ਚੰਡੀਗੜ੍ਹ 'ਚ ਰਿਟਾਇਰਡ ਇੰਸਪੈਕਟਰ ਦੇ ਪੁੱਤਰ ਨੂੰ ਉਮਰਕੈਦ ਦੀ ਸਜ਼ਾ, ਪੀਜੀ 'ਚ ਵੜ ਕੇ ਗਰਲਫ੍ਰੈਂਡ ਤੇ ਉਸ ਦੀ ਭੈਣ ਦਾ ਕੀਤਾ ਸੀ ਕਤਲ
ਫਾਜ਼ਿਲਕਾ ਦੀ ਰਹਿਣ ਵਾਲੀ ਮਨਪ੍ਰੀਤ ਅਤੇ ਰਾਜਵੰਤ ਕੌਰ ਚੰਡੀਗੜ੍ਹ ਦੇ ਸੈਕਟਰ-22 'ਚ ਇਕ ਪੀਜੀ ਵਿਚ ਰਹਿੰਦੀਆਂ ਸਨ। ਮਨਪ੍ਰੀਤ ਅਤੇ ਕੁਲਦੀਪ ਪਹਿਲਾਂ ਇਕੱਠੇ ਨੌਕਰੀ ਕਰਦੇ ਸਨ ਅਤੇ ਦੋਵਾਂ ਵਿਚਾਲੇ ਚੰਗੀ ਦੋਸਤੀ ਸੀ। ਕੁਲਦੀਪ ਮਨਪ੍ਰੀਤ ਨਾਲ ਵਿਆਹ ਕਰਨਾ ਚਾਹੁੰਦਾ ਸੀ, ਪਰ ਬਾਅਦ ਵਿੱਚ ਦੋਵਾਂ ਵਿਚਾਲੇ ਵਿਵਾਦ ਹੋ ਗਿਆ ਸੀ।
Publish Date: Mon, 09 Feb 2026 02:44 PM (IST)
Updated Date: Mon, 09 Feb 2026 02:46 PM (IST)
ਰਵੀ ਅਟਵਾਲ, ਚੰਡੀਗੜ੍ਹ : ਪੀਜੀ 'ਚ ਵੜ ਕੇ ਆਪਣੀ ਗਰਲਫ੍ਰੈਂਡ ਅਤੇ ਉਸ ਦੀ ਭੈਣ ਨੂੰ ਚਾਕੂਆਂ ਨਾਲ ਗੋਦ ਕੇ ਕਤਲ ਕਰਨ ਵਾਲੇ ਦੋਸ਼ੀ ਨੂੰ ਜ਼ਿਲ੍ਹਾ ਅਦਾਲਤ ਨੇ ਉਮਰਕੈਦ ਦੀ ਸਜ਼ਾ ਸੁਣਾਈ ਹੈ। ਦੋਸ਼ੀ ਕੁਲਦੀਪ ਸਿੰਘ ਜ਼ੀਰਕਪੁਰ ਦਾ ਰਹਿਣ ਵਾਲਾ ਹੈ ਅਤੇ ਉਸ ਦੇ ਪਿਤਾ ਚੰਡੀਗੜ੍ਹ ਪੁਲਿਸ ਤੋਂ ਰਿਟਾਇਰਡ ਇੰਸਪੈਕਟਰ ਹਨ। ਇਹ ਵਾਰਦਾਤ ਸੱਤ ਸਾਲ ਪਹਿਲਾਂ 15 ਅਗਸਤ ਦੇ ਦਿਨ ਹੋਈ ਸੀ ਤੇ ਉਦੋਂ ਤੋਂ ਹੀ ਕੁਲਦੀਪ ਜੇਲ੍ਹ 'ਚ ਬੰਦ ਹੈ।
ਫਾਜ਼ਿਲਕਾ ਦੀ ਰਹਿਣ ਵਾਲੀ ਮਨਪ੍ਰੀਤ ਅਤੇ ਰਾਜਵੰਤ ਕੌਰ ਚੰਡੀਗੜ੍ਹ ਦੇ ਸੈਕਟਰ-22 'ਚ ਇਕ ਪੀਜੀ ਵਿਚ ਰਹਿੰਦੀਆਂ ਸਨ। ਮਨਪ੍ਰੀਤ ਅਤੇ ਕੁਲਦੀਪ ਪਹਿਲਾਂ ਇਕੱਠੇ ਨੌਕਰੀ ਕਰਦੇ ਸਨ ਅਤੇ ਦੋਵਾਂ ਵਿਚਾਲੇ ਚੰਗੀ ਦੋਸਤੀ ਸੀ। ਕੁਲਦੀਪ ਮਨਪ੍ਰੀਤ ਨਾਲ ਵਿਆਹ ਕਰਨਾ ਚਾਹੁੰਦਾ ਸੀ, ਪਰ ਬਾਅਦ ਵਿੱਚ ਦੋਵਾਂ ਵਿਚਾਲੇ ਵਿਵਾਦ ਹੋ ਗਿਆ ਸੀ।
ਵਾਰਦਾਤ ਵਾਲੇ ਦਿਨ ਕੁਲਦੀਪ ਜ਼ਬਰਦਸਤੀ ਪੀਜੀ 'ਚ ਵੜ ਗਿਆ ਤੇ ਮਨਪ੍ਰੀਤ ਨਾਲ ਕਾਫੀ ਬਹਿਸ ਕੀਤੀ। ਇਸ ਤੋਂ ਬਾਅਦ ਉਸ ਨੇ ਮਨਪ੍ਰੀਤ 'ਤੇ ਚਾਕੂ ਨਾਲ ਹਮਲਾ ਕਰ ਦਿੱਤਾ। ਬਚਾਅ ਕਰਨ ਆਈ ਉਸ ਦੀ ਛੋਟੀ ਭੈਣ ਦਾ ਵੀ ਕੁਲਦੀਪ ਨੇ ਚਾਕੂ ਮਾਰ ਕੇ ਕਤਲ ਕਰ ਦਿੱਤਾ।
ਵਾਰਦਾਤ ਤੋਂ ਬਾਅਦ ਕੁਲਦੀਪ ਮੌਕੇ ਤੋਂ ਫ਼ਰਾਰ ਹੋ ਗਿਆ ਸੀ। ਪੁਲਿਸ ਨੂੰ ਪੀਜੀ ਵਿੱਚ ਲੱਗੇ ਸੀਸੀਟੀਵੀ (CCTV) ਕੈਮਰਿਆਂ ਤੋਂ ਦੋਸ਼ੀ ਦਾ ਪਤਾ ਲੱਗਾ ਸੀ। ਉਹ ਸਵੇਰੇ ਪੰਜ ਵੱਜ ਕੇ ਨੌਂ ਮਿੰਟ 'ਤੇ ਪੀਜੀ ਵਿੱਚ ਦਾਖਲ ਹੋਇਆ ਸੀ ਅਤੇ ਕਰੀਬ 12 ਮਿੰਟ ਬਾਅਦ ਬਾਹਰ ਨਿਕਲ ਕੇ ਭੱਜ ਗਿਆ ਸੀ। ਵਾਰਦਾਤ ਦੇ ਅਗਲੇ ਹੀ ਦਿਨ ਚੰਡੀਗੜ੍ਹ ਪੁਲਿਸ ਨੇ ਉਸ ਨੂੰ ਨਵੀਂ ਦਿੱਲੀ ਰੇਲਵੇ ਸਟੇਸ਼ਨ ਤੋਂ ਗ੍ਰਿਫਤਾਰ ਕਰ ਲਿਆ ਸੀ।