ਸਫ਼ਾਈ ਕਰਮਚਾਰੀਆਂ ਨੇ ਪਟਿਆਲਾ ਚੌਕ ’ਤੇ ਲਾਏ ਕੂੜੇ ਦੇ ਢੇਰ
ਸਫ਼ਾਈ ਕਰਮਚਾਰੀਆਂ ਨੇ ਪਟਿਆਲਾ ਚੌਕ ’ਤੇ ਲਾਏ ਕੂੜੇ ਦੇ ਢੇਰ, ਸ਼ਹਿਰ ਦੇ ਮੁੱਖ ਇਲਾਕਿਆਂ ਵਿਚ ਗੰਦਗੀ ਕਾਰਨ ਲੋਕ ਪਰੇਸ਼ਾਨ
Publish Date: Mon, 18 May 2026 07:20 PM (IST)
Updated Date: Mon, 18 May 2026 07:21 PM (IST)

- ਸ਼ਹਿਰ ਦੇ ਮੁੱਖ ਇਲਾਕਿਆਂ ’ਚ ਗੰਦਗੀ ਕਾਰਨ ਲੋਕ ਪਰੇਸ਼ਾਨ ਜੇਐੱਸ ਕਲੇਰ, ਪੰਜਾਬੀ ਜਾਗਰਣ ਜ਼ੀਰਕਪੁਰ : ਆਪਣੀਆਂ ਮੰਗਾਂ ਨੂੰ ਲੈ ਕੇ ਪਿਛਲੇ 13 ਦਿਨਾਂ ਤੋਂ ਹੜਤਾਲ ’ਤੇ ਬੈਠੇ ਠੇਕਾ ਆਧਾਰਿਤ ਸਫ਼ਾਈ ਕਰਮਚਾਰੀਆਂ ਨੇ ਸੋਮਵਾਰ ਸਵੇਰੇ ਪਟਿਆਲਾ ਚੌਕ ਵਿਚ ਕੂੜੇ ਦੇ ਢੇਰ ਲਾ ਕੇ ਪੰਜਾਬ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕੀਤੀ। ਇਸ ਮੌਕੇ ਕਰਮਚਾਰੀਆਂ ਨੇ ਦੋਸ਼ ਲਾਇਆ ਕਿ ਸਰਕਾਰ ਉਨ੍ਹਾਂ ਦੀਆਂ ਮੰਗਾਂ ਵੱਲ ਕੋਈ ਧਿਆਨ ਨਹੀਂ ਦੇ ਰਹੀ, ਜਿਸ ਕਾਰਨ ਉਨ੍ਹਾਂ ਨੂੰ ਸੰਘਰਸ਼ ਦਾ ਰਾਹ ਅਪਣਾਉਣਾ ਪੈ ਰਿਹਾ ਹੈ। ਜ਼ਿਕਰਯੋਗ ਹੈ ਕਿ ਸਮੁੱਚੇ ਪੰਜਾਬ ਵਿਚ ਆਊਟਸੋਰਸ ਵਰਕਰ ਯੂਨੀਅਨ ਵੱਲੋਂ 6 ਮਈ ਤੋਂ ਅਣਮਿੱਥੇ ਸਮੇਂ ਲਈ ਹੜਤਾਲ ਕੀਤੀ ਜਾ ਰਹੀ ਹੈ। ਸਰਕਾਰ ਅਤੇ ਯੂਨੀਅਨ ਵਿਚਾਲੇ ਚੱਲ ਰਹੀ ਖਿੱਚੋਤਾਣ ਦਾ ਸਿੱਧਾ ਅਸਰ ਹੁਣ ਜ਼ੀਰਕਪੁਰ ਸ਼ਹਿਰ ਦੀ ਸਫ਼ਾਈ ਪ੍ਰਣਾਲੀ ’ਤੇ ਨਜ਼ਰ ਆ ਰਿਹਾ ਹੈ। ਹੜਤਾਲ ਕਾਰਨ ਸ਼ਹਿਰ ਦੇ ਮੁੱਖ ਚੌਕਾਂ, ਸੜਕਾਂ ਅਤੇ ਰਿਹਾਇਸ਼ੀ ਖੇਤਰਾਂ ਵਿਚ ਕੂੜੇ ਦੇ ਢੇਰ ਲੱਗ ਗਏ ਹਨ। ਕੋਹਿਨੂਰ ਢਾਬਾ ਚੌਕ, ਪਟਿਆਲਾ ਚੌਕ, ਨਗਰ ਕੌਂਸਲ ਸੜਕ, ਵੀਆਈਪੀ ਰੋਡ ਸਮੇਤ ਕਈ ਇਲਾਕਿਆਂ ਵਿਚ ਗੰਦਗੀ ਦੀ ਸਥਿਤੀ ਗੰਭੀਰ ਬਣੀ ਹੋਈ ਹੈ। ਇਸ ਤੋਂ ਇਲਾਵਾ ਸਿੰਘਪੁਰਾ, ਪੀਰਮੁਛੱਲਾ ਅਤੇ ਭਬਾਤ ਸਥਿਤ ਕੂੜਾ ਇਕੱਤਰ ਕੇਂਦਰ ਵੀ ਓਵਰਫਲੋ ਹੋਣ ਕਾਰਨ ਚਿੰਤਾ ਦਾ ਵਿਸ਼ਾ ਬਣੇ ਹੋਏ ਹਨ। ਜਾਣਕਾਰੀ ਅਨੁਸਾਰ ਜ਼ੀਰਕਪੁਰ ਸ਼ਹਿਰ ਵਿਚ ਰੋਜ਼ਾਨਾ ਕਰੀਬ 90 ਟਨ ਕੂੜਾ ਨਿਕਲਦਾ ਹੈ। ਹੜਤਾਲ ਲੰਬੀ ਖਿੱਚਣ ਕਾਰਨ ਕੂੜੇ ਦਾ ਦਬਾਅ ਕਈ ਗੁਣਾ ਵੱਧ ਗਿਆ ਹੈ। ਉੱਥੇ ਹੀ ਪ੍ਰਦਰਸ਼ਨ ਦੌਰਾਨ ਟਰਾਲੀਆਂ ਰਾਹੀਂ ਕੂੜਾ ਲਿਆ ਕੇ ਜਨਤਕ ਥਾਵਾਂ ’ਤੇ ਸੁੱਟੇ ਜਾਣ ਨਾਲ ਸਮੱਸਿਆ ਹੋਰ ਵੀ ਗੰਭੀਰ ਹੋ ਗਈ ਹੈ। ਡੋਰ-ਟੂ-ਡੋਰ ਕੂੜਾ ਇਕੱਠਾ ਕਰਨ ਦੀ ਸੇਵਾ ਪੂਰੀ ਤਰ੍ਹਾਂ ਪ੍ਰਭਾਵਿਤ ਹੋਣ ਕਾਰਨ ਲੋਕਾਂ ਦੇ ਘਰਾਂ ਅਤੇ ਕਾਲੋਨੀਆਂ ਵਿਚ ਵੀ ਕੂੜਾ ਇਕੱਠਾ ਹੋਣਾ ਸ਼ੁਰੂ ਹੋ ਗਿਆ ਹੈ। ਮੁੱਖ ਸੜਕਾਂ ’ਤੇ ਫੈਲੀ ਗੰਦਗੀ ਕਾਰਨ ਆਵਾਜਾਈ ਕਰਨ ਵਾਲੇ ਲੋਕਾਂ ਨੂੰ ਵੀ ਕਾਫ਼ੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।