ਇਸ ਤੋਂ ਇਲਾਵਾ ਜੀਵਨਜੋਤ ਕੌਰ ਅੰਮ੍ਰਿਤਸਰ ਪੂਰਬੀ, ਗਨੀਵ ਕੌਰ ਮਜੀਠਾ, ਬਲਜਿੰਦਰ ਕੌਰ ਤਲਵੰਡੀ ਸਾਬੋ, ਇੰਦਰਜੀਤ ਕੌਰ ਮਾਨ ਨਕੋਦਰ, ਸਰਵਜੀਤ ਕੌਰ ਮਾਣੂੰਕੇ ਜਗਰਾਓਂ, ਰਜਿੰਦਰਪਾਲ ਕੌਰ ਛੀਨਾ ਲੁਧਿਆਣਾ ਦੱਖਣੀ, ਡਾ. ਅਮਨਦੀਪ ਕੌਰ ਅਰੋੜਾ ਮੋਗਾ, ਨੀਨਾ ਮਿੱਤਲ ਰਾਜਪੁਰਾ, ਅਨਮੋਲ ਗਗਨ ਮਾਨ ਖਰੜ ਅਤੇ ਨਰਿੰਦਰ ਕੌਰ ਭਰਾਜ ਸੰਗਰੂਰ ਤੋਂ ਪੰਜਾਬ ਵਿਧਾਨ ਸਭਾ ਦੇ ਮੈਂਬਰ ਹਨ।

ਕੌਮਾਂਤਰੀ ਮਹਿਲਾ ਦਿਵਸ ਹਰੇਕ ਸਾਲ 8 ਮਾਰਚ ਨੂੰ ਸੰਸਾਰ ਭਰ ਦੇ ਵੱਖ-ਵੱਖ ਖੇਤਰਾਂ ਵਿਚ ਔਰਤਾਂ ਪ੍ਰਤੀ ਸਨਮਾਨ ਤੇ ਪ੍ਰਸ਼ੰਸਾ ਜ਼ਾਹਰ ਕਰਦੇ ਹੋਏ ਔਰਤਾਂ ਦੀਆਂ ਆਰਥਿਕ, ਸਿਆਸੀ ਤੇ ਸਮਾਜਿਕ ਪ੍ਰਾਪਤੀਆਂ ਨੂੰ ਮਨਾਉਣ ਲਈ ਤਿਉਹਾਰ ਵਜੋਂ ਮਨਾਇਆ ਜਾਂਦਾ ਹੈ। ਪੰਜਾਬ ਦੀ ਧਰਤੀ ਨੇ ਵੀ ਅਜਿਹੀਆਂ ਅਣਗਿਣਤ ਧੀਆਂ ਜਨਮੀਆਂ ਹਨ ਜਿਨ੍ਹਾਂ ਨੇ ਸਿੱਖਿਆ, ਖੇਡਾਂ, ਸਿਆਸਤ, ਵਿਗਿਆਨ, ਸਾਹਿਤ, ਸਮਾਜ ਸੇਵਾ, ਫੌਜ ਤੇ ਉਦਯੋਗ ਸਣੇ ਅਨੇਕਾਂ ਖੇਤਰਾਂ ਵਿਚ ਇਤਿਹਾਸਕ ਪ੍ਰਾਪਤੀਆਂ ਦਰਜ ਕਰਵਾਈਆਂ ਹਨ। ਜੇ ਪੰਜਾਬ ਦੇ ਰਾਜਨੀਤਕ ਖੇਤਰ ਦੀ ਗੱਲ ਕੀਤੀ ਜਾਵੇ ਤਾਂ ਰਜਿੰਦਰ ਕੌਰ ਭੱਠਲ ਪੰਜਾਬ ਦੇ ਮੁੱਖ ਮੰਤਰੀ ਰਹੇ, ਪ੍ਰਨੀਤ ਕੌਰ ਦੇਸ਼ ਦੇ ਕੇਂਦਰੀ ਰਾਜ ਮੰਤਰੀ, ਹਰਸਿਮਰਨ ਕੌਰ ਬਾਦਲ ਕੇਂਦਰੀ ਮੰਤਰੀ ਰਹੇ। ਪੰਜਾਬ ਵਿਚ ਇਸ ਸਮੇਂ ਡਾ. ਬਲਜੀਤ ਕੌਰ ਪੰਜਾਬ ਕੈਬਨਿਟ ਦੇ ਮੰਤਰੀ ਹਨ। ਇਸ ਤੋਂ ਇਲਾਵਾ ਜੀਵਨਜੋਤ ਕੌਰ ਅੰਮ੍ਰਿਤਸਰ ਪੂਰਬੀ, ਗਨੀਵ ਕੌਰ ਮਜੀਠਾ, ਬਲਜਿੰਦਰ ਕੌਰ ਤਲਵੰਡੀ ਸਾਬੋ, ਇੰਦਰਜੀਤ ਕੌਰ ਮਾਨ ਨਕੋਦਰ, ਸਰਵਜੀਤ ਕੌਰ ਮਾਣੂੰਕੇ ਜਗਰਾਓਂ, ਰਜਿੰਦਰਪਾਲ ਕੌਰ ਛੀਨਾ ਲੁਧਿਆਣਾ ਦੱਖਣੀ, ਡਾ. ਅਮਨਦੀਪ ਕੌਰ ਅਰੋੜਾ ਮੋਗਾ, ਨੀਨਾ ਮਿੱਤਲ ਰਾਜਪੁਰਾ, ਅਨਮੋਲ ਗਗਨ ਮਾਨ ਖਰੜ ਅਤੇ ਨਰਿੰਦਰ ਕੌਰ ਭਰਾਜ ਸੰਗਰੂਰ ਤੋਂ ਪੰਜਾਬ ਵਿਧਾਨ ਸਭਾ ਦੇ ਮੈਂਬਰ ਹਨ।
ਪ੍ਰਸ਼ਾਸਨਕ ਖੇਤਰ ਵਿੱਚ ਕੇਂਦਰ ਸਰਕਾਰ ਵਿਚ ਲੁਧਿਆਣਾ ਤੋਂ ਅਮਨਪ੍ਰੀਤ ਦੀਕਸ਼ਤ ਜੋ ਕਿ 2010 ਬੈਚ ਦੇ ਆਈਆਰਐੱਸ ਅਧਿਕਾਰੀ ਹਨ ਅਤੇ ਉਹ ਇਸ ਵੇਲੇ ਭਾਰਤ ਸਰਕਾਰ ਵਿਚ ਐਡੀਸ਼ਨਲ ਡਾਇਰੈਕਟਰ ਆਮਦਨ ਕਰ ਵਿਭਾਗ ਵਿਚ ਸੇਵਾਵਾਂ ਨਿਭਾਅ ਰਹੇ ਹਨ। ਉਹਨਾਂ ਨੇ ਕੋਵਿਡ 19 ਮਹਾਂਮਾਰੀ ਦੌਰਾਨ ਪੂਰੇ ਭਾਰਤ ਵਿਚ ਔਰਤਾਂ ਤੱਕ ਸੈਨੀਟਰੀ ਨੈਪਕਿਨ ਪਹੁੰਚਾਉਣ ਵਿਚ ਮਹੱਤਵਪੂਰਨ ਯੋਗਦਾਨ ਪਾਇਆ ਸੀ ਅਤੇ ਉਨ੍ਹਾਂ ਨੂੰ ਭਾਰਤ ਵਿਚ ਪੈਡ-ਵੂਮੈਨ ਦੇ ਤੌਰ ’ਤੇ ਜਾਣਿਆ ਜਾਂਦਾ ਹੈ। ਇਸ ਲਈ ਉਨ੍ਹਾਂ ਨੂੰ ਕਈ ਸਰਕਾਰੀ ਤੇ ਗੈਰ-ਸਰਕਾਰੀ ਸੰਸਥਾਵਾਂ ਵੱਲੋਂ ਸਨਮਾਨਿਤ ਕੀਤਾ ਗਿਆ ਹੈ।
ਡਾ. ਇੰਦਰਜੀਤ ਕੌਰ 1992 ਤੋਂ ਆਲ ਇੰਡੀਆ ਪਿੰਗਲਵਾੜਾ ਚੈਰੀਟੇਬਲ ਸੁਸਾਇਟੀ ਅੰਮ੍ਰਿਤਸਰ ਦੇ ਪੈਟਰਨ–ਪ੍ਰਧਾਨ ਹਨ। ਉਨ੍ਹਾਂ ਦੀ ਯੋਗ ਅਗਵਾਈ ਹੇਠ ਪਿੰਗਲਵਾੜਾ ਅੱਜ ਇਹ ਸੰਸਥਾ ਐਡਜ਼ ਅਤੇ ਨਸ਼ਿਆਂ ਵਰਗੀਆਂ ਸਮੱਸਿਆਵਾਂ ਨਾਲ ਵੀ ਨਜਿੱਠ ਰਹੀ ਹੈ ਅਤੇ ਗਰੀਬ ਤੇ ਪੱਛੜੇ ਵਰਗਾਂ ਲਈ ਮੁਫ਼ਤ ਸਿੱਖਿਆ ਦੀ ਸਹੂਲਤ ਪ੍ਰਦਾਨ ਕਰ ਰਹੀ ਹੈ।
ਪੰਜਾਬ ਵਿਚ ਸਾਬਕਾ ਆਈਏਐੱਸ ਵਿੰਨੀ ਮਹਾਜਨ ਪੰਜਾਬ ਦੇ ਮਹਿਲਾ ਮੁੱਖ ਸਕਤਰ ਰਹੇ ਹਨ, ਅਨੇਕਾਂ ਆਈਏਐੱਸ ਔਰਤਾਂ ਪੰਜਾਬ ਸਰਕਾਰ ਵਿਚ ਵਿਸ਼ੇਸ਼ ਜ਼ਿੰਮੇਵਾਰੀਆਂ ਨਿਭਾਅ ਰਹੀਆਂ ਹਨ, ਜਿਨਾਂ ’ਚ ਵਧੀਕ ਮੁੱਖ ਸਕੱਤਰ ਤੱਕ ਦੇ ਅਹੁਦੇ ਵੀ ਸ਼ਾਮਲ ਹਨ। ਪੰਜਾਬ ਦੇ ਲਗਭਗ ਅੱਧੀ ਦਰਜਨ ਤੋਂ ਵੱਧ ਜ਼ਿਲ੍ਹਿਆਂ ਵਿਚ ਡੀਸੀ ਤੇ ਐੱਸਐੱਸਪੀ ਦੇ ਅਹੁਦਿਆਂ ਤੇ ਔਰਤਾਂ ਤਾਇਨਾਤ ਹਨ। ਮਹਿਲਾ ਆਈਏਐੱਸ ਅਧਿਕਾਰੀਆਂ ਵਿਚ ਪੂਨਮਦੀਪ ਕੌਰ ਫਰੀਦਕੋਟ, ਡਾਕਟਰ ਸੋਨਾ ਥਿੰਦ ਸ੍ਰੀ ਫਤਿਹਗੜ੍ਹ ਸਾਹਿਬ, ਦੀਪਸ਼ਿਖਾ ਸ਼ਰਮਾ ਫਿਰੋਜ਼ਪੁਰ, ਅਮਨਪ੍ਰੀਤ ਕੌਰ ਸੰਧੂ ਫਾਜ਼ਿਲਕਾ, ਅਸ਼ਿਕਾ ਜੈਨ ਹੁਸ਼ਿਆਰਪੁਰ, ਡਾ. ਨਵਜੋਤ ਕੌਰ ਮਾਨਸਾ ਅਤੇ ਡਾ. ਪੱਲਵੀ ਪਠਾਨਕੋਟ ਵਿਚ ਬਤੌਰ ਡਿਪਟੀ ਕਮਿਸ਼ਨਰ ਸੇਵਾਵਾਂ ਨਿਭਾਅ ਰਹੇ ਹਨ।
ਮਹਿਲਾ ਆਈਪੀਐੱਸ ਅਧਿਕਾਰੀਆਂ ਵਿਚ ਗੁਰਪ੍ਰੀਤ ਕੌਰ ਦਿਓ ਵਿਸ਼ੇਸ਼ ਡੀਜੀਪੀ ਸਮੁਦਾਇ ਮਾਮਲੇ ਡਿਵੀਜ਼ਨ ਤੇ ਇਸਤਰੀ ਮਾਮਲੇ ਤੇ ਰਾਜ ਮਨੁੱਖੀ ਅਧਿਕਾਰ ਕਮਿਸ਼ਨ, ਅਨੀਤਾ ਵਿਸ਼ੇਸ਼ ਡੀਜੀਪੀ ਕਮ ਡਾਇਰੈਕਟਰ ਪੀਪੀਏ ਫਿਲੌਰ, ਧੰਨਪ੍ਰੀਤ ਕੌਰ ਕਮਿਸ਼ਨਰ ਜਲੰਧਰ ਹਨ।
ਡਾ. ਹਰਪ੍ਰੀਤ ਕੌਰ ਗਤੀਸ਼ੀਲ ਮੀਡੀਆ ਮਾਹਰ ਤੇ ਕਾਰੋਬਾਰੀ ਮਹਿਲਾ ਹਨ। ਉਹ ਮੰਨਦੇ ਹਨ ਕਿ ਸਸ਼ਕਤ ਔਰਤਾਂ ਦੁਨੀਆਂ ਨੂੰ ਵੀ ਸਸ਼ਕਤ ਬਣਾਉਂਦੀਆਂ ਹਨ। ਪੰਜਾਬ ਦੇ ਸਰਬਪੱਖੀ ਵਿਕਾਸ ਅਤੇ ਆਰਥਿਕਤਾ ਨੂੰ ਮਜ਼ਬੂਤ ਕਰਨ ਵਿਚ ਯੋਗਦਾਨ ਪਾ ਰਹੀ ਪਾਵਰਕਾਮ ’ਚ ਵੀ ਔਰਤਾਂ ਵਡਮੁੱਲਾ ਯੋਗਦਾਨ ਪਾ ਰਹੀਆਂ ਹਨ। ਇੰਜੀ. ਹਰਸ਼ਰਨ ਕੌਰ ਤ੍ਰੇਹਨ ਪਾਵਰਕਾਮ ਵਿਚ ਡਾਇਰੈਕਟਰ ਵਣਜ ਦੇ ਅਹੁਦੇ ’ਤੇ ਤਾਇਨਾਤ ਹਨ। ਇੰਜੀ. ਹਰਮੋਹਨ ਕੌਰ ਪਾਵਰਕਾਮ ਵਿਚ ਬਤੌਰ ਮੁੱਖ ਇੰਜੀਨੀਅਰ ਏਆਰਆਰ ਐਂਡ ਟੀਆਰ ਵਜੋਂ ਸੇਵਾਵਾਂ ਨਿਭਾਅ ਰਹੇ ਹਨ। ਇੰਜੀ. ਹਰਮੋਹਨ ਕੌਰ ਪਾਵਰਕਾਮ ਦੀ ਪਹਿਲੀ ਮਹਿਲਾ ਇੰਜੀਨੀਅਰ ਹਨ ਜਿਨ੍ਹਾਂ ਨੇ ਵਿਦੇਸ਼ਾਂ ਵਿਚ ਸਿਖਲਾਈ ਲਈ ਹੈ। ਉਹ ਥਰਮਲ ਮਾਹਰ ਵਜੋਂ ਜਾਣੇ ਜਾਂਦੇ ਹਨ।
ਅਰਪਿਤਾ ਠਾਕੁਰ ਨੇ ਪੰਜਾਬ ਇੰਜੀਨੀਅਰਿੰਗ ਕਾਲਜ ਤੋਂ ਬੀਈ (ਇਲੈਕਟ੍ਰਿਕਲ ਇੰਜੀਨੀਅਰਿੰਗ) ਵਿੱਚ ਗ੍ਰੈਜੂਏਸ਼ਨ ਕੀਤੀ ਹੈ। ਉਨ੍ਹਾਂ ਨੇ 1995 ਵਿਚ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ ਵਿਚ ਸਹਾਇਕ ਇੰਜੀਨੀਅਰ ਵਜੋਂ ਸੇਵਾ ਸ਼ੁਰੂ ਕੀਤੀ। ਉਨ੍ਹਾਂ ਨੂੰ 2007 ਵਿਚ ਕਾਰਜਕਾਰੀ ਇੰਜੀਨੀਅਰ ਅਤੇ 2020 ਵਿੱਚ ਸੁਪਰਟੈਂਡਿੰਗ ਇੰਜੀਨੀਅਰ ਵਜੋਂ ਤਰੱਕੀ ਮਿਲੀ। ਆਪਣੇ ਕਰੀਅਰ ਦੌਰਾਨ ਉਨ੍ਹਾਂ ਨੇ ਡਿਜ਼ਾਈਨ, ਖਰੀਦਦਾਰੀ (ਪ੍ਰੋਕਿਊਰਮੈਂਟ), ਬਿਲਿੰਗ, ਪਾਵਰ ਪਰਚੇਜ਼ ਅਗਰੀਮੈਂਟਸ, ਕਮਰਸ਼ੀਅਲ ਕੰਮਕਾਜ, ਹਾਈਡਲ ਪ੍ਰੋਜੈਕਟਾਂ ਦੀ ਆਪ੍ਰੇਸ਼ਨ ਅਤੇ ਮੈਨਟੇਨੈਂਸ ਅਤੇ ਮੈਟੀਰੀਅਲ ਸਰਵਿਸਿਜ਼ ਨਾਲ ਸੰਬੰਧਤ ਵੱਖ-ਵੱਖ ਜ਼ਿੰਮੇਵਾਰੀਆਂ ਨਿਭਾਈਆਂ ਹਨ।
ਪੰਜਾਬ ਵਿੱਚ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ ਦੇ ਸਭ ਤੋਂ ਵੱਡੇ ਸੰਚਾਲਣ ਦੱਖਣੀ ਜ਼ੋਨ ਵਿੱਚ ਇਸ ਸਮੇਂ ਇੰਜੀ. ਅਰਪਿਤਾ ਠਾਕੁਰ ਪਟਿਆਲਾ ਵਿਖੇ ਬਤੌਰ ਨਿਗਰਾਨ ਇੰਜੀਨੀਅਰ ਹੈੱਡਕੁਆਰਟਰ ਦੱਖਣ ਸੰਚਾਲਨ ਜ਼ੋਨ ਤਾਇਨਾਤ ਹਨ। ਇੰਜੀ. ਆਰਕੇ ਮਿੱਤਲ ਮੁੱਖ ਇੰਜੀਨੀਅਰ ਦੱਖਣ ਨੇ ਦੱਸਿਆ ਕਿ ਇੰਜੀ. ਅਰਪਿਤਾ ਠਾਕੁਰ ਇਮਾਨਦਾਰ, ਮਿਹਨਤੀ ਤੇ ਲਗਨ ਨਾਲ ਕੰਮ ਕਰਨ ਵਾਲੇ ਦ੍ਰਿੜ੍ਹ ਇਰਾਦੇ ਵਾਲੇ ਮਹਿਲਾ ਇੰਜੀਨੀਅਰ ਅਧਿਕਾਰੀ ਹਨ।
ਸੀਐੱਮਏ ਮੋਨਿਕਾ ਪਾਵਰਕਾਮ ਵਿਚ ਚੀਫ ਅਕਾਊਂਟਸ ਅਫਸਰ ਟੂ ਡਾਇਰੈਕਟਰ ਫਾਇਨਾਂਸ ਵਜੋਂ ਸੇਵਾਵਾਂ ਨਿਭਾਅ ਰਹੇ ਹਨ। ਉਨ੍ਹਾਂ ਦੇ ਕੰਮਕਾਜ ਵਿਚ ਪਾਰਦਰਸ਼ਤਾ ਆਪਣੇ ਆਪ ’ਚ ਪ੍ਰਤੀਤ ਹੁੰਦੀ ਹੈ।
ਇੰਜੀ. ਰਾਜਿੰਦਰ ਕੌਰ ਗਿੱਲ ਅੱਜਕੱਲ੍ਹ ਪਾਵਰਕਾਮ ਵਿਚ ਕੇਂਦਰੀ ਭੰਡਾਰ ਫਿਰੋਜ਼ਪੁਰ ਵਿਖੇ ਵਧੀਕ ਨਿਗਰਾਨ ਇੰਜੀਨੀਅਰ ਵਜੋਂ ਸੇਵਾਵਾਂ ਨਿਭਾਅ ਰਹੇ ਹਨ। ਉਨ੍ਹਾਂ ਪਾਵਰਕਾਮ ਵਿਚ ਲਗਭਗ 18 ਸਾਲ ਦੀ ਸੇਵਾ ਦੌਰਾਨ ਵਧੇਰੇ ਸੇਵਾ ਪੀ ਐਂਡ ਐੱਮ, ਸਟੋਰ ਤੇ ਵੱਖੋ-ਵੱਖਰੇ ਸੰਚਾਲਨ ਹਲਕਿਆਂ ਵਿਚ ਬਤੌਰ ਸੀਨੀਅਰ ਕਾਰਜਕਾਰੀ ਇੰਜੀਨੀਅਰ ਤਕਨੀਕੀ ਦੀ ਸੇਵਾ ਕੀਤੀ। ਉਨ੍ਹਾਂ ਨੇ ਆਪਣੀ ਸੇਵਾ ਨਿਭਾਉਦਿਆਂ ਕਦੇ ਵੀ ਡਿਊਟੀ ਦੌਰਾਨ ਔਰਤ ਹੋਣ ਦਾ ਬਹਾਨਾ ਨਹੀ ਬਣਾਇਆ ਸਗੋਂ ਮਰਦ ਇੰਜੀਨੀਅਰ ਅਫਸਰਾਂ ਵਾਂਗ ਰਾਤਾਂ ਨੂੰ ਵੀ 66 ਕੇਵੀ ਲਾਈਨਾਂ-ਗਰਿੱਡਾਂ ’ਤੇ ਦੌਰੇ ਕਰ ਕੇ ਆਪਣੀ ਹਾਜ਼ਰੀ ਵਿਚ ਬਿਜਲੀ ਖਪਤਕਾਰਾਂ ਨੂੰ ਬਿਜਲੀ ਸਪਲਾਈ ਵਿਚ ਵਿਘਨ ਪੈ ਰਹੇ ਤਕਨੀਕੀ ਨੁਕਸ ਦੂਰ ਕਰਵਾਉਂਦੇ ਰਹੇ। ਉਨ੍ਹਾਂ ਨੂੰ ਸਾਲ 2015 ਵਿਚ ਆਜ਼ਾਦੀ ਦਿਵਸ ਜਸ਼ਨਾਂ ’ਚ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ ਦੇ ਮੁੱਖ ਦਫਤਰ ਪਟਿਆਲਾ ਵਿਖੇ ਸਨਮਾਨਿਤ ਕੀਤਾ ਗਿਆ। ਇੰਜੀ. ਮਨਦੀਪ ਕੌਰ ਨਿਗਰਾਨ ਇੰਜੀਨੀਅਰ ਪਲਾਨਿੰਗ, ਇੰਜੀ. ਸੁਖਚੈਨ ਕੌਰ ਬਤੌਰ ਐੱਸਡੀਓ ਮਾਡਲ ਟਾਊਨ ਪਟਿਆਲਾ ਵਿਖੇ ਬਿਜਲੀ ਖਪਤਕਾਰਾਂ ਨੂੰ ਸਮਰਪਿਤ ਸੇਵਾਵਾਂ ਨਿਭਾਅ ਰਹੇ ਹਨ। ਡਾ. ਰਤਿੰਦਰ ਕੌਰ, ਸਕੂਲ ਆਫ ਮੈਨੇਜਮੈਂਟ ਸਟਡੀਜ਼, ਪੰਜਾਬੀ ਯੂਨੀਵਰਸਿਟੀ ਪਟਿਆਲਾ ਦੀ ਪ੍ਰਸਿੱਧ ਅਕਾਦਮਿਕ ਅਤੇ ਉਦਯੋਗਤਾ ਮਾਰਗਦਰਸ਼ਕ ਵਜੋਂ ਖੇਤਰ ਵਿਚ ਜਾਣੀ-ਮਾਣੀ ਸ਼ਖਸੀਅਤ ਹਨ।
ਅਰਜੁਨ ਐਵਾਰਡੀ ਮਨਜੀਤ ਕੌਰ ਇਸ ਵੇਲੇ ਜ਼ਿਲ੍ਹਾ ਜਲੰਧਰ ਦਿਹਾਤੀ ਵਿਚ ਐੱਸਪੀ ਵਜੋਂ ਤਾਇਨਾਤ ਹਨ। ਉਨ੍ਹਾਂ ਨੇ 2002 ਤੋਂ 2010 ਤੱਕ 31 ਅੰਤਰਰਾਸ਼ਟਰੀ ਖੇਡ ਮੁਕਾਬਲਿਆਂ ਜਿਨ੍ਹਾਂ ਵਿਚ ਓਲੰਪਿਕਸ ਗੇਮਸ ਅਤੇ ਏਸ਼ੀਅਨ ਗੇਮਸ ਸ਼ਾਮਲ ਹਨ, ਵਿਚ ਹਿੱਸਾ ਲਿਆ ਜਿਹਨਾਂ ਵਿਚੋਂ 23 ਖੇਡ ਮੁਕਾਬਲਿਆਂ ’ਚ ਉਹਨਾਂ ਨੇ ਗੋਲਡ ਮੈਡਲ ਜਿੱਤਿਆ। ਉਨ੍ਹਾਂ ਨੇ 2004 ਅਤੇ 2008 ਦੀਆਂ ਓਲੰਪਿਕ ਖੇਡਾਂ ਵਿਚ ਵੀ ਹਿੱਸਾ ਲਿਆ ਸੀ ਜੋ ਏਥਨਜ਼ ਤੇ ਬੀਜਿੰਗ ਵਿਚ ਹੋਈਆਂ ਸਨ। ਏਸ਼ੀਆਈ ਖੇਡਾਂ ਵਿਚ 400 ਮੀਟਰ ਦੌੜ ਦੌਰਾਨ ਉਨ੍ਹਾਂ ਦਾ 51.05 ਸਕਿੰਟ ਦਾ ਰਿਕਾਰਡ ਅੱਜ ਤੱਕ ਅਟੁੱਟ ਹੈ।
ਪਾਵਰਕਾਮ ਦੀ ਸੀਨੀਅਰ ਸਪੋਰਟਸ ਅਫਸਰ ਮਾਧੁਰੀ ਸਕਸੈਨਾ ਨੇ ਏਸ਼ੀਆ ਖੇਡਾਂ ਵਿਚ ਭਾਰਤ ਲਈ ਸੋਨੇ ਦਾ ਮੈਡਲ ਜਿੱਤਿਆ। ਇਸ ਤੋਂ ਇਲਾਵਾ ਉਨ੍ਹਾਂ ਦੀ ਬੇਟੀ ਇਸ ਵੇਲੇ ਉਹ ਵੀ ਵੱਡੇ ਪੱਧਰ ਤੇ ਖਿਡਾਰੀ ਹਨ ਅਤੇ ਉਹਨਾਂ ਨੇ ਵੀ ਦੇਸ਼ ਦੇ ਲਈ ਨਾਮਣਾ ਖੱਟਿਆ ਹੈ ਇਸ ਤੋਂ ਇਲਾਵਾ ਪੰਜਾਬ ਦੀ ਹਰਮਨਪ੍ਰੀਤ ਕੌਰ ਕੌਰ ਜੋ ਭਾਰਤੀ ਕ੍ਰਿਕਟ ਟੀਮ ਦੀ ਕਪਤਾਨ ਹੈ, ਨੇ ਵੀ ਕ੍ਰਿਕਟ ਦੀ ਖੇਡ ਵਿਚ ਵੱਡਾ ਯੋਗਦਾਨ ਪਾਇਆ ਹੈ।
ਪੰਜਾਬ ਵਿੱਚ ਪੱਤਰਕਾਰਤਾ ਦੇ ਖੇਤਰ ਵਿਚ ਵੀ ਔਰਤਾਂ ਦਾ ਵਡਮੁੱਲਾ ਯੋਗਦਾਨ ਹੈ, ਜਿਨ੍ਹਾਂ ਵਿਚ ਮਨਰਾਜ ਗਰੇਵਾਲ ਸ਼ਰਮਾ ਰੈਜੀਡੈਂਟ ਐਡੀਟਰ ਦਿ ਇੰਡੀਅਨ ਐਕਸਪ੍ਰੈੱਸ, ਅਰਵਿੰਦਰਪਾਲ ਕੌਰ ਜੌਹਲ ਸੰਪਾਦਕ ਪੰਜਾਬੀ ਟ੍ਰਿਬਿਊਨ, ਸਰਵਿੰਦਰ ਕੌਰ ਸੀਈਓ ਅਜੀਤ, ਗੁਰਜੋਤ ਕੌਰ ਸੀਨੀਅਰ ਕਾਰਜਕਾਰੀ ਅਜੀਤ, ਡਾ. ਇੰਦਰਪ੍ਰੀਤ ਕੌਰ ਰੋਜ਼ਾਨਾ ਚੜ੍ਹਦੀ ਕਲਾ, ਜਗਜੀਤ ਕੌਰ ਮੈਨੇਜਿੰਗ ਐਡੀਟਰ ਸਪੋਕਸਮੈਨ, ਨਿਮਰਤ ਕੌਰ ਮੈਨੇਜਿੰਗ ਐਡੀਟਰ ਰੋਜ਼ਾਨਾ ਸਪੋਕਸਮੈਨ, ਕੁਸਮ ਅਰੋੜਾ ਪੱਤਰਕਾਰ ਦਿ ਵਾਇਰ, ਅੰਜੂ ਅਗਨੀਹੋਤਰੀ ਪੱਤਰਕਾਰ ਦਿ ਇੰਡੀਅਨ ਐਕਸਪ੍ਰੈੱਸ, ਨੇਹਾ ਸ਼ਰਮਾ ਪੱਤਰਕਾਰ ਪੀਟੀਆਈ (ਵੀਡੀਓ), ਦੀਪ ਕਮਲ ਕੌਰ ਦਿ ਟ੍ਰਿਬਿਊਨ, ਰੁਚਿਕਾ ਐੱਮ ਖੰਨਾ ਦਿ ਟ੍ਰਿਬਿਊਨ, ਕੰਚਨ ਵਾਸਦੇਵ ਪੱਤਰਕਾਰ ਇੰਡੀਅਨ ਐਕਸਪ੍ਰੈੱਸ ਅਤੇ ਚਤਲੀਨ ਕੌਰ ਸੇਠੀ ਸੀਨੀਅਰ ਐਸੋਸੀਏਟ ਸੰਪਾਦਕ ਦਿ ਪ੍ਰਿੰਟ ਨਿਡਰਤਾ ਤੇ ਆਪਣੀ ਕਲਮ ਨਾਲ ਸਮਾਜ ਦੀ ਭਲਾਈ ਵਿਚ ਯੋਗਦਾਨ ਪਾ ਰਹੇ ਹਨ।
-ਮਨਮੋਹਨ ਸਿੰਘ
ਲੋਕ ਸੰਪਰਕ ਸਲਾਹਕਾਰ
ਉਪ ਸਕੱਤਰ ਲੋਕ ਸੰਪਰਕ ਵਿਭਾਗ (ਸੇਵਾਮੁਕਤ), ਪਾਵਰਕਾਮ
ਫੋਨ 8437725172