇ ਸਪੱਸ਼ਟ ਕੀਤਾ ਹੈ ਕਿ ਸੁਰੱਖਿਆ ਪ੍ਰਬੰਧ ਹੋਰ ਮਜ਼ਬੂਤ ਕਰ ਦਿੱਤੇ ਗਏ ਹਨ ਅਤੇ ਕਿਸੇ ਵੀ ਤਰ੍ਹਾਂ ਦੀ ਅਫ਼ਵਾਹ ਫੈਲਾਉਣ ਵਾਲਿਆਂ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇਗੀ।