'ਗੈਂਗਸਟਰਾਂ ਨੂੰ ਬਚਾਅ ਰਹੀ ਹੈ ਸੂਬਾ ਸਰਕਾਰ', SAD ਦੇ ਬੁਲਾਰੇ ਕਲੇਰ ਨੇ ਜੱਗੂ ਭਗਵਾਨਪੁਰੀਆ ਨੂੰ ਇਕ ਕੇਸ 'ਚੋਂ ਬਾਹਰ ਕੱਢਣ ਦੇ ਲਾਏ ਦੋਸ਼
ਕਲੇਰ ਨੇ ਕਿਹਾ ਕਿ ਸਰਕਾਰ ਨੇ ਪਹਿਲਾਂ ਵੀ ਬੇਅਦਬੀ ਦੇ ਦੋਸ਼ੀ ਦਿੱਲੀ ਦੇ ਵਿਧਾਇਕ ਨਰੇਸ਼ ਯਾਦਵ ਦਾ ਬਚਾਅ ਕੀਤਾ ਸੀ ਤੇ ਗੁਰਮੀਤ ਰਾਮ ਰਹੀਮ ਖ਼ਿਲਾਫ਼ ਕੇਸ ਪੰਜਾਬ ਤੋਂ ਬਾਹਰ ਤਬਦੀਲ ਕੀਤੇ ਸਨ।
Publish Date: Tue, 20 Jan 2026 10:47 AM (IST)
Updated Date: Tue, 20 Jan 2026 10:50 AM (IST)
ਪੰਜਾਬੀ ਜਾਗਰਣ ਬਿਊਰੋ, ਚੰਡੀਗੜ੍ਹ : ਸ਼੍ਰੋਮਣੀ ਅਕਾਲੀ ਦਲ ਦੇ ਬੁਲਾਰੇ ਅਰਸ਼ਦੀਪ ਸਿੰਘ ਕਲੇਰ ਨੇ ਪੰਜਾਬ ਸਰਕਾਰ ’ਤੇ ਗੈਂਗਸਟਰ ਜੱਗੂ ਭਗਵਾਨਪੁਰੀਆ ਨੂੰ ਇਕ ਮਾਮਲੇ ਵਿਚ ਡਿਸਚਾਰਜ (ਕੇਸ ਵਿਚੋਂ ਬਾਹਰ ਕੱਢਣ) ਦਾ ਦੋਸ਼ ਲਾਇਆ ਹੈ। ਕਲੇਰ ਨੇ ਕਿਹਾ ਕਿ ਇਕ ਪਾਸੇ ਸਰਕਾਰ ਅਤੇ ਪੰਜਾਬ ਪੁਲਿਸ ਗੈਂਗਸਟਰਾਂ ਖ਼ਿਲਾਫ਼ ਸਖ਼ਤ ਕਾਰਵਾਈ ਕਰਨ ਦਾ ਦਾਅਵਾ ਕਰ ਰਹੀ ਹੈ ਪਰ ਦੂਜੇ ਪਾਸੇ ਗੈਂਗਸਟਰਾਂ ਨੂੰ ਬਚਾਇਆ ਜਾ ਰਿਹਾ ਹੈ।
ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਲੇਰ ਨੇ ਕਿਹਾ ਕਿ ਤਰਨ ਤਾਰਨ ਉਪ ਚੋਣ ਦੌਰਾਨ ਪੁਲਿਸ ਨੇ ਅਸਾਮ ਜੇਲ੍ਹ ਵਿਚ ਬੰਦ ਜੱਗੂ ਭਗਵਾਨਪੁਰੀਆ ਨੂੰ ਇਕ ਮਾਮਲੇ ਵਿਚ ਪੁੱਛਗਿੱਛ ਲਈ ਲਿਆਂਦਾ ਪਰ ਬਾਅਦ ਵਿਚ ਪੁਲਿਸ ਨੇ ਮੁਹਾਲੀ ਦੀ ਅਦਾਲਤ ਵਿਚ ਬਿਆਨ ਦਿੱਤਾ ਹੈ ਕਿ ਉਸ ਕੋਲ ਜੱਗੂ ਭਗਵਾਨਪੁਰੀਆ ਖ਼ਿਲਾਫ਼ ਕੋਈ ਸਬੂਤ ਨਹੀਂ ਹੈ ਤੇ ਉਸ ਨੂੰ ਬਰੀ ਕੀਤਾ ਜਾਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਇਸ ਤੋਂ ਸਾਬਤ ਹੁੰਦਾ ਹੈ ਕਿ ਆਪ ਸਰਕਾਰ ਗੈਂਗਸਟਰਾਂ ਨਾਲ ਸਾਂਝ ਪਾ ਰਹੀ ਹੈ।
ਕਲੇਰ ਨੇ ਕਿਹਾ ਕਿ ਦਿੱਲੀ ’ਚ ਵਿਰੋਧੀ ਧਿਰ ਦੀ ਆਗੂ ਆਤਿਸ਼ੀ ਨੇ ਗੁਰੂ ਸਾਹਿਬਾਨ ਖ਼ਿਲਾਫ਼ ਅਪਮਾਨਜਨਕ ਟਿੱਪਣੀਆਂ ਕੀਤੀਆਂ ਪਰ ਸੂਬਾ ਸਰਕਾਰ ਨੇ ਉਸ ਨੂੰ ਬਚਾਉਣ ਲਈ ਫੋਰੈਂਸਿੰਕ ਸਾਇੰਸ ਲੈਬ ਮੁਹਾਲੀ ਤੋਂ ਝੂਠੀ ਰਿਪੋਰਟ ਲੈ ਕੇ ਸਾਜ਼ਿਸ਼ ਰਚੀ। ਉਨ੍ਹਾਂ ਕਿਹਾ ਕਿ ਇਸ ਤੋ ਪਹਿਲਾਂ ਸਾਬਕਾ ਮੰਤਰੀ ਵਿਜੈ ਸਿੰਗਲਾ ਨੂੰ ਕਲੀਨ ਚਿੱਟ ਦਿੱਤੀ ਗਈ ਸੀ। ਕਲੇਰ ਨੇ ਕਿਹਾ ਕਿ ਪੰਜਾਬ ਪੁਲਿਸ ਦਾ ਝੂਠ ਦਿੱਲੀ ਦੇ ਸਪੀਕਰ ਨੇ ਫੜ ਲਿਆ ਹੈ ਜਿਨ੍ਹਾਂ ਨੇ ਰਿਪੋਰਟ ਪੇਸ਼ ਕੀਤੀ ਹੈ ਕਿ ਵੀਡੀਓ ਨਾਲ ਕੋਈ ਛੇੜਛਾੜ ਨਹੀਂ ਕੀਤੀ ਗਈ ਅਤੇ ਇਹ ਅਸਲੀ ਹੈ।
ਕਲੇਰ ਨੇ ਕਿਹਾ ਕਿ ਸਰਕਾਰ ਨੇ ਪਹਿਲਾਂ ਵੀ ਬੇਅਦਬੀ ਦੇ ਦੋਸ਼ੀ ਦਿੱਲੀ ਦੇ ਵਿਧਾਇਕ ਨਰੇਸ਼ ਯਾਦਵ ਦਾ ਬਚਾਅ ਕੀਤਾ ਸੀ ਤੇ ਗੁਰਮੀਤ ਰਾਮ ਰਹੀਮ ਖ਼ਿਲਾਫ਼ ਕੇਸ ਪੰਜਾਬ ਤੋਂ ਬਾਹਰ ਤਬਦੀਲ ਕੀਤੇ ਸਨ।