ਸਕੂਲੀ ਪੜ੍ਹਾਈ ਬਨਾਮ ਸੈਮੀਨਾਰ: GTU ਨੇ ਸਾਲਾਨਾ ਪ੍ਰੀਖਿਆਵਾਂ ਦੀ ਤਿਆਰੀ ਪ੍ਰਭਾਵਤ ਹੋਣ ਦਾ ਖ਼ਦਸ਼ਾ ਕੀਤਾ ਜ਼ਾਹਰ
ਇਸ ਦੇ ਨਾਲ ਹੀ ਵਰਤਮਾਨ ਵਿਚ ਸਿਰਫ਼ ਤਿੰਨ ਜਮਾਤਾਂ ਦੀਆਂ ਪ੍ਰੀ-ਬੋਰਡ ਪ੍ਰੀਖਿਆਵਾਂ ਚੱਲ ਰਹੀਆਂ ਹਨ, ਜਿਸ ਨੂੰ ਮੁੱਖ ਰੱਖਦਿਆਂ ਹੀ ਇਹ ਸ਼ਡਿਊਲ ਬਣਾਇਆ ਗਿਆ ਹੈ। ਇਸ ਦੇ ਨਾਲ ਹੀ ਅਧਿਆਪਕਾਂ 'ਤੇ ਕੋਈ ਵਾਧੂ ਬੋਝ ਨਹੀਂ ਪਾਇਆ ਗਿਆ ਤੇ ਸਾਰੇ ਨਿਰਦੇਸ਼ ਡੂੰਘੀ ਸੋਚ-ਵਿਚਾਰ ਤੋਂ ਬਾਅਦ ਜਾਰੀ ਕੀਤੇ ਗਏ ਹਨ।
Publish Date: Thu, 22 Jan 2026 10:44 AM (IST)
Updated Date: Thu, 22 Jan 2026 10:49 AM (IST)
ਜੀਐੱਸ ਸੰਧੂ, ਪੰਜਾਬੀ ਜਾਗਰਣ, ਐੱਸਏਐੱਸ ਨਗਰ : ਗੌਰਮਿੰਟ ਟੀਚਰਜ਼ ਯੂਨੀਅਨ ਤੇ ਸਿੱਖਿਆ ਵਿਭਾਗ ਵਿਚਾਲੇ ਅਧਿਆਪਕਾਂ ਦੀਆਂ ਸਿਖਲਾਈ ਡਿਊਟੀਆਂ ਨੂੰ ਲੈ ਕੇ ਖਿੱਚੋਤਾਣ ਵਾਲਾ ਮਾਹੌਲ ਬਣ ਗਿਆ ਹੈ। ਜਿੱਥੇ ਅਧਿਆਪਕ ਜਥੇਬੰਦੀ ਨੇ ਇਮਤਿਹਾਨਾਂ ਦੇ ਅਹਿਮ ਸਮੇਂ ਦੌਰਾਨ ਅਧਿਆਪਕਾਂ ਨੂੰ ਸੈਮੀਨਾਰਾਂ ਵਿਚ ਭੇਜਣ ਦਾ ਵਿਰੋਧ ਕੀਤਾ ਹੈ, ਉੱਥੇ ਵਿਭਾਗ ਨੇ ਇਸ ਨੂੰ ਅਕਾਦਮਿਕ ਕੈਲੰਡਰ ਅਨੁਸਾਰ ਸਹੀ ਦੱਸਿਆ ਹੈ।
ਅਧਿਆਪਕ ਜਥੇਬੰਦੀ ਦੇ ਇਤਰਾਜ਼ :
ਜੀਟੀਯੂ ਦੇ ਜ਼ਿਲ੍ਹਾ ਪ੍ਰਧਾਨ ਰਵਿੰਦਰ ਸਿੰਘ ਪੱਪੀ ਸਿੱਧੂ ਅਤੇ ਜਨਰਲ ਸਕੱਤਰ ਮਨਪ੍ਰੀਤ ਸਿੰਘ ਗੋਸਲਾ ਨੇ ਕਿਹਾ ਕਿ ਸਰਦੀਆਂ ਦੀਆਂ ਛੁੱਟੀਆਂ ਤੋਂ ਬਾਅਦ ਜਦੋਂ ਬੱਚਿਆਂ ਦੀ ਪੜ੍ਹਾਈ ਤੇਜ਼ੀ ਨਾਲ ਹੋਣੀ ਚਾਹੀਦੀ ਸੀ, ਉਸ ਸਮੇਂ ਅਧਿਆਪਕਾਂ ਨੂੰ ਸੈਮੀਨਾਰਾਂ ਅਤੇ ਬੀਐੱਲਓ ਦੀਆਂ ਡਿਊਟੀਆਂ 'ਤੇ ਲਗਾਇਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਫਰਵਰੀ-ਮਾਰਚ ਵਿਚ ਸਾਲਾਨਾ ਪ੍ਰੀਖਿਆਵਾਂ ਸ਼ੁਰੂ ਹੋਣ ਵਾਲੀਆਂ ਹਨ, ਪਰ ਸਕੂਲਾਂ ਵਿਚ ਅਧਿਆਪਕਾਂ ਦੀ ਘਾਟ ਕਾਰਨ ਬੱਚਿਆਂ ਦੀ ਤਿਆਰੀ ਨਹੀਂ ਹੋ ਪਾ ਰਹੀ।
ਸਿੱਖਿਆ ਵਿਭਾਗ ਦਾ ਪੱਖ : ਦੂਜੇ ਪਾਸੇ, ਰਾਜ ਵਿੱਦਿਅਕ ਖੋਜ ਅਤੇ ਸਿਖਲਾਈ ਪਰਿਸ਼ਦ ਦੇ ਡਾਇਰੈਕਟਰ ਕਿਰਨ ਸ਼ਰਮਾ ਨੇ ਸਪੱਸ਼ਟ ਕੀਤਾ ਹੈ ਕਿ ਇਹ ਸਿਖਲਾਈ ਸਿਰਫ਼ ਦੋ ਦਿਨਾ ਦੀ ਹੈ ਤੇ ਇਸ ਨੂੰ ਅਕਾਦਮਿਕ ਕੈਲੰਡਰ ਨੂੰ ਧਿਆਨ ਵਿਚ ਰੱਖ ਕੇ ਤਿਆਰ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਜ਼ਿਲ੍ਹਾ ਸਿੱਖਿਆ ਅਫ਼ਸਰਾਂ ਨੂੰ ਸਿਰਫ਼ 50 ਫ਼ੀਸਦੀ ਅਧਿਆਪਕਾਂ ਨੂੰ ਨਾਮਜ਼ਦ ਕਰਨ ਦੀਆਂ ਹਦਾਇਤਾਂ ਦਿੱਤੀਆਂ ਗਈਆਂ ਹਨ ਤਾਂ ਜੋ ਸਕੂਲ ਵਿਚ ਪੜ੍ਹਾਈ ਪ੍ਰਭਾਵਤ ਨਾ ਹੋਵੇ। ਇਸ ਦੇ ਨਾਲ ਹੀ ਵਰਤਮਾਨ ਵਿਚ ਸਿਰਫ਼ ਤਿੰਨ ਜਮਾਤਾਂ ਦੀਆਂ ਪ੍ਰੀ-ਬੋਰਡ ਪ੍ਰੀਖਿਆਵਾਂ ਚੱਲ ਰਹੀਆਂ ਹਨ, ਜਿਸ ਨੂੰ ਮੁੱਖ ਰੱਖਦਿਆਂ ਹੀ ਇਹ ਸ਼ਡਿਊਲ ਬਣਾਇਆ ਗਿਆ ਹੈ। ਇਸ ਦੇ ਨਾਲ ਹੀ ਅਧਿਆਪਕਾਂ 'ਤੇ ਕੋਈ ਵਾਧੂ ਬੋਝ ਨਹੀਂ ਪਾਇਆ ਗਿਆ ਤੇ ਸਾਰੇ ਨਿਰਦੇਸ਼ ਡੂੰਘੀ ਸੋਚ-ਵਿਚਾਰ ਤੋਂ ਬਾਅਦ ਜਾਰੀ ਕੀਤੇ ਗਏ ਹਨ। ਇਸ ਮਾਮਲੇ ਵਿਚ ਮਾਪਿਆਂ ਨੇ ਵੀ ਟਿੱਪਣੀ ਕਰਦਿਆਂ ਕਿਹਾ ਕਿ ਬੱਚਿਆਂ ਦਾ ਭਵਿੱਖ ਸਭ ਤੋਂ ਉੱਪਰ ਹੈ, ਇਸ ਲਈ ਸਰਕਾਰ ਤੇ ਅਧਿਆਪਕਾਂ ਨੂੰ ਮਿਲ ਕੇ ਅਜਿਹਾ ਰਾਹ ਕੱਢਣਾ ਚਾਹੀਦਾ ਹੈ, ਜਿਸ ਨਾਲ ਸਿਖਲਾਈ ਵੀ ਹੋਵੇ ਅਤੇ ਪੜ੍ਹਾਈ ਦਾ ਨੁਕਸਾਨ ਵੀ ਨਾ ਹੋਵੇ।