- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਉੱਧਰ ਜਾਂਚ ਵਿੱਚ ਇਹ ਵੀ ਸਾਹਮਣੇ ਆਇਆ ਹੈ ਕਿ ਫਰਾਰ ਚੱਲ ਰਿਹਾ ਨਗਰ ਨਿਗਮ (ਐਮਸੀ) ਦਾ ਪੁਰਾਣਾ ਅਕਾਊਂਟੈਂਟ ਅਨੁਭਵ ਮਿਸ਼ਰਾ ਫਰਜ਼ੀ ਫਿਕਸਡ ਡਿਪਾਜ਼ਿਟ ਤਿਆਰ ਕਰਨ ਦੇ ਬਦਲੇ ਕਰੀਬ 9 ਕਰੋੜ ਰੁਪਏ ਹਾਸਲ ਕਰ ਗਿਆ ਸੀ। ਦੱਸਿਆ ਜਾ ਰਿਹਾ ਹੈ ਕਿ ਮੁਲਜ਼ਮ ਇਸ ਰਕਮ ਨਾਲ ਸ਼ਾਨੋ-ਸ਼ੌਕਤ ਭਰੀ ਜ਼ਿੰਦਗੀ ਜੀ ਰਿਹਾ ਸੀ।

ਸਟਾਫ ਰਿਪੋਰਟਰ , ਪੰਜਾਬੀ ਜਾਗਰਣ, ਚੰਡੀਗੜ੍ਹ : ਸ਼ਹਿਰ ਵਿਚ 191.88 ਕਰੋੜ ਤੋਂ ਵੱਧ ਦੇ ਚਰਚਿਤ ਸਮਾਰਟ ਸਿਟੀ ਤੇ ਕ੍ਰੈਸਟ (ਚੰਡੀਗੜ੍ਹ ਰਿਨਿਊਏਬਲ ਐਨਰਜੀ ਐਂਡ ਸਾਇੰਸ ਐਂਡ ਟੈਕਨੋਲੋਜੀ ਪ੍ਰਮੋਸ਼ਨ ਸੋਸਾਇਟੀ) ਘਪਲੇ ਦੀ ਜਾਂਚ ਵਿਚ ਹੁਣ ਨਗਰ ਨਿਗਮ ਦੇ ਉੱਚ ਅਧਿਕਾਰੀਆਂ ਦੀ ਭੂਮਿਕਾ ਵੀ ਸ਼ੱਕ ਦੇ ਘੇਰੇ ’ਚ ਆ ਗਈ ਹੈ। ਜਾਂਚ ਕਰ ਰਹੀ ਵਿਸ਼ੇਸ਼ ਜਾਂਚ ਟੀਮ (ਐਸਆਈਟੀ) ਨੂੰ ਅਹਿਮ ਸੁਰਾਗ ਮਿਲੇ ਹਨ, ਜਿਹੜੇ ਇਸ਼ਾਰਾ ਕਰਦੇ ਹਨ ਕਿ ਇਸ ਵੱਡੇ ਵਿੱਤੀ ਘਪਲੇ ’ਚ ਉੱਚ ਪੱਧਰ ’ਤੇ ਵੀ ਮਿਲੀਭੁਗਤ ਹੋ ਸਕਦੀ ਹੈ। ਸੂਤਰਾਂ ਮੁਤਾਬਕ ਨਗਰ ਨਿਗਮ ਅਤੇ ਪ੍ਰਸ਼ਾਸ਼ਨ ਦੇ ਕਈ ਸੀਨੀਅਰ ਅਧਿਕਾਰੀਆਂ ਤੱਕ ਜਾਂਚ ਦੀਆਂ ਡੋਰਾਂ ਪਹੁੰਚ ਚੁੱਕੀਆਂ ਹਨ। ਐਸਆਈਟੀ ਹੁਣ ਇਨ੍ਹਾਂ ਦੀ ਭੂਮਿਕਾ ਦੀ ਡੂੰਘਾਈ ਨਾਲ ਜਾਂਚ ਕਰ ਰਹੀ ਹੈ।
ਉੱਧਰ ਜਾਂਚ ਵਿੱਚ ਇਹ ਵੀ ਸਾਹਮਣੇ ਆਇਆ ਹੈ ਕਿ ਫਰਾਰ ਚੱਲ ਰਿਹਾ ਨਗਰ ਨਿਗਮ (ਐਮਸੀ) ਦਾ ਪੁਰਾਣਾ ਅਕਾਊਂਟੈਂਟ ਅਨੁਭਵ ਮਿਸ਼ਰਾ ਫਰਜ਼ੀ ਫਿਕਸਡ ਡਿਪਾਜ਼ਿਟ ਤਿਆਰ ਕਰਨ ਦੇ ਬਦਲੇ ਕਰੀਬ 9 ਕਰੋੜ ਰੁਪਏ ਹਾਸਲ ਕਰ ਗਿਆ ਸੀ। ਦੱਸਿਆ ਜਾ ਰਿਹਾ ਹੈ ਕਿ ਮੁਲਜ਼ਮ ਇਸ ਰਕਮ ਨਾਲ ਸ਼ਾਨੋ-ਸ਼ੌਕਤ ਭਰੀ ਜ਼ਿੰਦਗੀ ਜੀ ਰਿਹਾ ਸੀ। ਉਹ ਅਕਸਰ ਹਿਮਾਚਲ ਪ੍ਰਦੇਸ਼ ਦੇ ਮਹਿੰਗੇ ਹੋਟਲਾਂ ’ਚ ਰਹਿੰਦਾ ਸੀ ਅਤੇ ਉਸਦੇ ਖਰਚੇ ਵੀ ਕਥਿਤ ਤੌਰ ’ਤੇ ਬੈਂਕ ਨਾਲ ਜੁੜੇ ਇਕ ਹੋਰ ਮੁਲਜ਼ਮ ਵੱਲੋਂ ਚੁਕਾਏ ਜਾਂਦੇ ਸਨ। ਇਸ ਘਪਲੇ ਨੇ ਬੈਂਕਿੰਗ ਨਿਗਰਾਨੀ ਪ੍ਰਣਾਲੀ ’ਤੇ ਵੀ ਗੰਭੀਰ ਸਵਾਲ ਖੜੇ ਕਰ ਦਿੱਤੇ ਹਨ। ਇੰਨੀ ਵੱਡੀ ਲੈਣ-ਦੇਣ ਦੇ ਬਾਵਜੂਦ ਸਮੇਂ ਸਿਰ ਅਲਰਟ ਨਾ ਆਉਣਾ ਜਾਂਚ ਏਜੰਸੀਆਂ ਲਈ ਵੱਡਾ ਮੁੱਦਾ ਬਣਿਆ ਹੋਇਆ ਹੈ।
ਸੋਨੇ ਰਾਹੀਂ ‘ਮੈਨੇਜਮੈਂਟ’ ਦੇ ਦੋਸ਼
ਜਾਂਚ ’ਚ ਇਹ ਵੀ ਖੁਲਾਸਾ ਹੋਇਆ ਹੈ ਕਿ ਘਪਲੇ ਦੀ ਰਕਮ ਦਾ ਵੱਡੇ ਪੱਧਰ ’ਤੇ ਸੋਨੇ ਦੀ ਖਰੀਦ-ਫਰੋਖਤ ਵਿੱਚ ਇਸਤੇਮਾਲ ਕੀਤਾ ਗਿਆ। ਦੋਸ਼ ਹੈ ਕਿ ਇਹ ਸੋਨਾ ਕੁਝ ਅਧਿਕਾਰੀਆਂ ਨੂੰ ਖੁਸ਼ ਰੱਖਣ ਲਈ ਵਰਤਿਆ ਗਿਆ, ਤਾਂ ਜੋ ਉਹ ਬੇਨਿਯਮੀਆਂ ’ਤੇ ਅੱਖਾਂ ਬੰਦ ਕਰ ਲੈਣ। ਸਰੋਤਾਂ ਅਨੁਸਾਰ ਮੁਲਜ਼ਮਾਂ ਨੇ ਕਥਿਤ ਤੌਰ ’ਤੇ ਸੋਨੇ ਦੇ ਬਿਸਕੁਟ ਤੱਕ ਦੇ ਕੇ ਅਧਿਕਾਰੀਆਂ ਨੂੰ ਪ੍ਰਭਾਵਿਤ ਕੀਤਾ, ਜਿਸ ਨਾਲ ਲੰਮੇ ਸਮੇਂ ਤੱਕ ਕਰੋੜਾਂ ਦੀ ਗ਼ਬਨ ਬਿਨਾ ਰੁਕਾਵਟ ਚੱਲਦਾ ਰਿਹਾ।
ਬੈਂਕ ਦੀ ਭੂਮਿਕਾ ਵੀ ਘੇਰੇ ’ਚ
ਇਸ ਪੂਰੇ ਮਾਮਲੇ ਵਿੱਚ ਇੱਕ ਨਿੱਜੀ ਬੈਂਕ ਦੀ ਭੂਮਿਕਾ ’ਤੇ ਵੀ ਗੰਭੀਰ ਸਵਾਲ ਉੱਠ ਰਹੇ ਹਨ। ਦੋਸ਼ ਹੈ ਕਿ ਬੈਂਕਿੰਗ ਪ੍ਰਕਿਰਿਆਵਾਂ ’ਚ ਲਾਪਰਵਾਹੀ ਅਤੇ ਸੰਭਾਵਿਤ ਅੰਦਰੂਨੀ ਮਿਲੀਭੁਗਤ ਕਾਰਨ ਹੀ ਇੰਨੀ ਵੱਡੀ ਰਕਮ ਫਰਜ਼ੀ ਖਾਤਿਆਂ ਅਤੇ ਸ਼ੈੱਲ ਕੰਪਨੀਆਂ ’ਚ ਟ੍ਰਾਂਸਫਰ ਹੋ ਸਕੀ। ਐਸਆਈਟੀ ਹੁਣ ਬੈਂਕ ਅਧਿਕਾਰੀਆਂ ਦੀ ਜ਼ਿੰਮੇਵਾਰੀ ਤੈਅ ਕਰਨ ਵਿੱਚ ਜੁਟੀ ਹੋਈ ਹੈ ਅਤੇ ਸਬੰਧਿਤ ਦਸਤਾਵੇਜ਼ਾਂ ਦੀ ਜਾਂਚ ਕੀਤੀ ਜਾ ਰਹੀ ਹੈ।
ਹੁਣ ਤੱਕ 10 ਮੁਲਜ਼ਮ ਗ੍ਰਿਫ਼ਤਾਰ
ਪੁਲਿਸ ਇਸ ਮਾਮਲੇ ’ਚ ਹੁਣ ਤੱਕ 10 ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਚੁੱਕੀ ਹੈ। ਇਨ੍ਹਾਂ ’ਚ ਪ੍ਰਸ਼ਾਸਕੀ ਅਧਿਕਾਰੀ, ਬੈਂਕ ਕਰਮਚਾਰੀ, ਕਾਰੋਬਾਰੀ ਅਤੇ ਸ਼ੈੱਲ ਕੰਪਨੀਆਂ ਨਾਲ ਜੁੜੇ ਲੋਕ ਸ਼ਾਮਲ ਹਨ। ਗ੍ਰਿਫ਼ਤਾਰ ਮੁਲਜ਼ਮਾਂ ਵਿੱਚ ਨਲਿਨੀ ਮਲਿਕ ( ਸਾਬਕਾ ਮੁੱਖ ਵਿੱਤ ਅਧਿਕਾਰੀ), ਸੁਖਵਿੰਦਰ ਸਿੰਘ ਅਬਰੋਲ ( ਸਾਬਕਾ ਪ੍ਰੋਜੈਕਟ ਡਾਇਰੈਕਟਰ, ਕ੍ਰੈਸਟ), ਸਾਹਿਲ ਕੁੱਕੜ (ਹੈੱਡ ਆਫ ਅਕਾਊਂਟਸ, ਕ੍ਰੈਸਟ), ਰਿਭਵ ਰਿਸ਼ੀ ( ਸਾਬਕਾ ਬੈਂਕ ਮੈਨੇਜਰ), ਅਭਯ ਕੁਮਾਰ (ਰਿਲੇਸ਼ਨਸ਼ਿਪ ਮੈਨੇਜਰ), ਸੀਮਾ ਧੀਮਾਨ (ਬੈਂਕ ਆਥਰਾਈਜ਼ਰ), ਵਿਕਰਮ ਵਾਧਵਾ (ਰੀਅਲ ਐਸਟੇਟ ਕਾਰੋਬਾਰੀ), ਸਵਾਤੀ ਸਿੰਗਲਾ, ਅਭਿਸ਼ੇਕ ਸਿੰਗਲਾ ਅਤੇ ਅੰਕੁਰ ਸ਼ਰਮਾ (ਸ਼ੈੱਲ ਕੰਪਨੀ ਆਪਰੇਟਰ) ਸ਼ਾਮਲ ਹਨ।
ਐਸਆਈਟੀ ਦੇ ਰਡਾਰ ’ਤੇ ਵੱਡੇ ਅਧਿਕਾਰੀ
ਸਰੋਤਾਂ ਮੁਤਾਬਕ ਐਸਆਈਟੀ ਹੁਣ ਦਸਤਾਵੇਜ਼ਾਂ, ਬੈਂਕ ਟ੍ਰਾਂਜ਼ੈਕਸ਼ਨਾਂ ਅਤੇ ਮਨਜ਼ੂਰੀ ਪ੍ਰਕਿਰਿਆਵਾਂ ਦੀ ਡੂੰਘਾਈ ਨਾਲ ਜਾਂਚ ਕਰ ਰਹੀ ਹੈ। ਇਹ ਵੀ ਵੇਖਿਆ ਜਾ ਰਿਹਾ ਹੈ ਕਿ ਕਿਹੜੇ ਅਧਿਕਾਰੀਆਂ ਨੇ ਫਾਇਲਾਂ ਨੂੰ ਮਨਜ਼ੂਰੀ ਦਿੱਤੀ ਅਤੇ ਕਿੱਥੇ ਨਿਗਰਾਨੀ ਵਿੱਚ ਚੂਕ ਹੋਈ। ਸੰਭਾਵਨਾ ਹੈ ਕਿ ਜਲਦੀ ਹੀ ਹੋਰ ਵੱਡੇ ਨਾਮ ਵੀ ਸਾਹਮਣੇ ਆ ਸਕਦੇ ਹਨ।
ਕਿਵੇਂ ਕੀਤਾ ਗਿਆ ਘਪਲਾ
ਜਾਂਚ ਵਿੱਚ ਸਾਹਮਣੇ ਆਇਆ ਹੈ ਕਿ ਸਮਾਰਟ ਸਿਟੀ ਪ੍ਰੋਜੈਕਟ ਅਤੇ ਕ੍ਰੈਸਟ ਨਾਲ ਜੁੜੇ ਸਰਕਾਰੀ ਫੰਡ ਨੂੰ ਯੋਜਨਾਬੱਧ ਢੰਗ ਨਾਲ ਫਰਜ਼ੀ ਬੈਂਕ ਖਾਤਿਆਂ ਅਤੇ ਸ਼ੈੱਲ ਕੰਪਨੀਆਂ ਰਾਹੀਂ ਡਾਇਵਰਟ ਕੀਤਾ ਗਿਆ। ਇਸ ਦੌਰਾਨ ਬੈਂਕਿੰਗ ਸਿਸਟਮ ਦੀਆਂ ਖਾਮੀਆਂ ਅਤੇ ਕਥਿਤ ਮਿਲੀਭੁਗਤ ਦਾ ਫਾਇਦਾ ਚੁੱਕਦਿਆਂ ਕਰੋੜਾਂ ਦੀ ਰਕਮ ਵੱਖ-ਵੱਖ ਖਾਤਿਆਂ ਵਿੱਚ ਟ੍ਰਾਂਸਫਰ ਕੀਤੀ ਗਈ ਅਤੇ ਬਾਅਦ ਵਿੱਚ ਕੱਢ ਲਈ ਗਈ। ਐਸਆਈਟੀ ਹੁਣ ਇਸ ਪੂਰੇ ਨੈੱਟਵਰਕ ਦੀਆਂ ਕੜੀਆਂ ਜੋੜਣ ਵਿੱਚ ਲੱਗੀ ਹੋਈ ਹੈ।