ਆਟੋ ਰਾਹੀਂ ਰੇਲਵੇ ਸਟੇਸ਼ਨ ਗਏ ਸੀ ਲੁਟੇਰੇ; ਪੰਜਾਬ ਦੇ ਸਾਬਕਾ AAG ਦੀ ਪਤਨੀ ਦੇ ਕਤਲ ਤੇ ਲੁੱਟ ਦੀ ਜਾਂਚ 'ਚ ਨਵਾਂ ਮੋੜ
ਰੇਲਵੇ ਸਟੇਸ਼ਨ ਪਹੁੰਚ ਕੇ ਲੁਟੇਰਿਆਂ ਨੇ ਕਿਤੇ ਜਾਣ ਲਈ ਟਿਕਟਾਂ ਲਈਆਂ। ਹੁਣ ਪੁਲਿਸ ਰੇਲਵੇ ਸਟੇਸ਼ਨ 'ਤੇ ਲੱਗੇ ਸੀਸੀਟੀਵੀ ਕੈਮਰਿਆਂ ਦੀ ਜਾਂਚ ਕਰ ਰਹੀ ਹੈ ਤਾਂ ਜੋ ਇਹ ਪਤਾ ਲਗਾਇਆ ਜਾ ਸਕੇ ਕਿ ਲੁਟੇਰੇ ਟ੍ਰੇਨ ਵਿੱਚ ਸਵਾਰ ਹੋ ਕੇ ਕਿੱਥੇ ਗਏ।
Publish Date: Fri, 02 Jan 2026 02:40 PM (IST)
Updated Date: Fri, 02 Jan 2026 02:57 PM (IST)
ਜਾਗਰਣ ਸੰਵਾਦਦਾਤਾ, ਮੁਹਾਲੀ : ਪੰਜਾਬ ਦੇ ਸਾਬਕਾ ਵਧੀਕ ਐਡਵੋਕੇਟ ਜਨਰਲ (AAG) ਕੇ.ਕੇ. ਗੋਇਲ ਦੀ ਪਤਨੀ ਦਾ ਗਲਾ ਘੁੱਟ ਕੇ ਕਤਲ ਕਰਨ ਅਤੇ ਘਰ ਵਿਚ ਲੁੱਟ ਦੀ ਵਾਰਦਾਤ ਦੀ ਜਾਂਚ ਵਿਚ ਨਵਾਂ ਮੋੜ ਆਇਆ ਹੈ। ਸੀਸੀਟੀਵੀ (CCTV) ਕੈਮਰਿਆਂ ਦੀ ਫੁਟੇਜ ਦੀ ਜਾਂਚ ਤੋਂ ਪੁਲਿਸ ਨੂੰ ਪਤਾ ਲੱਗਾ ਹੈ ਕਿ ਵਾਰਦਾਤ ਤੋਂ ਬਾਅਦ ਲੁਟੇਰੇ ਆਟੋ 'ਚ ਸਵਾਰ ਹੋ ਕੇ ਚੰਡੀਗੜ੍ਹ ਰੇਲਵੇ ਸਟੇਸ਼ਨ ਪਹੁੰਚੇ ਸਨ।
ਰੇਲਵੇ ਸਟੇਸ਼ਨ ਪਹੁੰਚ ਕੇ ਲੁਟੇਰਿਆਂ ਨੇ ਕਿਤੇ ਜਾਣ ਲਈ ਟਿਕਟਾਂ ਲਈਆਂ। ਹੁਣ ਪੁਲਿਸ ਰੇਲਵੇ ਸਟੇਸ਼ਨ 'ਤੇ ਲੱਗੇ ਸੀਸੀਟੀਵੀ ਕੈਮਰਿਆਂ ਦੀ ਜਾਂਚ ਕਰ ਰਹੀ ਹੈ ਤਾਂ ਜੋ ਇਹ ਪਤਾ ਲਗਾਇਆ ਜਾ ਸਕੇ ਕਿ ਲੁਟੇਰੇ ਟ੍ਰੇਨ ਵਿੱਚ ਸਵਾਰ ਹੋ ਕੇ ਕਿੱਥੇ ਗਏ।
ਉਧਰ, ਪੁਲਿਸ ਨੂੰ ਸ਼ੱਕ ਹੈ ਕਿ ਵਾਰਦਾਤ ਵੇਲੇ ਘਰ ਵਿੱਚ ਮੌਜੂਦ ਨੌਕਰ ਦੀ ਭੂਮਿਕਾ ਸ਼ੱਕੀ ਹੈ। ਅਧਿਕਾਰੀਆਂ ਅਨੁਸਾਰ, ਨੌਕਰ ਨੇ ਜਾਂਚ ਦੌਰਾਨ ਵਾਰ-ਵਾਰ ਆਪਣੇ ਬਿਆਨ ਬਦਲੇ ਹਨ, ਜਿਸ ਕਾਰਨ ਪੁਲਿਸ ਦਾ ਸ਼ੱਕ ਉਸ 'ਤੇ ਹੋਰ ਡੂੰਘਾ ਹੋ ਗਿਆ ਹੈ।
40 ਤੋਲੇ ਸੋਨਾ ਅਤੇ 8.5 ਲੱਖ ਰੁਪਏ ਲੈ ਕੇ ਹੋਏ ਸਨ ਫ਼ਰਾਰ
ਬੀਤੇ ਸੋਮਵਾਰ ਰਾਤ ਨੂੰ ਦੋ ਲੁਟੇਰਿਆਂ ਨੇ ਫੇਜ਼-5 ਵਿੱਚ ਕੇਕੇ ਗੋਇਲ ਦੇ ਘਰ ਦਾਖਲ ਹੋ ਕੇ ਉਨ੍ਹਾਂ ਦੀ ਪਤਨੀ ਅਸ਼ੋਕ ਗੋਇਲ ਦਾ ਗਲ਼ਾ ਘੁੱਟ ਕੇ ਕਤਲ ਕਰ ਦਿੱਤਾ ਸੀ। ਲੁਟੇਰੇ ਘਰੋਂ ਕਰੀਬ 40 ਤੋਲੇ ਸੋਨੇ ਦੇ ਗਹਿਣੇ ਅਤੇ 8.5 ਲੱਖ ਰੁਪਏ ਦੀ ਨਕਦੀ ਲੈ ਕੇ ਫ਼ਰਾਰ ਹੋ ਗਏ ਸਨ। ਸਵੇਰੇ ਜਦੋਂ ਨੌਕਰਾਨੀ ਘਰ ਪਹੁੰਚੀ ਤਾਂ ਉਸਨੇ ਦੇਖਿਆ ਕਿ ਅਸ਼ੋਕ ਗੋਇਲ ਕਮਰੇ ਵਿੱਚ ਬੇਹੋਸ਼ ਪਈ ਸੀ ਅਤੇ 25 ਸਾਲਾ ਨੌਕਰ ਨੀਰਜ ਦੇ ਹੱਥ-ਪੈਰ ਬੰਨ੍ਹੇ ਹੋਏ ਸਨ।