ਮਾਨਵਤਾ ਦੀ ਸੇਵਾ ਲਈ ਪ੍ਰਕਾਸ਼ ਪੁਰਬ ਦਿਹਾੜੇ ’ਤੇ ਸ੍ਰੀ ਗੁਰੂ ਨਾਨਕ ਦੇਵ ਚੈਰੀਟੇਬਲ ਡਾਇਗਨੋਸਟਿਕ ਸੈਂਟਰ ਖੋਲਿਆ
ਮਾਨਵਤਾ ਦੀ ਸੇਵਾ ਲਈ ਪ੍ਰਕਾਸ਼ ਪੁਰਬ ਦਿਹਾੜੇ ਤੇ ਸ੍ਰੀ ਗੁਰੂ ਨਾਨਕ ਦੇਵ ਚੈਰੀਟੇਬਲ ਡਾਇਗਨੋਸਟਿਕ ਸੈਂਟਰ ਖੋਲਿਆ
Publish Date: Wed, 05 Nov 2025 07:48 PM (IST)
Updated Date: Wed, 05 Nov 2025 07:52 PM (IST)

ਟੀਪੀਐੱਸ ਗਿੱਲ, ਪੰਜਾਬੀ ਜਾਗਰਣ, ਜ਼ੀਰਕਪੁਰ : ਜ਼ੀਰਕਪੁਰ ਅੰਬਾਲਾ ਸੜਕ ’ਤੇ ਸਥਿਤ ਚੌੜਾ ਬਾਜ਼ਾਰ ਵਿਖੇ ਬੁੱਧਵਾਰ ਨੂੰ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਦੇ ਪਵਿੱਤਰ ਦਿਹਾੜੇ ’ਤੇ ਸਮੁੱਚੀ ਮਾਨਵਤਾ ਦੀ ਸੇਵਾ ਲਈ ਸ੍ਰੀ ਗੁਰੂ ਨਾਨਕ ਦੇਵ ਚੈਰੀਟੇਬਲ ਡਾਇਗਨੋਸਟਿਕ ਸੈਂਟਰ ਖੋਲ੍ਹਿਆ ਗਿਆ। ਪ੍ਰਬੰਧਕਾਂ ਅਨੁਸਾਰ ਸੈਂਟਰ ਵਿਚ ਕੀਤੇ ਜਾਣ ਵਾਲੇ ਸਾਰੇ ਟੈਸਟ ਵਾਜਿਵ ਦਰਾਂ ’ਤੇ ਨੋ ਪ੍ਰੌਫਿਟ ਨੋ ਲੌਸ ’ਤੇ ਕੀਤੇ ਜਾਣਗੇ। ਚੈਰੀਟੇਬਲ ਡਾਇਗਨੋਸਟਿਕ ਸੈਂਟਰ ਦੇ ਉਦਘਾਟਨ ਸਮਾਰੋਹ ਦੌਰਾਨ ਹਲਕਾ ਡੇਰਾਬੱਸੀ ਦੇ ਸੀਨੀਅਰ ਭਾਜਪਾ ਆਗੂ ਗੁਰਦਰਸ਼ਨ ਸਿੰਘ ਸੈਣੀ ਨੇ ਵਿਸ਼ੇਸ਼ ਤੌਰ ਤੇ ਸ਼ਿਰਕਤ ਕੀਤੀ। ਇਸ ਸਬੰਧੀ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਭਾਜਪਾ ਆਗੂ ਗੁਰਦਰਸ਼ਨ ਸਿੰਘ ਸੈਣੀ ਨੇ ਦੱਸਿਆ ਕਿ ਅਜਿਹੇ ਚੈਰੀਟੇਬਲ ਸੈਂਟਰਾਂ ਦੀ ਆਪਣੇ ਹਲਕੇ ਨੂੰ ਬਹੁਤ ਵੱਡੇ ਪੱਧਰ ਤੇ ਜਰੂਰਤ ਹੈ। ਉਨ੍ਹਾਂ ਕਿਹਾ ਕਿ ਅਜਿਹੇ ਚੈਰੀਟੇਬਲ ਸੈਂਟਰਾਂ ਸਦਕਾਂ ਲੋੜਵੰਦ ਮਰੀਜ਼ ਉੱਚ ਪੱਧਰ ਦੇ ਟੈਸਟ ਬਹੁਤ ਹੀ ਘੱਟ ਦਰਾਂ ਤੇ ਕਰਵਾਊਦੇ ਹਨ। ਗੁਰਦਰਸ਼ਨ ਸਿੰਘ ਸੈਣੀ ਵੱਲੋਂ ਡਾਕਟਰ ਅਸ਼ਵਨੀ ਬੰਸਲ ਅਤੇ ਪਾਰਸ ਸੂਰੀ ਨੂੰ ਮੁਬਾਰਕਬਾਦ ਦਿੰਦੇ ਹੋਏ ਉਨ੍ਹਾਂ ਵੱਲੋਂ ਕੀਤੇ ਗਏ ਇਸ ਉਪਰਾਲੇ ਦੀ ਭਰਪੁਰ ਸ਼ਲਾਘਾ ਕੀਤੀ। ਇਸ ਤੋਂ ਇਲਾਵਾ ਗੱਲਬਾਤ ਕਰਦੇ ਹੋਏ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਜੋ ਸਿੱਖਿਆ ਅਤੇ ਸਿਹਤ ਨੂੰ ਮੁੱਖ ਰੱਖ ਕੇ ਜਿੱਤ ਹਾਸਿਲ ਕੀਤੀ ਸੀ। ਉਸ ਸਬੰਧੀ ਸਰਕਾਰ ਵੱਲੋਂ ਕੋਈ ਵੀ ਕਦਮ ਨਹੀਂ ਚੁੱਕਿਆ ਜਾ ਰਿਹਾ। ਉਨ੍ਹਾਂ ਕਿਹਾ ਕਿ ਪੰਜਾਬ ਦੀ ਆਮ ਆਦਮੀ ਪਾਰਟੀ ਸਰਕਾਰ ਸਿਰਫ ਵਾਦਿਆਂ ਅਤੇ ਉਦਘਾਟਨਾ ਤੱਕ ਸੀਮਤ ਹੋ ਕੇ ਰਹਿ ਗਈ ਹੈ ਪਿਛਲੇ ਚਾਰ ਸਾਲ ਵਿੱਚ ਇਸ ਸਰਕਾਰ ਵੱਲੋਂ ਕੋਈ ਵੀ ਅਜਿਹੇ ਉਪਰਾਲੇ ਨਹੀਂ ਕੀਤੇ ਗਏ ਹਨ ਜੋ ਆਮ ਜਨਤਾ ਲਈ ਲਾਹੇਵੰਦ ਹੋਣ। ਇਸ ਮੌਕੇ ਹੋਰਨਾਂ ਤੋਂ ਇਲਾਵਾ ਸਤਨਾਮ ਸਿੰਘ, ਹਰਦੀਪ ਸਿੰਘ, ਹਰਪ੍ਰੀਤ ਸਿੰਘ, ਦਵਿੰਦਰ ਸਿੰਘ, ਪੁਸ਼ਪਿੰਦਰ ਮਹਿਤਾ, ਸਨਤ ਭਾਰਦਵਾਜ ਤੋਂ ਇਲਾਵਾ ਸਮੂਹ ਸਟਾਫ ਮੈਂਬਰ ਮੌਜੂਦ ਸਨ।