ਸਾਈਲੈਂਟ ਕਿੱਲਰ: ਦੇਸ਼ ਦਾ ਹਰ ਪੰਜਵਾਂ ਨੌਜਵਾਨ ਹਾਈ ਬੀਪੀ ਦਾ ਸ਼ਿਕਾਰ, 70% ਲੋਕ ਆਪਣੀ ਬਿਮਾਰੀ ਤੋਂ ਅਣਜਾਣ, ਹੈਰਾਨਕੁੰਨ ਅੰਕੜੇ ਆਏ ਸਾਹਮਣੇ
ਹਾਲ ਹੀ ਵਿਚ ਇਹ ਅਧਿਐਨ ਦਿ ਲੈਂਸੇਟ ’ਚ ਪ੍ਰਕਾਸ਼ਿਤ ਹੋਇਆ ਹੈ। ਅਧਿਐਨ ਅਨੁਸਾਰ, ਭਾਰਤ ’ਚ 15 ਤੋਂ 54 ਸਾਲ ਉਮਰ ਵਰਗ ਦੇ 1.26 ਲੱਖ ਤੋਂ ਵੱਧ ਲੋਕਾਂ ਦੇ ਡਾਟਾ ਦਾ ਵਿਸ਼ਲੇਸ਼ਣ ਕੀਤਾ ਗਿਆ। ਇਸ ਵਿਚ ਪਾਇਆ ਗਿਆ ਕਿ ਦੇਸ਼ ’ਚ ਹਾਈਪਰਟੈਨਸ਼ਨ ਦੀ ਕੁੱਲ ਦਰ 18.3 ਫ਼ੀਸਦੀ ਹੈ।
Publish Date: Sun, 08 Mar 2026 08:48 AM (IST)
Updated Date: Sun, 08 Mar 2026 08:51 AM (IST)
ਜਾਗਰਣ ਸੰਵਾਦਦਾਤਾ, ਚੰਡੀਗੜ੍ਹ : ਦੇਸ਼ ’ਚ ਹਾਈ ਬਲੱਡ ਪ੍ਰੈਸ਼ਰ ਭਾਵ ਹਾਈਪਰਟੈਨਸ਼ਨ ਤੇਜ਼ੀ ਨਾਲ ਵੱਡੀ ਸਿਹਤ ਚੁਣੌਤੀ ਬਣਦਾ ਜਾ ਰਿਹਾ ਹੈ। ਰਾਸ਼ਟਰੀ ਪਰਿਵਾਰ ਸਿਹਤ ਸਰਵੇਖਣ-5 (2019-2021) ਦੇ ਅੰਕੜਿਆਂ ਦੇ ਵਿਸ਼ਲੇਸ਼ਣ ਨਾਲ ਸਾਹਮਣੇ ਆਇਆ ਹੈ ਕਿ ਭਾਰਤ ’ਚ ਪ੍ਰਜਨਨ ਉਮਰ ਵਰਗ ਦੇ ਹਰ ਪੰਜ ’ਚੋਂ ਲਗਪਗ ਇਕ ਵਿਅਕਤੀ ਨੂੰ ਹਾਈਰਪਰਟੈਨਸ਼ਨ ਹੈ ਪਰ 70 ਫ਼ੀਸਦੀ ਲੋਕਾਂ ਨੂੰ ਆਪਣੀ ਬਿਮਾਰੀ ਦਾ ਪਤਾ ਹੀ ਨਹੀਂ ਹੈ। ਅਧਿਐਨ ਕਰਨ ਵਾਲੇ ਪੀਜੀਆਈ ਦੇ ਪ੍ਰੋਫੈਸਰ ਡਾ. ਸੋਨੂੰ ਗੋਇਲ ਦਾ ਕਹਿਣਾ ਹੈ ਕਿ ਇਹ ਹਾਲਤ ਆਉਣ ਵਾਲੇ ਸਾਲਾਂ ’ਚ ਦਿਲ ਤੇ ਸਟ੍ਰੋਕ ਵਰਗੀਆਂ ਗੰਭੀਰ ਬਿਮਾਰੀਆਂ ਦਾ ਖ਼ਤਰਾ ਵਧਾ ਸਕਦੀਆਂ ਹਨ।
ਹਾਲ ਹੀ ਵਿਚ ਇਹ ਅਧਿਐਨ ਦਿ ਲੈਂਸੇਟ ’ਚ ਪ੍ਰਕਾਸ਼ਿਤ ਹੋਇਆ ਹੈ। ਅਧਿਐਨ ਅਨੁਸਾਰ, ਭਾਰਤ ’ਚ 15 ਤੋਂ 54 ਸਾਲ ਉਮਰ ਵਰਗ ਦੇ 1.26 ਲੱਖ ਤੋਂ ਵੱਧ ਲੋਕਾਂ ਦੇ ਡਾਟਾ ਦਾ ਵਿਸ਼ਲੇਸ਼ਣ ਕੀਤਾ ਗਿਆ। ਇਸ ਵਿਚ ਪਾਇਆ ਗਿਆ ਕਿ ਦੇਸ਼ ’ਚ ਹਾਈਪਰਟੈਨਸ਼ਨ ਦੀ ਕੁੱਲ ਦਰ 18.3 ਫ਼ੀਸਦੀ ਹੈ। ਅਧਿਐਨ ’ਚ ਇਹ ਵੀ ਸਾਹਮਣੇ ਆਇਆ ਕਿ ਮਰਦਾਂ ’ਚ ਇਹ ਸਮੱਸਿਆ ਔਰਤਾਂ ਦੇ ਮੁਕਾਬਲੇ ਜ਼ਿਆਦਾ ਹੈ। ਮਰਦਾਂ ’ਚ ਹਾਈਪਰਟੈਨਸ਼ਨ ਦੀ ਦਰ 21.6 ਫ਼ੀਸਦੀ, ਜਦਕਿ ਔਰਤਾਂ ’ਚ 14.8 ਫ਼ੀਸਦੀ ਪਾਈ ਗਈ। ਅਧਿਐਨ ਕਰਨ ਵਾਲੇ ਡਾਕਟਰਾਂ ਅਨੁਸਾਰ, ਹਾਈ ਬਲੱਡ ਪ੍ਰੈਸ਼ਰ ਦੇ ਸ਼ੁਰੂਆਤੀ ਲੱਛਣ ਅਕਸਰ ਦਿਖਾਈ ਨਹੀਂ ਦਿੰਦੇ।
ਮਾਹਿਰਾਂ ਦਾ ਸੁਝਾਅ ਹੈ ਕਿ ਰੈਗੂਲਰ ਬਲੱਡ ਪ੍ਰੈਸ਼ਰ ਜਾਂਚ, ਸੰਤੁਲਿਤ ਖ਼ੁਰਾਕ, ਘੱਟ ਨਮਕ ਦੀ ਵਰਤੋਂ, ਰੈਗੂਲਰ ਕਸਰਤ ਤੇ ਤੰਬਾਕੂ-ਸ਼ਰਾਬ ਤੋਂ ਦੂਰੀ ਹਾਈਪਰਟੈਨਸ਼ਨ ਨੂੰ ਕੰਟਰੋਲ ’ਚ ਕਰਨ ’ਚ ਅਹਿਮ ਭੂਮਿਕਾ ਨਿਭਾਅ ਸਕਦੇ ਹਨ। ਡਾ. ਸੋਨੂੰ ਨੇ ਦੱਸਿਆ ਕਿ ਕੁਝ ਵਰਗਾਂ ’ਚ ਇਲਾਜ ਤੱਕ ਪਹੁੰਚ ਹੋਰ ਵੀ ਘੱਟ ਹੈ। ਖ਼ਾਸ ਤੌਰ ’ਤੇ ਪੇਂਡੂ ਇਲਾਕਿਆਂ ’ਚ ਰਹਿਣ ਵਾਲੇ, ਘੱਟ ਪੜ੍ਹੇ-ਲਿਖੇ, ਆਰਥਿਕ ਤੌਰ ’ਤੇ ਕਮਜ਼ੋਰ, ਕੁਆਰੇ ਤੇ ਤੰਬਾਕੂ ਜਾਂ ਸ਼ਰਾਬ ਪੀਣ ਵਾਲੇ ਲੋਕਾਂ ’ਚ ਹਾਈਪਰਟੈਨਸ਼ਨ ਦਾ ਇਲਾਜ ਤੇ ਕੰਟਰੋਲ ਸਭ ਤੋਂ ਘੱਟ ਪਾਇਆ ਗਿਆ।