ਜ਼ੀਰਕਪੁਰ 'ਚ ਤੇਜ਼ ਰਫ਼ਤਾਰ ਦਾ ਕਹਿਰ: ਆਡੀ ਕਾਰ ਨੇ ਵਿਦੇਸ਼ੀ ਲੜਕੀ ਨੂੰ ਮਾਰੀ ਜ਼ੋਰਦਾਰ ਟੱਕਰ, ਮੌਕੇ 'ਤੇ ਮੌਤ
ਜਾਣਕਾਰੀ ਅਨੁਸਾਰ ਇਹ ਹਾਦਸਾ ਦੇਰ ਰਾਤ ਵੀਆਈਪੀ ਰੋਡ 'ਤੇ ਸਥਿਤ ਐੱਮਕੇਅਰ ਹਸਪਤਾਲ ਦੇ ਬਿਲਕੁਲ ਸਾਹਮਣੇ ਵਾਪਰਿਆ। ਚਸ਼ਮਦੀਦਾਂ ਨੇ ਦੱਸਿਆ ਕਿ ਇਕ ਬੇਹੱਦ ਤੇਜ਼ ਰਫ਼ਤਾਰ ਆਡੀ ਕਾਰ ਨੇ ਸੜਕ ਪਾਰ ਕਰ ਰਹੀ ਵਿਦੇਸ਼ੀ ਲੜਕੀ ਨੂੰ ਜ਼ੋਰਦਾਰ ਟੱਕਰ ਮਾਰੀ।
Publish Date: Wed, 11 Mar 2026 10:29 AM (IST)
Updated Date: Wed, 11 Mar 2026 10:35 AM (IST)

ਟੀਪੀਐੱਸ ਗਿੱਲ, ਪੰਜਾਬੀ ਜਾਗਰਣ, ਜ਼ੀਰਕਪੁਰ : ਜ਼ੀਰਕਪੁਰ ਦੀ ਵੀਆਈਪੀ ਰੋਡ 'ਤੇ ਦੇਰ ਰਾਤ ਤੇਜ਼ ਰਫ਼ਤਾਰ ਦਾ ਖ਼ੂਨੀ ਕਹਿਰ ਦੇਖਣ ਨੂੰ ਮਿਲਿਆ, ਜਿੱਥੇ ਇਕ ਬੇਕਾਬੂ ਆਡੀ ਕਾਰ ਨੇ ਪੈਦਲ ਜਾ ਰਹੀ ਵਿਦੇਸ਼ੀ ਲੜਕੀ ਨੂੰ ਜ਼ੋਰਦਾਰ ਟੱਕਰ ਮਾਰ ਦਿੱਤੀ। ਹਾਦਸਾ ਇੰਨਾ ਭਿਆਨਕ ਸੀ ਕਿ ਲੜਕੀ ਦੀ ਮੌਕੇ 'ਤੇ ਹੀ ਦਰਦਨਾਕ ਮੌਤ ਹੋ ਗਈ। ਇਸ ਘਟਨਾ ਤੋਂ ਬਾਅਦ ਇਲਾਕੇ ਵਿਚ ਸਹਿਮ ਦਾ ਮਾਹੌਲ ਹੈ ਅਤੇ ਪੁਲਿਸ ਦੀ ਕਾਰਜਪ੍ਰਣਾਲੀ 'ਤੇ ਵੀ ਸਵਾਲ ਉੱਠ ਰਹੇ ਹਨ। ਜਾਣਕਾਰੀ ਅਨੁਸਾਰ ਇਹ ਹਾਦਸਾ ਦੇਰ ਰਾਤ ਵੀਆਈਪੀ ਰੋਡ 'ਤੇ ਸਥਿਤ ਐੱਮਕੇਅਰ ਹਸਪਤਾਲ ਦੇ ਬਿਲਕੁਲ ਸਾਹਮਣੇ ਵਾਪਰਿਆ। ਚਸ਼ਮਦੀਦਾਂ ਨੇ ਦੱਸਿਆ ਕਿ ਇਕ ਬੇਹੱਦ ਤੇਜ਼ ਰਫ਼ਤਾਰ ਆਡੀ ਕਾਰ ਨੇ ਸੜਕ ਪਾਰ ਕਰ ਰਹੀ ਵਿਦੇਸ਼ੀ ਲੜਕੀ ਨੂੰ ਜ਼ੋਰਦਾਰ ਟੱਕਰ ਮਾਰੀ। ਟੱਕਰ ਇੰਨੀ ਜ਼ਬਰਦਸਤ ਸੀ ਕਿ ਲੜਕੀ ਹਵਾ ਵਿਚ ਕਰੀਬ 14 ਫੁੱਟ ਉੱਪਰ ਉੱਛਲੀ ਅਤੇ ਸੜਕ ਦੇ ਦੂਜੇ ਪਾਸੇ ਜਾ ਡਿੱਗੀ। ਸਰੀਰ 'ਤੇ ਗੰਭੀਰ ਸੱਟਾਂ ਲੱਗਣ ਅਤੇ ਜ਼ਿਆਦਾ ਖ਼ੂਨ ਵਹਿ ਜਾਣ ਕਾਰਨ ਉਸ ਨੇ ਮੌਕੇ 'ਤੇ ਹੀ ਦਮ ਤੋੜ ਦਿੱਤਾ। ਚੰਡੀਗੜ੍ਹ ਦੇ ਸੈਕਟਰ-27 ਨਿਵਾਸੀ ਅਭਿਸ਼ੇਕ ਨੇ ਪੁਲਿਸ ਨੂੰ ਦਿੱਤੇ ਬਿਆਨਾਂ ਵਿਚ ਦੱਸਿਆ ਕਿ ਉਹ ਏਅਰਲਾਈਨ ਟ੍ਰੈਵਲਿੰਗ ਦਾ ਕੰਮ ਕਰਦਾ ਹੈ। ਦੇਰ ਰਾਤ ਉਹ ਆਪਣੀ ਉਜ਼ਬੇਕਿਸਤਾਨੀ ਦੋਸਤ ਮਵਲਯੁਡਾ ਨਾਲ ਐੱਮਕੇਅਰ ਹਸਪਤਾਲ ਵਿਚ ਆਪਣੀ ਜਾਣਕਾਰ ਦਾ ਹਾਲ-ਚਾਲ ਪੁੱਛਣ ਜਾ ਰਿਹਾ ਸੀ। ਜਿਵੇਂ ਹੀ ਉਹ ਹਸਪਤਾਲ ਦੇ ਗੇਟ ਕੋਲ ਸੜਕ ਪਾਰ ਕਰਨ ਲੱਗਾ, ਤਾਂ ਇਕ ਤੇਜ਼ ਰਫ਼ਤਾਰ ਕਾਲੇ ਰੰਗ ਦੀ ਆਡੀ ਕਾਰ ਨੇ ਉਨ੍ਹਾਂ ਨੂੰ ਟੱਕਰ ਮਾਰ ਦਿੱਤੀ। ਅਭਿਸ਼ੇਕ ਮੁਤਾਬਕ ਕਾਰ ਚਾਲਕ ਨੇ ਨਾ ਤਾਂ ਹਾਰਨ ਦਿੱਤਾ ਅਤੇ ਨਾ ਹੀ ਗਤੀ ਘੱਟ ਕੀਤੀ। ਟੱਕਰ ਇੰਨੀ ਭਿਆਨਕ ਸੀ ਕਿ ਮਵਲਯੁਡਾ ਉੱਛਲ ਕੇ ਕਾਫ਼ੀ ਦੂਰ ਜਾ ਕੇ ਡਿੱਗੀ ਅਤੇ ਬੇਹੋਸ਼ ਹੋ ਗਈ। ਅਭਿਸ਼ੇਕ ਨੂੰ ਵੀ ਕਾਫ਼ੀ ਸੱਟਾਂ ਲੱਗੀਆਂ। ਰਾਹਗੀਰਾਂ ਦੀ ਮਦਦ ਨਾਲ ਮਹਿਲਾ ਨੂੰ ਤੁਰੰਤ ਹਸਪਤਾਲ ਲਿਜਾਇਆ ਗਿਆ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਥਾਣਾ ਜ਼ੀਰਕਪੁਰ ਦੀ ਪੁਲਿਸ ਨੇ ਅਭਿਸ਼ੇਕ ਦੇ ਬਿਆਨਾਂ 'ਤੇ ਅਣਪਛਾਤੇ ਆਡੀ ਕਾਰ ਚਾਲਕ ਖ਼ਿਲਾਫ਼ ਲਾਪਰਵਾਹੀ ਨਾਲ ਗੱਡੀ ਚਲਾਉਣ ਦਾ ਮਾਮਲਾ ਦਰਜ ਕਰ ਲਿਆ ਹੈ। ਪੁਲਿਸ ਇਲਾਕੇ ਦੇ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਖੰਗਾਲ ਰਹੀ ਹੈ ਤਾਂ ਜੋ ਦੋਸ਼ੀ ਕਾਰ ਚਾਲਕ ਦੀ ਪਛਾਣ ਕੀਤੀ ਜਾ ਸਕੇ।