- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਸ਼ਾਮ ਵੇਲੇ ਅਸਮਾਨ 'ਤੇ ਕਾਲੇ ਅਤੇ ਸੰਘਣੇ ਬੱਦਲ ਛਾ ਗਏ, ਜਿਸ ਤੋਂ ਬਾਅਦ ਤੇਜ਼ ਹਨੇਰੀ ਅਤੇ ਧੂੜ ਭਰੀਆਂ ਹਵਾਵਾਂ ਨੇ ਪੂਰੇ ਇਲਾਕੇ ਨੂੰ ਆਪਣੀ ਲਪੇਟ ਵਿਚ ਲੈ ਲਿਆ। ਮੌਸਮ ਵਿੱਚ ਆਏ ਇਸ ਅਚਾਨਕ ਬਦਲਾਅ ਕਾਰਨ ਤਾਪਮਾਨ ਵਿਚ ਵੀ ਗਿਰਾਵਟ ਦਰਜ ਕੀਤੀ ਗਈ, ਜਿਸ ਨਾਲ ਲੋਕਾਂ ਨੇ ਸੁੱਖ ਦਾ ਸਾਹ ਲਿਆ।

ਮਹਿੰਦਰ ਸਿੰਘ ਅਰਲੀਭੰਨ ਪੰਜਾਬੀ ਜਾਗਰਣ ਕਲਾਨੌਰ ਪਿਛਲੇ ਦਿਨਾਂ ਤੋਂ ਪੈ ਰਹੀ ਅੱਤ ਦੀ ਗਰਮੀ ਨੇ ਜਿੱਥੇ ਆਮ ਲੋਕਾਂ ਤੋਂ ਇਲਾਵਾ ਪਸ਼ੂ ਪੰਛੀਆਂ ਤੇ ਜਾਨਵਰ ਨੂੰ ਬੇਹਾਲ ਕੀਤਾ ਹੋਇਆ ਸੀ ਉਥੇ ਵੀਰਵਾਰ ਨੂੰ ਦੇਰ ਸ਼ਾਮ ਤੇਜ਼ ਹਨ੍ਹੇਰੀ, ਝੱਖੜ ਅਤੇ ਮੋਹਲੇਧਾਰ ਬਾਰਸ਼ ਕਾਰਨ ਗਰਮੀ ਤੋਂ ਰਾਹਤ ਮਿਲੀ ਹੈ ਅਤੇ ਤੇਜ਼ ਝੱਖੜ ਕਾਰਨ ਕਲਾਨੌਰ ਦੇ ਪੁਲਿਸ ਨਾਕੇ ’ਤੇ ਲੱਗਿਆ ਟੈਂਟ ਉੱਡਣ ਤੋਂ ਇਲਾਵਾ ਸੜਕਾਂ ਕਿਨਾਰੇ ਲੱਗੇ ਦਰਖਤ ਵੀ ਡਿੱਗਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਇਸ ਸਬੰਧੀ ਤਿਲਕ ਰਾਜ ਸਿੰਘ, ਬਲਦੇਵ ਸਿੰਘ, ਗੁਰਦੇਵ ਸਿੰਘ, ਬਿੱਟੂ ਸੁੰਦਰਪੁਰੀਆ, ਕੁਲਵੰਤ ਰਾਏ ਆਦਿ ਨੇ ਦੱਸਿਆ ਕਿ ਪਿਛਲੇ ਦਿਨਾਂ ਤੋਂ ਲਗਾਤਾਰ ਲੱਗ ਰਹੀਆਂ ਕੜਾਕੇ ਦੀਆਂ ਧੁੱਪਾਂ ਕਾਰਨ ਵਧੇ ਤਾਪਮਾਨ ਕਾਰਨ ਪੈ ਰਹੀ ਗਰਮੀ ਕਾਰਨ ਲੋਕ ਆਪਣੇ ਘਰਾਂ ਵਿਚ ਏਸੀ, ਕੂਲਰਾਂ ਅਤੇ ਪੱਖਿਆਂ ਦਾ ਸਹਾਰਾ ਲੈ ਕੇ ਗਰਮੀ ਤੋਂ ਰਾਹਤ ਪਾ ਰਹੇ ਸਨ। ਉਹਨਾਂ ਦੱਸਿਆ ਕਿ ਅੱਜ ਵੀਰਵਾਰ ਦੇ ਸ਼ਾਮ ਨੂੰ ਅਸਮਾਨ ਛਾਏ ਕਾਲੇ ਬੱਦਲਾਂ ਤੋਂ ਤੇਜ਼ ਹਨੇਰੀ ਝੱਖੜ ਅਤੇ ਮੋਹਲੇਧਾਰ ਬਾਰਸ਼ ਪੈਣ ਕਾਰਨ ਮੌਸਮ ਵਿਚ ਠੰਢਕ ਆਉਣ ਕਰਕੇ ਗਰਮੀ ਤੋਂ ਰਾਹਤ ਮਿਲੀ ਹੈ।ਉਹਨਾਂ ਦੱਸਿਆ ਕਿ ਤੇਜ਼ ਹਨ੍ਹੇਰੀ ਝੱਖੜ ਕਾਰਨ ਸੜਕਾਂ ਕਿਨਾਰੇ ਖ਼ਸਤਾ ਹਾਲਤ ਸੁੱਕੇ ਦਰਖਤ ਡਿੱਗਣ ਤੇ ਬਿਜਲੀ ਸਪਲਾਈ ਪ੍ਰਭਾਵਿਤ ਹੋਣ ਦਾ ਖਦਸ਼ਾ ਹੈ। ਇਸ ਤੋਂ ਇਲਾਵਾ ਨੈਸ਼ਨਲ ਹਾਈਵੇ 354 ਤੇ ਪੁਲਿਸ ਨਾਕੇ ਤੇ ਗਰਮੀ ਤੋਂ ਰਾਹਤ ਪਾਉਣ ਲਈ ਜਵਾਨਾਂ ਦੀ ਲਗਾਇਆ ਟੈਂਟ ਵੀ ਤੇਜ਼ ਝੱਖੜ ਕਾਰਨ ਉੱਡ ਗਿਆ ਅਤੇ ਨਾਕੇ ਲਈ ਲਗਾਏ ਗਏ ਬੈਰੀਕੇਟ ਵੀ ਡਿੱਗ ਪਏ। ਇਸ ਦੌਰਾਨ ਟੈਂਟ ਉੱਡਣ ਮੌਕੇ ਪੱਖਾ ਅਤੇ ਹੋਰ ਜੋ ਸਮਾਨ ਸਾਂਭਣ ਮੌਕੇ ਪੁਲਿਸ ਜਵਾਨ ’ਤੇ ਟੈਂਟ ਦਾ ਬਾਂਸ ਵੱਜਣ ਤੇ ਮਾਮੂਲੀ ਸੱਟ ਵੀ ਲੱਗ ਗਈ। ਇਸ ਮੌਕੇ ਮਾਮੂਲੀ ਜ਼ਖ਼ਮੀ ਜਵਾਨ ਨੇ ਦੱਸਿਆ ਕਿ ਡਿਊਟੀ ਦੌਰਾਨ ਬਹੁਤ ਤੇਜ਼ ਝੱਖੜ ਚੱਲਣ ਉਪਰੰਤ ਵੇਖਦਿਆ ਵੇਖਦਿਆਂ ਹੀ ਟੈਂਟ ਦੀਆਂ ਰੱਸੀਆਂ ਟੁੱਟਣ ਕਾਰਨ ਟੈਂਟ ਹੇਠਾਂ ਡਿੱਗ ਪਿਆ।
ਪਠਾਨਕੋਟ ’ਚ ਤੇਜ਼ ਹਨੇਰੀ ਤੇ ਗਰਜਦੇ ਬੱਦਲਾਂ ਨਾਲ ਮੌਸਮ ਨੇ ਲਈ ਕਰਵਟ
ਆਰ.ਸਿੰਘ, ਪੰਜਾਬੀ ਜਾਗਰਣ, ਪਠਾਨਕੋਟ : ਇਸੇ ਤਰ੍ਹਾਂ ਜ਼ਿਲ੍ਹਾ ਪਠਾਨਕੋਟ ਵਿਚ ਵੀਰਵਾਰ ਸ਼ਾਮ ਮੌਸਮ ਨੇ ਅਚਾਨਕ ਕਰਵਟ ਲੈਂਦਿਆਂ ਲੋਕਾਂ ਨੂੰ ਕਈ ਦਿਨਾਂ ਤੋਂ ਪੈ ਰਹੀ ਭਿਆਨਕ ਗਰਮੀ ਅਤੇ ਹੁੰਮਸ ਤੋਂ ਰਾਹਤ ਦਿਵਾਈ। ਸ਼ਾਮ ਵੇਲੇ ਅਸਮਾਨ 'ਤੇ ਕਾਲੇ ਅਤੇ ਸੰਘਣੇ ਬੱਦਲ ਛਾ ਗਏ, ਜਿਸ ਤੋਂ ਬਾਅਦ ਤੇਜ਼ ਹਨੇਰੀ ਅਤੇ ਧੂੜ ਭਰੀਆਂ ਹਵਾਵਾਂ ਨੇ ਪੂਰੇ ਇਲਾਕੇ ਨੂੰ ਆਪਣੀ ਲਪੇਟ ਵਿਚ ਲੈ ਲਿਆ। ਮੌਸਮ ਵਿੱਚ ਆਏ ਇਸ ਅਚਾਨਕ ਬਦਲਾਅ ਕਾਰਨ ਤਾਪਮਾਨ ਵਿਚ ਵੀ ਗਿਰਾਵਟ ਦਰਜ ਕੀਤੀ ਗਈ, ਜਿਸ ਨਾਲ ਲੋਕਾਂ ਨੇ ਸੁੱਖ ਦਾ ਸਾਹ ਲਿਆ।
ਤੇਜ਼ ਹਵਾਵਾਂ ਦੇ ਨਾਲ-ਨਾਲ ਅਸਮਾਨ ਵਿਚ ਬੱਦਲ ਲਗਾਤਾਰ ਗਰਜਦੇ ਅਤੇ ਚਮਕਦੇ ਰਹੇ। ਬੱਦਲਾਂ ਦੀ ਗੜਗੜਾਹਟ ਕਾਰਨ ਲੋਕਾਂ ਵਿਚ ਮੀਂਹ ਪੈਣ ਦੀ ਉਮੀਦ ਜਾਗ ਪਈ। ਕੁਝ ਸਮੇਂ ਬਾਅਦ ਗਰਜ ਦੇ ਨਾਲ ਹਲਕੀਆਂ ਛਿਟਾਂ ਪੈਣੀਆਂ ਵੀ ਸ਼ੁਰੂ ਹੋ ਗਈਆਂ ਅਤੇ ਸ਼ਹਿਰ ਦੇ ਵੱਖ-ਵੱਖ ਇਲਾਕਿਆਂ ਵਿਚ ਕਿਣ-ਮਿਣ ਬਾਰਿਸ਼ ਦਰਜ ਕੀਤੀ ਗਈ। ਹਾਲਾਂਕਿ ਮੀਂਹ ਜ਼ਿਆਦਾ ਨਹੀਂ ਪਿਆ, ਪਰ ਹਲਕੀ ਵਰਖਾ ਅਤੇ ਠੰਢੀ ਹਵਾਵਾਂ ਨੇ ਮੌਸਮ ਨੂੰ ਸੁਹਾਵਣਾ ਬਣਾ ਦਿੱਤਾ।
ਹਨੇਰੀ ਦੀ ਰਫ਼ਤਾਰ ਇੰਨੀ ਜ਼ਿਆਦਾ ਸੀ ਕਿ ਕਈ ਘਰਾਂ ਦੀਆਂ ਛੱਤਾਂ ਉੱਤੇ ਰੱਖਿਆ ਸਮਾਨ ਉੱਡ ਕੇ ਗੁਆਂਢੀ ਘਰਾਂ ਅਤੇ ਗਲੀਆਂ ਵਿਚ ਜਾ ਡਿੱਗਿਆ। ਧੂੜ ਭਰੀਆਂ ਹਵਾਵਾਂ ਕਾਰਨ ਕੁਝ ਸਮੇਂ ਲਈ ਆਵਾਜਾਈ ਅਤੇ ਆਮ ਜਨਜੀਵਨ ਵੀ ਪ੍ਰਭਾਵਿਤ ਰਿਹਾ। ਲੋਕਾਂ ਨੂੰ ਆਪਣੇ ਘਰਾਂ ਅਤੇ ਦੁਕਾਨਾਂ ਦੇ ਦਰਵਾਜ਼ੇ-ਖਿੜਕੀਆਂ ਬੰਦ ਕਰਨੀਆਂ ਪਈਆਂ।
ਇਸ ਦੌਰਾਨ ਸ਼ਹਿਰ ਦੇ ਕੁਝ ਹਿੱਸਿਆਂ ਵਿਚ ਬਿਜਲੀ ਸਪਲਾਈ ਵੀ ਪ੍ਰਭਾਵਿਤ ਹੋਈ ਅਤੇ ਕਈ ਇਲਾਕਿਆਂ ਵਿਚ ਕੁਝ ਸਮੇਂ ਲਈ ਬਿਜਲੀ ਗੁਲ ਰਹੀ। ਬਿਜਲੀ ਬੰਦ ਹੋਣ ਕਾਰਨ ਲੋਕਾਂ ਨੂੰ ਥੋੜ੍ਹੀ ਅਸੁਵਿਧਾ ਦਾ ਸਾਹਮਣਾ ਕਰਨਾ ਪਿਆ, ਪਰ ਮੌਸਮ ਦੇ ਸੁਹਾਵਣੇ ਹੋਣ ਕਾਰਨ ਲੋਕਾਂ ਨੇ ਇਸ ਨੂੰ ਵੱਡੀ ਸਮੱਸਿਆ ਨਹੀਂ ਮੰਨਿਆ।
ਸ਼ਾਮ ਭਰ ਅਸਮਾਨ ਵਿਚ ਕਾਲੇ ਬੱਦਲਾਂ ਦਾ ਡੇਰਾ ਬਣਿਆ ਰਿਹਾ ਅਤੇ ਮੌਸਮ ਪੂਰੀ ਤਰ੍ਹਾਂ ਬਦਲਿਆ ਹੋਇਆ ਨਜ਼ਰ ਆਇਆ। ਬਾਜ਼ਾਰਾਂ, ਗਲੀਆਂ ਅਤੇ ਰਿਹਾਇਸ਼ੀ ਇਲਾਕਿਆਂ ਵਿੱਚ ਲੋਕ ਗਰਮੀ ਤੋਂ ਮਿਲੀ ਇਸ ਰਾਹਤ ਦਾ ਆਨੰਦ ਮਾਣਦੇ ਦਿਖਾਈ ਦਿੱਤੇ। ਪਿਛਲੇ ਕਈ ਦਿਨਾਂ ਤੋਂ ਪੈ ਰਹੀ ਤਿੱਖੀ ਧੁੱਪ ਅਤੇ ਲੂ ਤੋਂ ਪ੍ਰੇਸ਼ਾਨ ਲੋਕਾਂ ਲਈ ਇਹ ਬਦਲਿਆ ਹੋਇਆ ਮੌਸਮ ਕਿਸੇ ਰਾਹਤ ਭਰੀ ਸੌਗਾਤ ਤੋਂ ਘੱਟ ਨਹੀਂ ਸੀ।
ਮੌਸਮ ਵਿਭਾਗ ਵੱਲੋਂ ਵੀ ਆਉਣ ਵਾਲੇ ਦਿਨਾਂ ਵਿਚ ਬੱਦਲਵਾਈ ਅਤੇ ਛਿਟਪੁੱਟ ਵਰਖਾ ਦੀ ਸੰਭਾਵਨਾ ਜਤਾਈ ਜਾ ਰਹੀ ਹੈ। ਜੇਕਰ ਅਜਿਹੀਆਂ ਮੌਸਮੀ ਸਰਗਰਮੀਆਂ ਜਾਰੀ ਰਹਿੰਦੀਆਂ ਹਨ ਤਾਂ ਇਲਾਕੇ ਵਿੱਚ ਗਰਮੀ ਦਾ ਪ੍ਰਕੋਪ ਹੋਰ ਘੱਟ ਹੋ ਸਕਦਾ ਹੈ।
ਕਿਸੇ ਦਾ ਕੋਈ ਜਾਨੀ ਮਾਲੀ ਨੁਕਸਾਨ ਨਹੀਂ ਹੋਇਆ
ਸ਼ਾਮ ਤਿਵਾੜੀ, ਬਟਾਲਾ ਪੰਜਾਬੀ ਜਾਗਰਣ ਉਧਰ, ਅੱਜ ਸ਼ਾਮ ਸਮੇਂ ਆਈ ਤੇਜ਼ ਹਨੇਰੀ ਅਤੇ ਬਾਰਿਸ਼ ਨੇ ਬਟਾਲਾ ਸ਼ਹਿਰ ’ਚ ਲੋਕਾਂ ਨੂੰ ਗਰਮੀ ਤੋਂ ਕੁਝ ਰਾਹਤ ਮਹਿਸੂਸ ਕਰਵਾਈ ਹੈ, ਉੱਥੇ ਇਸ ਹਨੇਰੀ ਅਤੇ ਬਾਰਿਸ਼ ਦੇ ਚਲਦਿਆਂ ਸ਼ਹਿਰ ਦੇ ਵੱਖ-ਵੱਖ ਇਲਾਕਿਆਂ ’ਚ ਤਬਾਹੀ ਦੇ ਮੰਜਰ ਵੀ ਦੇਖਣ ਨੂੰ ਮਿਲੇ ਹਨ। ਦੱਸ ਦਈਏ ਕਿ ਇਸ ਤੇਜ ਹਨੇਰੇ ਅਤੇ ਬਾਰਿਸ਼ ਦੇ ਚਲਦਿਆਂ ਸ਼ਹਿਰ ਦੇ ਵੱਖ-ਵੱਖ ਇਲਾਕਿਆਂ ’ਚ ਕੁਝ ਦਰਖਤ ਸੜਕਾਂ ਦੇ ਵਿਚਕਾਰ ਡਿੱਗ ਗਏ , ਉੱਥੇ ਨਾਲ ਹੀ ਬਿਜਲੀ ਦੀਆਂ ਤਾਰਾਂ ਵੀ ਟੁੱਟ ਗਈਆਂ। ਹਾਲਾਕਿ ਰਾਹਤ ਦੀ ਗੱਲ ਇਹ ਰਹੀ ਕਿ ਇਸ ਦੌਰਾਨ ਕਿਸੇ ਦਾ ਕੋਈ ਜਾਨੀ ਮਾਲੀ ਨੁਕਸਾਨ ਨਹੀਂ ਹੋਇਆ।