- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਪੀੜਤ ਔਰਤ ਜੋ ਕਿ ਲੰਮੇ ਸਮੇਂ ਤੋਂ ਸੜਕ ਕਿਨਾਰੇ ਛੋਟਾ ਜਿਹਾ ਢਾਬਾ ਬਣਾ ਕੇ ਆਪਣਾ ਤੇ ਆਪਣੇ ਪਰਿਵਾਰ ਦਾ ਗੁਜ਼ਾਰਾ ਕਰ ਰਹੀ ਸੀ। ਉਸ ਨੇ ਦੱਸਿਆ ਕਿ ਅਚਾਨਕ ਸਕੂਲ ਦੇ ਕੁੱਝ ਕਰਮਚਾਰੀ ਮੌਕੇ ’ਤੇ ਆਏ ਅਤੇ ਬਿਨ੍ਹਾਂ ਕਿਸੇ ਨੋਟਿਸ ਜਾਂ ਚੇਤਾਵਨੀ ਦੇ ਢਾਬੇ ਨੂੰ ਤੋੜਨਾ ਸ਼ੁਰੂ ਕਰ ਦਿੱਤਾ। ਔਰਤ ਨੇ ਰੋ-ਰੋ ਕੇ ਦੱਸਿਆ ਕਿ ਉਸ ਦੀ ਰੋਜ਼ੀ-ਰੋਟੀ ਦਾ ਇਕੱਲਾ ਸਾਧਨ ਇਹ ਢਾਬਾ ਹੀ ਸੀ, ਜਿਸਨੂੰ ਤੋੜ ਕੇ ਉਸ ਨੂੰ ਸੜਕ ’ਤੇ ਲਿਆ ਖੜ੍ਹਾ ਕਰ ਦਿੱਤਾ।

ਸੁਨੀਲ ਕੁਮਾਰ ਭੱਟੀ, ਪੰਜਾਬੀ ਜਾਗਰਣ, ਡੇਰਾਬੱਸੀ : ਇਲਾਕੇ ਵਿਚ ਉਸ ਸਮੇਂ ਤਣਾਅਪੂਰਨ ਮਾਹੌਲ ਬਣ ਗਿਆ, ਜਦੋਂ ਡੀਏਵੀ ਸਕੂਲ ਦੀ ਪ੍ਰਿੰਸੀਪਲ ਸਰਿਤਾ ਯਾਦਵ ’ਤੇ ਇਕ ਗਰੀਬ ਔਰਤ ਦਾ ਢਾਬਾ ਜ਼ਬਰਦਸਤੀ ਤੋੜਣ ਦੇ ਗੰਭੀਰ ਦੋਸ਼ ਲੱਗੇ ਹਨ। ਪ੍ਰਾਪਤ ਜਾਣਕਾਰੀ ਮੁਤਾਬਕ ਸਕੂਲ ਪ੍ਰਿੰਸੀਪਲ ਨੇ ਆਪਣੇ ਸਟਾਫ਼ ਮੈਂਬਰਾਂ ਨੂੰ ਭੇਜ ਕੇ ਕਈ ਸਾਲਾ ਤੋਂ ਚਲ ਰਹੇ ਢਾਬੇ ਨੂੰ ਤੋੜ ਦਿੱਤਾ ਹੈ, ਜਦਕਿ ਕਾਨੂੰਨੀ ਤੌਰ ’ਤੇ ਉਨ੍ਹਾਂ ਕੋਲ ਅਜਿਹਾ ਕਰਨ ਦਾ ਕੋਈ ਅਧਿਕਾਰ ਨਹੀਂ ਸੀ।
ਪੀੜਤ ਔਰਤ ਜੋ ਕਿ ਲੰਮੇ ਸਮੇਂ ਤੋਂ ਸੜਕ ਕਿਨਾਰੇ ਛੋਟਾ ਜਿਹਾ ਢਾਬਾ ਬਣਾ ਕੇ ਆਪਣਾ ਤੇ ਆਪਣੇ ਪਰਿਵਾਰ ਦਾ ਗੁਜ਼ਾਰਾ ਕਰ ਰਹੀ ਸੀ। ਉਸ ਨੇ ਦੱਸਿਆ ਕਿ ਅਚਾਨਕ ਸਕੂਲ ਦੇ ਕੁੱਝ ਕਰਮਚਾਰੀ ਮੌਕੇ ’ਤੇ ਆਏ ਅਤੇ ਬਿਨ੍ਹਾਂ ਕਿਸੇ ਨੋਟਿਸ ਜਾਂ ਚੇਤਾਵਨੀ ਦੇ ਢਾਬੇ ਨੂੰ ਤੋੜਨਾ ਸ਼ੁਰੂ ਕਰ ਦਿੱਤਾ। ਔਰਤ ਨੇ ਰੋ-ਰੋ ਕੇ ਦੱਸਿਆ ਕਿ ਉਸ ਦੀ ਰੋਜ਼ੀ-ਰੋਟੀ ਦਾ ਇਕੱਲਾ ਸਾਧਨ ਇਹ ਢਾਬਾ ਹੀ ਸੀ, ਜਿਸਨੂੰ ਤੋੜ ਕੇ ਉਸ ਨੂੰ ਸੜਕ ’ਤੇ ਲਿਆ ਖੜ੍ਹਾ ਕਰ ਦਿੱਤਾ।
ਇਸ ਘਟਨਾ ਤੋਂ ਬਾਅਦ ਇਲਾਕੇ ਦੇ ਲੋਕਾਂ ਵਿਚ ਭਾਰੀ ਰੋਸ ਵੇਖਣ ਨੂੰ ਮਿਲਿਆ। ਸਥਾਨਕ ਵਸਨੀਕਾਂ ਦਾ ਕਹਿਣਾ ਹੈ ਕਿ ਜੇ ਢਾਬਾ ਗ਼ੈਰ-ਕਾਨੂੰਨੀ ਸੀ ਤਾਂ ਇਸ ਬਾਰੇ ਨਗਰ ਕੌਂਸਲ ਜਾਂ ਪ੍ਰਸ਼ਾਸਨ ਵੱਲੋਂ ਕਾਰਵਾਈ ਹੋਣੀ ਚਾਹੀਦੀ ਸੀ, ਨਾ ਕਿ ਕਿਸੇ ਸਕੂਲ ਪ੍ਰਬੰਧਨ ਵੱਲੋਂ ਆਪਣੇ ਆਪ ਕਾਨੂੰਨ ਹੱਥ ਲੈਣਾ ਸਹੀ ਨਹੀਂ ਹੈ। ਲੋਕਾਂ ਨੇ ਸਵਾਲ ਉਠਾਇਆ ਕਿ ਇਕ ਸਿੱਖਿਆ ਸੰਸਥਾ ਦੀ ਮੁਖੀ ਹੋ ਕੇ ਪ੍ਰਿੰਸੀਪਲ ਵੱਲੋਂ ਅਜਿਹਾ ਵਿਵਹਾਰ ਕਰਨਾ ਬਿਲਕੁਲ ਵੀ ਠੀਕ ਨਹੀਂ ਹੈ।
ਪੀੜਤ ਔਰਤ ਨੇ ਸਥਾਨਕ ਪ੍ਰਸ਼ਾਸਨ ਤੋਂ ਇਨਸਾਫ਼ ਦੀ ਗੁਹਾਰ ਲਗਾਈ ਹੈ ਅਤੇ ਸਕੂਲ ਪ੍ਰਿੰਸੀਪਲ ਸਮੇਤ ਢਾਬਾ ਤੋੜਨ ਵਾਲੇ ਦੋਸ਼ੀਆਂ ਖ਼ਿਲਾਫ਼ ਸਖ਼ਤ ਕਾਰਵਾਈ ਦੀ ਮੰਗ ਕੀਤੀ ਹੈ।
ਇਸ ਮਾਮਲੇ ਬਾਰੇ ਜਦੋਂ ਡੀਏਵੀ ਸਕੂਲ ਦੀ ਪ੍ਰਿੰਸੀਪਲ ਸਰਿਤਾ ਯਾਦਵ ਨਾਲ ਸੰਪਰਕ ਕੀਤਾ ਤਾਂ ਉਨ੍ਹਾਂ ਕਿਹਾ ਕਿ ਦੋ ਸਾਲ ਤੋਂ ਇਹ ਢਾਬਾ ਬੰਦ ਪਿਆ ਸੀ ਅਤੇ ਇੱਥੇ ਨਸ਼ੇੜੀ ਬੈਠਦੇ ਸੀ। ਜਦੋਂ ਉਨ੍ਹਾਂ ਤੋਂ ਇਹ ਪੁੱਛਿਆ ਗਿਆ ਕਿ ਉਨ੍ਹਾਂ ਨੇ ਵੀ ਸਰਕਾਰੀ ਜ਼ਮੀਨ ’ਤੇ ਫਲੈਕਸ ਬੋਰਡ ਲਾਏ ਹੋਏ ਹਨ, ਉਹ ਵੀ ਗ਼ਲਤ ਹਨ ਪ੍ਰੰਤੂ ਉੱਥੇ ਨਸ਼ੇੜੀਆਂ ਕਾਰਨ ਲਗਾਏ ਹੋਏ ਹਨ ਕਿਉਂਕਿ ਸਕੂਲ 'ਚ ਲੜਕੀਆਂ ਵੀ ਆਉਂਦੀਆਂ ਹਨ। ਇਸ ਮਾਮਲੇ ਸਬੰਧੀ ਜਦੋਂ ਥਾਣਾ ਮੁਖੀ ਡੇਰਾਬੱਸੀ ਸੁਮਿਤ ਮੋਰ ਨਾਲ ਗੱਲ ਕੀਤੀ ਤਾਂ ਉਨ੍ਹਾਂ ਦੱਸਿਆ ਕਿ ਇਸ ਮਾਮਲੇ ਵਿਚ ਸ਼ਿਕਾਇਤ ਪ੍ਰਾਪਤ ਹੋਈ ਹੈ। ਦੋਹਾਂ ਧਿਰਾਂ ਦਾ ਬਿਆਨ ਲੈ ਕੇ ਅੱਗੇ ਦੀ ਕਾਰਵਾਈ ਕੀਤੀ ਜਾਵੇਗੀ। ਫਿਲਹਾਲ ਲੋਕ ਪ੍ਰਸ਼ਾਸਨ ਤੋਂ ਮੰਗ ਕਰ ਰਹੇ ਹਨ ਕਿ ਮਾਮਲੇ ਦੀ ਨਿਰਪੱਖ ਜਾਂਚ ਕਰਵਾ ਕੇ ਗਰੀਬ ਔਰਤ ਨੂੰ ਇਨਸਾਫ਼ ਦਿਵਾਇਆ ਜਾਵੇ ਤਾਂ ਕਿ ਭਵਿੱਖ ਵਿਚ ਇਸ ਤਰ੍ਹਾਂ ਦੀ ਘਟਨਾ ਨਾ ਵਾਪਰ ਸਕੇ।