ਸੁਨੀਲ ਜਾਖੜ ਦਾ ਵੱਡਾ ਹਮਲਾ: 'ਆਪ' ਤੇ ਕਾਂਗਰਸ ਮੁੱਦਿਆਂ ਤੋਂ ਧਿਆਨ ਭਟਕਾਉਣ ਲਈ ਫੈਲਾਅ ਰਹੀਆਂ ਹਨ ਭਰਮ
ਉਨ੍ਹਾਂ ਕਿਹਾ ਕਿ ਅਕਤੂਬਰ 2023 ਤੋਂ ਕਿਸਾਨ ਨੀਤੀ ਦਾ ਖਰੜਾ ਤਿਆਰ ਹੋਇਆ ਹੈ ਪਰ ਮੁੱਖ ਮੰਤਰੀ ਕਿਸ ਦੀ ਉਡੀਕ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਜੇ ਇਸ ਵਿਚ ਕੋਈ ਕਮੀ ਹੈ ਤਾਂ ਇਸ ਨੂੰ ਨੀਤੀ ਵਿਚ ਦਰੁਸਤੀ ਲਈ ਸਰਕਾਰ ਕੀ ਕਰ ਰਹੀ ਹੈ। ਜਾਖੜ ਨੇ ਕਿਹਾ ਕਿ ਭਾਜਪਾ ਦਾ ਹਮੇਸ਼ਾ ਸਟੈਂਡ ਰਿਹਾ ਹੈ ਕਿ ਪੰਜਾਬ ਦੇ ਕਾਨੂੰਨੀ ਹੱਕ ਇਸ ਨੂੰ ਮਿਲਣੇ ਚਾਹੀਦੇ ਹਨ।
Publish Date: Fri, 20 Mar 2026 08:29 AM (IST)
Updated Date: Fri, 20 Mar 2026 08:32 AM (IST)
ਪੰਜਾਬੀ ਜਾਗਰਣ ਬਿਊਰੋ, ਚੰਡੀਗੜ੍ਹ : ਪੰਜਾਬ ਭਾਜਪਾ ਦੇ ਪ੍ਰਧਾਨ ਸੁਨੀਲ ਜਾਖੜ ਨੇ ‘ਆਮ ਆਦਮੀ ਪਾਰਟੀ’ ਤੇ ਕਾਂਗਰਸ ਪਾਰਟੀ ’ਤੇ ਲੋਕਾਂ ਦਾ ਧਿਆਨ ਅਸਲ ਮੁੱਦਿਆਂ ’ਤੇ ਹਟਾਉਣ ਲਈ ਕੇਂਦਰ ਸਰਕਾਰ ਤੇ ਭਾਜਪਾ ਖ਼ਿਲਾਫ਼ ਭਰਮ ਫੈਲਾਉਣ ਦਾ ਦੋਸ਼ ਲਾਇਆ ਹੈ। ਉਨ੍ਹਾਂ ਕਿਹਾ ਕਿ ਕੇਂਦਰ ਖ਼ਿਲਾਫ਼ ਨਫਰਤ ਫੈਲਾਉਣ ਦੀ ਇਹ ਸਾਜ਼ਿਸ਼ ਪੰਜਾਬ ਦੇ ਭਵਿੱਖ ਲਈ ਖ਼ਤਰਨਾਕ ਸਾਬਤ ਹੋ ਸਕਦੀ ਹੈ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਜਾਖੜ ਨੇ ਕਿਹਾ ਕਿ ਆਖ਼ਰ 6 ਮਹੀਨਿਆਂ ਬਾਅਦ ਮੁੱਖ ਮੰਤਰੀ ਭਗਵੰਤ ਮਾਨ ਨੇ ਮੰਨ ਲਿਆ ਹੈ ਕਿ ਕੇਂਦਰ ਵੱਲੋਂ ਆਪਦਾ ਰਾਹਤ ਲਈ 13 ਹਜ਼ਾਰ ਕਰੋੜ ਰੁਪਏ ਆਏ ਸਨ ਤੇ ਉਸ ਵਿੱਚੋਂ ਉਨ੍ਹਾਂ ਨੇ 477 ਕਰੋੜ ਰੁਪਏ ਖ਼ਰਚ ਕੀਤੇ ਹਨ। ਜਾਖੜ ਨੇ ਕਿਹਾ ਕਿ ਕੇਂਦਰ ਸਰਕਾਰ ਨੇ ਖੇਤੀਬਾੜੀ ਬਜਟ 1.30 ਲੱਖ ਕਰੋੜ ਰੁਪਏ ਰੱਖਿਆ ਹੈ ਜਦਕਿ ਯੂਪੀਏ ਸਰਕਾਰ ਵੇਲ੍ਹੇ ਇਹ 21933 ਕਰੋੜ ਰੁਪਏ ਸੀ। ਪੀਐੱਮ ਕਿਸਾਨ ਯੋਜਨਾ ਤਹਿਤ ਕਿਸਾਨਾਂ ਨੂੰ 4.27 ਲੱਖ ਕਰੋੜ ਰੁਪਏ ਸਿੱਧੇ ਬੈਂਕ ਖਾਤਿਆਂ ਵਿਚ ਭੇਜੇ ਗਏ ਹਨ। ਯੂਪੀਏ ਨੇ ਐੱਮਐੱਸਪੀ ’ਤੇ ਫ਼ਸਲਾਂ ਦੀ ਖਰੀਦ ’ਤੇ 4.75 ਲੱਖ ਕਰੋੜ ਰੁਪਏ ਖਰਚੇ ਪਰ ਭਾਜਪਾ ਸਰਕਾਰ ਨੇ 18.98 ਲੱਖ ਕਰੋੜ ਰੁਪਏ ਐੱਮਐੱਸਪੀ ’ਤੇ ਦਿੱਤੇ।
ਉਨ੍ਹਾਂ ਕਿਹਾ ਕਿ ਅਕਤੂਬਰ 2023 ਤੋਂ ਕਿਸਾਨ ਨੀਤੀ ਦਾ ਖਰੜਾ ਤਿਆਰ ਹੋਇਆ ਹੈ ਪਰ ਮੁੱਖ ਮੰਤਰੀ ਕਿਸ ਦੀ ਉਡੀਕ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਜੇ ਇਸ ਵਿਚ ਕੋਈ ਕਮੀ ਹੈ ਤਾਂ ਇਸ ਨੂੰ ਨੀਤੀ ਵਿਚ ਦਰੁਸਤੀ ਲਈ ਸਰਕਾਰ ਕੀ ਕਰ ਰਹੀ ਹੈ। ਜਾਖੜ ਨੇ ਕਿਹਾ ਕਿ ਭਾਜਪਾ ਦਾ ਹਮੇਸ਼ਾ ਸਟੈਂਡ ਰਿਹਾ ਹੈ ਕਿ ਪੰਜਾਬ ਦੇ ਕਾਨੂੰਨੀ ਹੱਕ ਇਸ ਨੂੰ ਮਿਲਣੇ ਚਾਹੀਦੇ ਹਨ। ਇਹੀ ਨਹੀਂ, ਪੰਜਾਬ ਵਿਚ ਨਹਿਰਾਂ ਤੇ ਖਾਲਿਆਂ ’ਤੇ ਜੋ ਖਰਚ ਕੀਤਾ ਗਿਆ ਹੈ ਉਹ ਸਾਰੇ ਦਾ ਸਾਰਾ ਕੇਂਦਰ ਸਰਕਾਰ ਨੇ ਭੇਜਿਆ ਹੈ ਅਤੇ ਮੁੱਖ ਮੰਤਰੀ ਕੇਂਦਰ ਦੇ ਪੈਸੇ ਨਾਲ ਨਹਿਰਾਂ ਖਾਲੇ ਬਣਾ ਕੇ ਵਾਹਵਾਹੀ ਲੁੱਟਣ ਲੱਗੇ ਹਨ। ਉਨ੍ਹਾਂ ਕਿਹਾ ਕਿ ਅਗਲੀਆਂ ਚੋਣਾਂ ਵਿਚ ਲੋਕ ‘ਆਪ’ ਤੇ ਕਾਂਗਰਸ ਦੇ ਝੂਠ ਖਿਲਾਫ ਆਪਣਾ ਫੈਸਲਾ ਦੇਣਗੇ।